ਵਿਰੋਧੀ ਧਿਰਾਂ ਨੇ ਭਾਜਪਾ ‘ਤੇ ਤਿਰੰਗੇ ਦਾ ਅਪਮਾਨ ਕਰਨ ਦਾ ਆਰੋਪ ਲਾਉਂਦਿਆਂ ਜਵਾਬ ਮੰਗਿਆ
ਲਖਨਊ : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਮ੍ਰਿਤਕ ਦੇਹ ‘ਤੇ ਚੜ੍ਹਾਏ ਗਏ ਕੌਮੀ ਝੰਡੇ ਦੇ ਉੱਪਰ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੜ੍ਹਾਏ ਜਾਣ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਸਿਆਸੀ ਵਿਵਾਦ ਭਖ ਗਿਆ ਹੈ। ਇਹ ਤਸਵੀਰ ਭਾਜਪਾ ਵੱਲੋਂ ਟਵੀਟ ਕੀਤੀ ਗਈ ਹੈ ਜਿਸ ‘ਚ ਕਲਿਆਣ ਸਿੰਘ ਦੀ ਦੇਹ ਤਿਰੰਗੇ ਝੰਡੇ ਨਾਲ ਲਿਪਟੀ ਦਿਖਾਈ ਦੇ ਰਹੀ ਹੈ ਪਰ ਤਿਰੰਗੇ ਦਾ ਅੱਧਾ ਹਿੱਸਾ ਭਾਜਪਾ ਦੇ ਪਾਰਟੀ ਝੰਡੇ ਨਾਲ ਢਕਿਆ ਹੋਇਆ ਹੈ। ਇਹ ਝੰਡਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਤੇ ਯੂਪੀ ਭਾਜਪਾ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਚੜ੍ਹਾਇਆ ਸੀ। ਸਮਾਜਵਾਦੀ ਪਾਰਟੀ ਦੇ ਬੁਲਾਰੇ ਘਣਸ਼ਿਆਮ ਤਿਵਾੜੀ ਨੇ ਇਸ ਮੁੱਦੇ ‘ਤੇ ਭਾਜਪਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ‘ਪਾਰਟੀ ਦੇਸ਼ ਤੋਂ ਉੱਪਰ। ਪਾਰਟੀ ਦਾ ਝੰਡਾ ਤਿਰੰਗੇ ਤੋਂ ਉੱਪਰ। ਹਮੇਸ਼ਾ ਦੀ ਤਰ੍ਹਾਂ ਭਾਜਪਾ ਨੂੰ ਨਾ ਕੋਈ ਪਛਤਾਵਾ, ਨਾ ਦੁੱਖ।’ ਯੂਥ ਕਾਂਗਰਸ ਦੇ ਮੁਖੀ ਸ੍ਰੀਨਿਵਾਸ ਬੀਵੀ ਨੇ ਟਵੀਟ ਕੀਤਾ, ‘ਨਵੇਂ ਭਾਰਤ ‘ਚ ਪਾਰਟੀ ਦਾ ਝੰਡਾ ਭਾਰਤ ਦੇ ਕੌਮੀ ਝੰਡੇ ਤੋਂ ਉੱਪਰ ਹੋਣਾ ਠੀਕ ਹੈ?’ ਯੂਥ ਕਾਂਗਰਸ ਦੇ ਅਧਿਕਾਰਤ ਹੈਂਡਲ ‘ਤੇ ਲਿਖਿਆ, ‘ਤਿਰੰਗੇ ਦੇ ਉੱਪਰ ਭਾਜਪਾ ਦਾ ਝੰਡਾ! ਆਪੂੰ ਬਣੇ ਦੇਸ਼ ਭਗਤ ਤਿਰੰਗੇ ਦਾ ਸਨਮਾਨ ਕਰ ਰਹੇ ਹਨ ਜਾਂ ਅਪਮਾਨ?’ ਸੀਨੀਅਰ ਕਾਂਗਰਸ ਆਗੂ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਟਵੀਟ ਕੀਤਾ, ‘ਜੇਕਰ ਰਾਸ਼ਟਰੀ ਗੀਤ ਸਮੇਂ ਮੇਰੇ ਵੱਲੋਂ ਆਪਣੇ ਦਿਲ ‘ਤੇ ਹੱਥ ਰੱਖਣ ‘ਤੇ ਕੋਈ ਵਿਅਕਤੀ ਚਾਰ ਸਾਲ ਅਦਾਲਤ ‘ਚ ਕੇਸ ਲੜ ਸਕਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਦੇਸ਼ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਹਾਕਮ ਧਿਰ ਹੁਣ ਇਸ ਅਪਮਾਨ ‘ਤੇ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ।’ ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਮਗਰੋਂ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਕੌਮੀ ਝੰਡੇ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।