ਮੱਧ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼
ਭੁਪਾਲ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੱਧ ਪ੍ਰਦੇਸ਼ ਵਿੱਚ ਮੰਗਲਵਾਰ ਨੂੰ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਦਿਆਂ ਨਰਿੰਦਰ ਮੋਦੀ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਨੂੰ ਇਕ ‘ਸਿੱਖਿਅਤ’ ਪ੍ਰਧਾਨ ਮੰਤਰੀ ਦੀ ਲੋੜ ਹੈ।
ਇਥੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਵਾਅਦਾ ਕੀਤਾ ਕਿ ਜੇਕਰ ਮੱਧ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਸੂਬਾ ਵਾਸੀਆਂ ਨੂੰ ਮੁਫਤ ਬਿਜਲੀ, ਸਿੱਖਿਆ ਅਤੇ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ ਇਸ ਸਾਲ ਦੇ ਅੰਤ ਤਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਨਤਕ ਮੀਟਿੰਗ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੱਧ ਪ੍ਰਦੇਸ਼ ਵਾਸੀਆਂ ਨੇ ਕਾਂਗਰਸ ਤੇ ਭਾਜਪਾ ਨੂੰ ਕਈ ਮੌਕੇ ਦਿੱਤੇ ਹਨ ਤੇ ਦੋਹਾਂ ਪਾਰਟੀਆਂ ਨੇ ਸੂਬੇ ਵਿੱਚ ਕ੍ਰਮਵਾਰ 45 ਤੇ 30 ਸਾਲ ਰਾਜ ਕੀਤਾ ਹੈ। ਸੂਬਾ ਵਾਸੀ ਹੁਣ ‘ਆਪ’ ਨੂੰ ਮੌਕਾ ਦੇਣ ਅਤੇ ਦਿੱਲੀ ਤੇ ਪੰਜਾਬ ਵਾਂਗ ਮੱਧ ਪ੍ਰਦੇਸ਼ ਵਿੱਚ ਵੀ ਮੁਫਤ ਬਿਜਲੀ, ਸਿੱਖਿਆ ਅਤੇ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ‘ਆਪ’ ਸਰਕਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰੇਗੀ ਅਤੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰੇਗੀ। ਉਨ੍ਹਾਂ ਨੇ ਪਾਰਟੀ ਆਗੂ ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆਂ ਨੂੰ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਬਾਰੇ ਟਿੱਪਣੀ ਕੀਤੀ, ‘ਜਿਸ ਦਿਨ ਤੋਂ ਪ੍ਰਧਾਨ ਮੰਤਰੀ ਨੇ ਮਨੀਸ਼ ਸਿਸੋਦੀਆ ਨੂੰ ਜੇਲ੍ਹ ਭੇਜਿਆ ਹੈ, ਉਸੇ ਦਿਨ ਤੋਂ ਮੈਨੂੰ ਮਹਿਸੂਸ ਹੋ ਰਿਹਾ ਕਿ ਦੇਸ਼ ਨੂੰ ਇਕ ਸਿੱਖਿਅਤ ਪ੍ਰਧਾਨ ਮੰਤਰੀ ਦੀ ਲੋੜ ਹੈ ਜੋ ਸਿੱਖਿਆ ਦੇ ਮਹੱਤਵ ਨੂੰ ਸਮਝ ਸਕੇ।’ ਕਰੋਨਾਕਾਲ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਹਤ ਕਾਮਿਆਂ ਦੇ ਹੌਸਲੇ ਵਧਾਉਣ ਲਈ ਦੇਸ਼ ਵਾਸੀਆਂ ਨੂੰ ਥਾਲੀਆਂ ਖੜਕਾਉਣ ਦੀ ਅਪੀਲ ਕੀਤੀ ਸੀ। ਕੇਜਰੀਵਾਲ ਨੇ ਇਸ ਮੁੱਦੇ ‘ਤੇ ਵੀ ਨਰਿੰਦਰ ਮੋਦੀ ਦੀ ਘੇਰਦਿਆਂ ਕਿਹਾ ਕਿ ਕਿਸੇ ਨੇ ਆ ਕੇ ਮੋਦੀ ਨੂੰ ਸਲਾਹ ਦਿੱਤੀ ਕਿ ਕਰੋਨਾ ਦੇ ਖਾਤਮੇ ਲਈ ਦੇਸ਼ ਵਾਸੀਆਂ ਨੂੰ ਥਾਲੀਆਂ ਖੜਕਾਉਣ ਲਈ ਕਿਹਾ ਜਾਵੇ। ਕੇਜਰੀਵਾਲ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੀ ਇਸ ਅਪੀਲ ਦੇ ਬਾਵਜੂਦ ਕੀ ਦੇਸ਼ ਵਿੱਚ ਉਸ ਵੇਲੇ ਕਰੋਨਾ ਖਤਮ ਹੋ ਗਿਆ ਸੀ? ਉਨ੍ਹਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਦੇਸ਼ ਨੂੰ ਇਕ ਸਿੱਖਿਅਤ ਪ੍ਰਧਾਨ ਮੰਤਰੀ ਮਿਲੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਵਿੱਚ ਇਕ ਸਾਲ ਦੇ ਅਰਸੇ ਵਿੱਚ 500 ਮੁਹੱਲਾ ਕਲੀਨਿਕ ਖੋਲ੍ਹੇ ਹਨ ਤੇ ਲੋਕਾਂ ਨੂੰ ਮੁਫਤ ਸਿਹਤ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਸੋਦੀਆਂ ਨੂੰ ਇਸ ਗਲੋਂ ਜੇਲ੍ਹ ਭੇਜਿਆ ਗਿਆ ਹੈ ਕਿ ਉਹ ਬੱਚਿਆਂ ਨੂੰ ਵਧੀਆ ਸਕੂਲ ਮੁਹੱਈਆ ਕਰਵਾ ਕੇ ਸਿੱਖਿਅਤ ਕਰਨਾ ਚਾਹੁੰਦੇ ਸਨ ਤੇ ਜੋ ਭਾਜਪਾ ਨੂੰ ਰਾਸ ਨਹੀਂ ਆ ਰਿਹਾ।