Breaking News
Home / ਭਾਰਤ / ਕੇਂਦਰ ਸਰਕਾਰ ਗਰੀਬਾਂ ਨੂੰ ਸਮਰਪਿਤ : ਨਰਿੰਦਰ ਮੋਦੀ

ਕੇਂਦਰ ਸਰਕਾਰ ਗਰੀਬਾਂ ਨੂੰ ਸਮਰਪਿਤ : ਨਰਿੰਦਰ ਮੋਦੀ

ਪੀਐੱਮ-ਜਨਮਨ ਤਹਿਤ ਇਕ ਲੱਖ ਲਾਭਪਾਤਰੀਆਂ ਨੂੰ 540 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਉਦੋਂ ਹੀ ਵਿਕਾਸ ਕਰ ਸਕਦਾ ਹੈ ਜਦੋਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਸਾਰਿਆਂ ਤੱਕ ਪਹੁੰਚੇ ਅਤੇ ਮੋਦੀ ਦੀ ਗਾਰੰਟੀ ਹੈ ਕਿ ਦੂਰ-ਦਰਾਜ ਦੇ ਖੇਤਰਾਂ ‘ਚ ਰਹਿਣ ਵਾਲੇ ਲੋਕਾਂ ਨੂੰ ਵੀ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇਗਾ। ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਏ ਮਹਾ ਅਭਿਆਨ (ਪੀਐੱਨ-ਜਨਮਨ) ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ (ਦਿਹਾਤੀ) ਦੇ ਇੱਕ ਲੱਖ ਲਾਭਪਾਤਰੀਆਂ ਨੂੰ 540 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਨ ਮਗਰੋਂ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ 10 ਸਾਲ ਗਰੀਬਾਂ ਨੂੰ ਸਮਰਪਿਤ ਰਹੇ ਹਨ।
ਮਾਤਾ ਸ਼ਬਰੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਜਦੋਂ ਉਨ੍ਹਾਂ 22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਮੰਦਰ ‘ਚ ਮੂਰਤੀ ਸਥਾਪਨਾ ਸਮਾਗਮ ਤੱਕ ਇੱਕ ਵਿਸ਼ੇਸ਼ ਅਨੁਸ਼ਠਾਨ ਕਰਨਾ ਹੈ ਤਾਂ ਸ਼ਬਰੀ ਨੂੰ ਯਾਦ ਕਰਨਾ ਉਨ੍ਹਾਂ ਲਈ ਸੁਭਾਵਿਕ ਹੈ। ਉਨ੍ਹਾਂ ਕਿਹਾ, ‘ਸ੍ਰੀ ਰਾਮ ਦੀ ਕਹਾਣੀ ਮਾਤਾ ਸ਼ਬਰੀ ਤੋਂ ਬਿਨਾਂ ਸੰਭਵ ਨਹੀਂ ਹੈ।’ ਉਨ੍ਹਾਂ ਕਿਹਾ ਕਿ ਰਾਜਕੁਮਾਰ ਰਾਮ ਨੂੰ ਮਰਿਆਦਾ ਪੁਰਸ਼ੋਤਮ ਰਾਮ ‘ਚ ਤਬਦੀਲ ਕਰਨ ‘ਚ ਸ਼ਬਰੀ ਦੀ ਵੱਡੀ ਭੂਮਿਕਾ ਸੀ। ਉਨ੍ਹਾਂ ਕਿਹਾ, ‘ਤ੍ਰੇਤਾ ‘ਚ ਰਾਜਾ ਰਾਮ ਦੀ ਕਥਾ ਹੋਵੇ ਜਾਂ ਅੱਜ ਦੀ ਰਾਜ-ਕਥਾ, ਉਹ ਗਰੀਬਾਂ, ਵਾਂਝਿਆਂ, ਕਬਾਇਲੀ ਭੈਣ-ਭਰਾਵਾਂ ਦੀ ਭਲਾਈ ਤੋਂ ਬਿਨਾਂ ਸੰਭਵ ਹੀ ਨਹੀਂ ਹੈ।’ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਗਰੀਬਾਂ ਲਈ ਚਾਰ ਕਰੋੜ ਤੋਂ ਵਧ ਪੱਕੇ ਘਰ ਉਸਾਰੇ ਗਏ ਹਨ। ਉਨ੍ਹਾਂ ਕਿਹਾ, ‘ਮੋਦੀ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਜਿਨ੍ਹਾਂ ਦੀ ਕਦੀ ਪ੍ਰਵਾਹ ਵੀ ਨਹੀਂ ਕੀਤੀ ਗਈ।’ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਅੰਦਰ ਅਨੁਸੂਚਿਤ ਕਬੀਲਿਆਂ ਲਈ ਭਲਾਈ ਸਕੀਮਾਂ ਵਾਸਤੇ ਬਜਟ ਪੰਜ ਗੁਣਾਂ ਵਧਾਇਆ ਗਿਆ ਹੈ ਅਤੇ ਕਬਾਇਲੀ ਵਿਦਿਆਰਥੀਆਂ ਲਈ ਵਜ਼ੀਫੇ ਢਾਈ ਗੁਣਾ ਵਧਾਏ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 500 ਤੋਂ ਵਧ ਏਲੱਵਿਆ ਮਾਡਲ ਸਕੂਲਾਂ ਦੀ ਉਸਾਰੀ ਚੱਲ ਰਹੀ ਹੈ ਜਦਕਿ ਪਹਿਲਾਂ ਇਨ੍ਹਾਂ ਦੀ ਗਿਣਤੀ ਸਿਰਫ਼ 90 ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਬਾਇਲੀ ਅਬਾਦੀ ਵਿਚਾਲੇ ਅਤਿ ਪੱਛੜੇ ਵਰਗ ਦੇ ਲੋਕਾਂ ਤੱਕ ਹਰ ਯੋਜਨਾ ਦਾ ਲਾਭ ਪਹੁੰਚਾਉਣ ਲਈ ਪੂਰੀ ਤਾਕਤ ਲਗਾ ਰਹੀ ਹੈ। ਮੋਦੀ ਨੇ ਪੀਐੱਮ-ਜਨਮਨ ਯੋਜਨਾ ਸ਼ੁਰੂ ਕਰਨ ਦਾ ਸਿਹਰਾ ਭਾਰਤ ਦੀ ਪਹਿਲੀ ਕਬਾਇਲੀ ਮਹਿਲਾ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਅਗਵਾਈ ਨੂੰ ਦਿੰਦਿਆਂ ਕਿਹਾ ਕਿ ਉਹ ਖੁਦ ਕਬਾਇਲੀ ਪਿਛੋਕੜ ਤੋਂ ਹਨ ਅਤੇ ਇਸ ਲਈ ਉਨ੍ਹਾਂ ਨਾਲ ਜਦੋਂ ਵੀ ਗੱਲਬਾਤ ਹੁੰਦੀ ਹੈ ਤਾਂ ਉਹ ਕਬਾਇਲੀ ਸਮਾਜ ਦੇ ਮਸਲਿਆਂ ਬਾਰੇ ਗੱਲ ਕਰਦੇ ਹਨ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …