ਸਿਵਲ ਏਵੀਏਸ਼ਨ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਇਸ ਘਟਨਾ ਦਾ ਲਿਆ ਗੰਭੀਰ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਹਵਾਈ ਅੱਡੇ ‘ਤੇ ਉਡਾਣ ਵਿਚ ਦੇਰ ਹੋਣ ਦਾ ਐਲਾਨ ਕਰ ਰਹੇ ਇੰਡੀਗੋ ਦੇ ਪਾਇਲਟ ‘ਤੇ ਯਾਤਰੀ ਨੇ ਹਮਲਾ ਕਰ ਦਿੱਤਾ।
ਐਤਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੀ ਦੀ ਕਥਿਤ ਵੀਡੀਓ ਸ਼ੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ। ਇਹ ਯਾਤਰੀ ਉਡਾਨ ਵਿਚ 13 ਘੰਟੇ ਦੀ ਹੋ ਰਹੀ ਦੇਰੀ ਤੋਂ ਨਰਾਜ਼ ਸੀ ਅਤੇ ਇਹ ਘਟਨਾ ਦਿੱਲੀ ਤੋਂ ਗੋਆ ਜਾਣ ਵਾਲੀ ਇੰਡੀਗੋ ਦੀ ਫਲਾਈਟ ਦੀ ਹੈ। ਇਸ ਫਲਾਈਟ ਨੇ ਸਵੇਰੇ 7 ਵੱਜ ਕੇ 40 ਮਿੰਟ ‘ਤੇ ਉਡਾਨ ਭਰਨੀ ਸੀ, ਜੋ ਧੁੰਦ ਦੇ ਕਾਰਨ ਲੇਟ ਹੋਈ ਸੀ। ਇਸ ਘਟਨਾ ਦਾ ਫਲਾਈਟ ਵਿਚ ਮੌਜੂਦ ਵਿਅਕਤੀਆਂ ਨੇ ਵੀ ਵਿਰੋਧ ਕੀਤਾ। ਇੰਡੀਗੋ ਨੇ ਉਸ ਯਾਤਰੀ ਦੇ ਖਿਲਾਫ ਐਫ.ਆਈ.ਆਰ. ਦਰਜ ਕਰਵਾ ਦਿੱਤੀ ਹੈ।
ਇਸਦੇ ਚੱਲਦਿਆਂ ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਉਸ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਸਿਵਲ ਏਵੀਏਸ਼ਨ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਇਸ ਘਟਨਾ ਦਾ ਗੰਭੀਰਤਾ ਨਾਲ ਨੋਟਿਸ ਲਿਆ ਅਤੇ ਕਿਹਾ ਕਿ ਕਿਸੇ ਵੀ ਯਾਤਰੀ ਦਾ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿਚ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਯਾਤਰੀ ਦਾ ਅਜਿਹਾ ਵਤੀਰਾ ਸਵੀਕਾਰਨਯੋਗ ਨਹੀਂ: ਸਿੰਧੀਆ
ਨਵੀਂ ਦਿੱਲੀ: ਉਡਾਣ ‘ਚ ਦੇਰੀ ਨੂੰ ਲੈ ਕੇ ਯਾਤਰੀ ਵੱਲੋਂ ਇੰਡੀਗੋ ਦੇ ਪਾਇਲਟ ‘ਤੇ ਕੀਤੇ ਹਮਲੇ ਦਰਮਿਆਨ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਯਾਤਰੀਆਂ ਦੇ ਅਜਿਹੇ ਕਿਸੇ ਵਰਤਾਰੇ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਸਿੰਧੀਆ ਨੇ ਐਕਸ ‘ਤੇ ਇਕ ਪੋਸਟ ਵਿੱਚ ਕਿਹਾ ਕਿ ਧੁੰਦ ਕਰਕੇ ਉਡਾਣਾਂ ਵਿਚ ਦੇਰੀ ਦੇ ਮਸਲੇ ਨਾਲ ਨਜਿੱਠਣ ਲਈ ਸਾਰੇ ਸਬੰਧਤ ਭਾਈਵਾਲ ਦਿਨ ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ”ਯਾਤਰੀਆਂ ਵੱਲੋਂ ਜਹਾਜ਼ ਵਿੱਚ ਖੌਰੂ ਪਾਉਣ ਦੀਆਂ ਘਟਨਾਵਾਂ ਸਵੀਕਾਰਯੋਗ ਨਹੀਂ ਹਨ ਤੇ ਮੌਜੂਦਾ ਕਾਨੂੰਨੀ ਵਿਵਸਥਾਵਾਂ ਮੁਤਾਬਕ ਇਨ੍ਹਾਂ ਨਾਲ ਸਖ਼ਤੀ ਨਾਲ ਸਿੱਝਿਆ ਜਾਵੇਗਾ। ਸਿੰਧੀਆ ਮੁਤਾਬਕ ਖਰਾਬ ਮੌਸਮ ਕਰਕੇ ਉਡਾਣ ਰੱਦ ਹੋਣ ਜਾਂ ਫਿਰ ਦੇਰੀ ਕਰਕੇ ਯਾਤਰੀਆਂ ਨੂੰ ਹੋਣ ਵਾਲੀ ਖੱਜਲ-ਖੁਆਰੀ ਨੂੰ ਘਟਾਉਣ ਲਈ ਬਿਹਤਰ ਕਮਿਊਨੀਕੇਸ਼ਨ ਲਈ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਵੱਲੋਂ ਏਅਰਲਾਈਨਜ਼ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ।