ਰਾਜਨਾਥ ਸਿੰਘ ਨੇ ਫੌਜੀ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਸਲ ਕੰਟਰੋਲ ਰੇਖਾ ‘ਤੇ ਭਾਰਤ ਤੇ ਚੀਨ ਵਿਚਾਲੇ ਜਾਰੀ ਤਲਖੀ ਦਰਮਿਆਨ ਹਥਿਆਰਬੰਦ ਫੌਜਾਂ ਨੂੰ ਚੀਨ ਦੀ ਕਿਸੇ ਵੀ ਹਿਮਾਕਤ/ਹਮਲਾਵਰ ਰੁਖ਼ ਦਾ ਮੂੰਹ-ਤੋੜ ਜਵਾਬ ਦੇਣ ਦੀ ‘ਪੂਰੀ ਖੁੱਲ੍ਹ’ ਦੇ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਨੇ ਇਹ ਦਾਅਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸਿਖਰਲੇ ਫੌਜੀ ਅਧਿਕਾਰੀਆਂ ਨਾਲ ਹੋਈ ਮੀਟਿੰਗ ਮਗਰੋਂ ਕੀਤਾ ਹੈ। ਸੂਤਰਾਂ ਮੁਤਾਬਕ ਥਲ ਸੈਨਾ ਦੇ ਜ਼ਮੀਨੀ ਕਮਾਂਡਰਾਂ ਨੂੰ ਦਹਾਕਿਆਂ ਪੁਰਾਣੀ ਰਵਾਇਤ ਤੋਂ ਮੁਕਤ ਕਰਦਿਆਂ ਨਿਵੇਕਲੇ ਹਾਲਾਤ ਵਿੱਚ ਹਥਿਆਰਾਂ ਦੀ ਵਰਤੋਂ ਕਰਨ ਲਈ ਆਖ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਤਿੰਨਾਂ ਸੈਨਾਵਾਂ ਨੂੰ 500 ਕਰੋੜ ਰੁਪਏ ਤੱਕ ਦੇ ਹਥਿਆਰਾਂ ਤੇ ਗੋਲੀਸਿੱਕੇ ਦੀ ਖਰੀਦ ਨਾਲ ਸਬੰਧਤ ਪ੍ਰਾਜੈਕਟਾਂ ਲਈ ਵਧੀਕ ਵਿੱਤੀ ਤਾਕਤਾਂ ਦੇ ਦਿੱਤੀਆਂ ਹਨ। ਮੀਟਿੰਗ ਵਿੱਚ ਪੂਰਬੀ ਲੱਦਾਖ ਸਮੇਤ ਅਰੁਣਾਚਲ ਪ੍ਰਦੇਸ਼, ਸਿੱਕਿਮ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਐੱਲਏਸੀ ਨਾਲ ਲਗਦੇ ਨਾਜ਼ੁਕ ਖੇਤਰਾਂ ਵਿੱਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਥਲ ਸੈਨਾ ਮੁਖੀ ਜਨਰਲ ਐੱਮ.ਐੱਮ.ਨਰਵਾਣੇ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਤੇ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ.ਭਦੌਰੀਆ ਮੌਜੂਦ ਸਨ। ਰੱਖਿਆ ਮੰਤਰੀ ਨੇ ਪੂਰਬੀ ਲੱਦਾਖ ਦੇ ਮੌਜੂਦਾ ਹਾਲਾਤ ‘ਤੇ ਨਜ਼ਰਸਾਨੀ ਕੀਤੀ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 15 ਜੂਨ ਨੂੰ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ, ਜਿਸ ਵਿੱਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ, ਮਗਰੋਂ ਭਾਰਤ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਮੂਹਰਲੀਆਂ ਚੌਕੀਆਂ ‘ਤੇ ਭਾਰਤੀ ਫੌਜ ਦੀ ਵਧੀਕ ਨਫ਼ਰੀ ਵਧਾਉਣ ਦੇ ਨਾਲ ਅਹਿਮ ਫੌਜੀ ਅੱਡਿਆਂ ‘ਤੇ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਫੌਜੀ ਸੂਤਰਾਂ ਨੇ ਕਿਹਾ ਕਿ ਗਲਵਾਨ ਘਾਟੀ ਵਿਚ ਹੋਏ ਹਿੰਸਕ ਟਕਰਾਅ ਮਗਰੋਂ ਭਾਰਤੀ ਫੌਜਾਂ ਕਿਸੇ ਵੀ ਝੜੱਪ ਦੌਰਾਨ ਹਥਿਆਰਾਂ ਦੀ ਵਰਤੋਂ ਨਾ ਕਰਨ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਦਸਤੂਰ ਨੂੰ ਹੁਣ ਮੰਨਣ ਲਈ ਪਾਬੰਦ ਨਹੀਂ ਹੋਣਗੀਆਂ। ਗੌਰਤਲਬ ਹੈ ਕਿ ਭਾਰਤ ਤੇ ਚੀਨ ਦਰਮਿਆਨ ਸਾਲ 1996 ਤੇ 2005 ਵਿੱਚ ਸਹੀਬੰਦ ਸਰਹੱਦੀ ਪ੍ਰਬੰਧਨ ਕਰਾਰਾਂ ਮੁਤਾਬਕ ਦੋਵਾਂ ਮੁਲਕਾਂ ਦੀਆਂ ਫੌਜਾਂ ਨੇ ਸਰਹੱਦ ‘ਤੇ ਤਲਖੀ ਮੌਕੇ ਕਿਸੇ ਕਿਸਮ ਦਾ ਹਥਿਆਰ ਨਾ ਵਰਤਣ ਦੀ ਸਹਿਮਤੀ ਬਣਾਈ ਸੀ। ਸੂਤਰਾਂ ਮੁਤਾਬਕ ਹਥਿਆਰਬੰਦ ਬਲਾਂ ਨੂੰ ਚੀਨ ਦੀ ਕਿਸੇ ਵੀ ਹਿਮਾਕਤ ਦਾ ਮੂੰਹ ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਰਹਿਣ ਲਈ ਆਖਿਆ ਗਿਆ ਹੈ। ਸਲਾਮਤੀ ਦਸਤਿਆਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਸਰਹੱਦ ਦੀ ਰਾਖੀ ਲਈ ‘ਸਖ਼ਤ’ ਪਹੁੰਚ ਅਪਣਾਉਣ। 15 ਜੂਨ ਦੀ ਰਾਤ ਨੂੰ ਹੋਏ ਹਿੰਸਕ ਟਕਰਾਅ ਵਿੱਚ ਭਾਰਤ ਦੇ 76 ਫੌਜੀ ਜ਼ਖ਼ਮੀ ਹੋਏ ਸਨ ਜਦੋਂਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਅਜੇ ਤਕ ਜਾਨੀ ਮਾਲੀ ਨੁਕਸਾਨ ਬਾਰੇ ਕੋਈ ਸੂਹ ਨਹੀਂ ਕੱਢੀ। ਇਕ ਸਿਖਰਲੇ ਫੌਜੀ ਅਧਿਕਾਰੀ ਨੇ ਆਪਣੀ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ‘ਤੇ ਕਿਹਾ, ‘ਇਸ ਮਗਰੋਂ ਸਾਡੀ ਪਹੁੰਚ ਬਿਲਕੁਲ ਵੱਖਰੀ ਹੋਵੇਗੀ। ਜ਼ਮੀਨ ‘ਤੇ ਮੌਜੂਦ ਕਮਾਂਡਰਾਂ ਨੂੰ ਹਾਲਾਤ ਮੁਤਾਬਕ ਫੈਸਲੇ ਲੈਣ ਦੀ ਪੂਰੀ ਖੁੱਲ੍ਹ ਮਿਲ ਗਈ ਹੈ।’ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਵਿੱਚ ਭਾਰਤੀ ਹਵਾਈ ਸੈਨਾ ਨੇ ਲੇਹ ਤੇ ਸ੍ਰੀਨਗਰ ਸਮੇਤ ਆਪਣੇ ਕਈ ਅਹਿਮ ਫੌਜੀ ਹਵਾਈ ਅੱਡਿਆਂ ‘ਤੇ ਆਪਣੇ ਮੂਹਰਲੀ ਕਤਾਰ ਦੇ ਸੁਖੋਈ 30 ਐੱਮਕੇਆਈ, ਜੈਗੁਆਰ, ਮਿਰਾਜ 2000 ਹਵਾਈ ਜਹਾਜ਼ ਤੇ ਅਪਾਚੇ ਹੈਲੀਕਾਪਟਰ ਤਾਇਨਾਤ ਕਰ ਦਿੱਤੇ ਹਨ।
Check Also
ਪਲਾਸਟਿਕ ਕਚਰੇ ਨਾਲ ਪੰਜ ਤੱਤਾਂ ਨੂੰ ਨੁਕਸਾਨ ਪਹੁੰਚਦਾ ਹੈ: ਪ੍ਰਵੀਣ ਕੁਮਾਰ
ਹਰਿਆਵਲ ਸੰਸਥਾ ਨੇ ਹਰਿਤ ਮਹਾਸ਼ਿਵਰਾਤਰੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਚੰਡੀਗੜ੍ਹ : ਪ੍ਰਯਾਗਰਾਜ ਮਹਾਕੁੰਭ ਵਿੱਚ ‘ਇੱਕ …