-8.3 C
Toronto
Wednesday, January 21, 2026
spot_img
Homeਭਾਰਤਅਫਗਾਨਿਸਤਾਨ ਸੰਕਟ : 146 ਵਿਅਕਤੀ ਭਾਰਤ ਪੁੱਜੇ

ਅਫਗਾਨਿਸਤਾਨ ਸੰਕਟ : 146 ਵਿਅਕਤੀ ਭਾਰਤ ਪੁੱਜੇ

ਕਾਬੁਲ ਤੋਂ ਪਹਿਲਾਂ ਦੋਹਾ ਲਿਆਂਦੇ ਗਏ ਸਨ ਵਿਅਕਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਲੜਾਕਿਆਂ ਦਾ ਕਬਜ਼ਾ ਹੋਣ ਤੋਂ ਬਾਅਦ ਹਾਲਾਤ ਵਿਗੜੇ ਹੋਏ ਹਨ। ਇਸੇ ਦੌਰਾਨ ਭਾਰਤ ਅੱਜ ਚਾਰ ਵੱਖੋ ਵੱਖਰੀਆਂ ਉਡਾਣਾਂ ਰਾਹੀਂ ਕਤਰ ਦੀ ਰਾਜਧਾਨੀ ਦੋਹਾ ਤੋਂ ਆਪਣੇ 146 ਨਾਗਰਿਕਾਂ ਨੂੰ ਵਾਪਸ ਲੈ ਆਇਆ ਹੈ। ਨਾਟੋ ਤੇ ਅਮਰੀਕੀ ਜਹਾਜ਼ ਰਾਹੀਂ ਇਨ੍ਹਾਂ ਭਾਰਤੀਆਂ ਨੂੰ ਕੁਝ ਦਿਨ ਪਹਿਲਾਂ ਕਾਬੁਲ ਤੋਂ ਦੋਹਾ ਲਿਆਂਦਾ ਗਿਆ ਸੀ। ਦੋਹਾ ਰਸਤੇ ਵਤਨ ਪੁੱਜੇ ਭਾਰਤੀ ਨਾਗਰਿਕਾਂ ਦਾ ਇਹ ਦੂਜਾ ਬੈਚ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵਿਸ਼ੇਸ਼ ਉਡਾਣ ਰਾਹੀਂ 135 ਭਾਰਤੀਆਂ ਨੂੰ ਦੋਹਾ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਸੀ।
ਦੋਹਾ ਤੋਂ ਭਾਰਤ ਪੁੱਜੀ ਵਿਸਤਾਰਾ ਦੀ ਉਡਾਣ ਵਿੱਚ 104, ਕਤਰ ਏਅਰਵੇਜ਼ ਦੀ ਉਡਾਣ ਵਿਚ 30 ਜਦੋਂਕਿ ਇੰਡੀਗੋ ਦੀ ਉਡਾਣ ਵਿਚ 11 ਭਾਰਤੀ ਨਾਗਰਿਕ ਸਵਾਰ ਸਨ। ਅਧਿਕਾਰੀਆਂ ਨੇ ਕਿਹਾ ਇਕ ਵਿਅਕਤੀ ਏਅਰ ਇੰਡੀਆ ਦੀ ਉਡਾਣ ਰਾਹੀਂ ਦੇਸ਼ ਪਰਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਤਿੰਨ ਵੱਖੋ ਵੱਖ ਉਡਾਣਾਂ ਰਾਹੀਂ 392 ਵਿਅਕਤੀਆਂ ਨੂੰ ਵਾਪਸ ਆਪਣੇ ਮੁਲਕ ਲਿਆਂਦਾ ਸੀ। ਇਨ੍ਹਾਂ ਵਿੱਚ ਭਾਰਤੀ ਨਾਗਰਿਕਾਂ ਤੋਂ ਇਲਾਵਾ ਦੋ ਅਫ਼ਗ਼ਾਨ ਕਾਨੂੰਨਸਾਜ਼, ਉਨ੍ਹਾਂ ਦੇ ਪਰਿਵਾਰ, ਅਫ਼ਗਾਨ ਸਿੱਖ ਤੇ ਹਿੰਦੂ ਅਤੇ ਦੋ ਨੇਪਾਲੀ ਨਾਗਰਿਕ ਵੀ ਸ਼ਾਮਲ ਸਨ।
ਇਸੇ ਦੌਰਾਨ ਇਕ ਅਫਗਾਨੀ ਮਹਿਲਾ ਨੇ ਦੱਸਿਆ ਕਿ ਅਫਗਾਨਿਸਤਾਨ ਵਿਚ ਹਾਲਾਤ ਵਿਗੜਦੇ ਜਾ ਰਹੇ ਸਨ, ਇਸ ਲਈ ਉਹ ਆਪਣੀ ਬੇਟੀ ਨਾਲ ਭਾਰਤ ਆਈ ਹੈ। ਉਸ ਨੇ ਦੱਸਿਆ ਕਿ ਭਾਰਤੀ ਹੀ ਸਾਨੂੰ ਬਚਾਉਣ ਲਈ ਅੱਗੇ ਆਏ ਹਨ, ਅਤੇ ਉਸ ਨੇ ਭਾਰਤੀਆਂ ਦਾ ਧੰਨਵਾਦ ਵੀ ਕੀਤਾ। ਉਸ ਨੇ ਦੱਸਿਆ ਤਾਲਿਬਾਨੀਆਂ ਨੇ ਸਾਡਾ ਘਰ ਵੀ ਜਲਾ ਦਿੱਤਾ ਸੀ। ਮਿਲ ਰਹੀਆਂ ਖਬਰਾਂ ਮੁਤਾਬਕ ਅਫਗਾਨਿਸਤਾਨ ਦੇ 34 ਵਿਚੋਂ 33 ਪ੍ਰਾਂਤ ਤਾਲਿਬਾਨ ਦੇ ਕਬਜ਼ੇ ਵਿਚ ਆ ਗਏ ਹਨ। ਰਹਿ ਗਏ ਪੰਜਸ਼ੀਰ ਪ੍ਰਾਂਤ ’ਤੇ ਕਬਜ਼ਾ ਕਰਨ ਲਈ ਤਾਲਿਬਾਨ ਅਤੇ ਪੰਜਸ਼ੀਰ ਦੇ ਲੜਾਕਿਆਂ ਵਿਚਾਲੇ ਲੜਾਈ ਚੱਲ ਰਹੀ ਹੈ। ਇਸੇ ਦੌਰਾਨ ਤਾਲਿਬਾਨ ਦਾ ਦਾਅਵਾ ਹੈ ਕਿ ਉਸ ਨੇ ਪੰਜਸ਼ੀਰ ਦੇ ਦੋ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ।

 

RELATED ARTICLES
POPULAR POSTS