Breaking News
Home / ਭਾਰਤ / ਈ.ਡੀ. ਵਲੋਂ ਦਿੱਲੀ ਦੇ ਸ਼ਰਾਬ ਘੁਟਾਲੇ ਨੂੰ ਲੈ ਕੇ ਦੇਸ਼ ਭਰ ‘ਚ ਛਾਪੇਮਾਰੀ

ਈ.ਡੀ. ਵਲੋਂ ਦਿੱਲੀ ਦੇ ਸ਼ਰਾਬ ਘੁਟਾਲੇ ਨੂੰ ਲੈ ਕੇ ਦੇਸ਼ ਭਰ ‘ਚ ਛਾਪੇਮਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਦੇ ਸਿਲਸਿਲੇ ‘ਚ ਮੰਗਲਵਾਰ ਨੂੰ ਦੇਸ਼ ਭਰ ਵਿਚ ਛਾਪੇਮਾਰੀ ਕੀਤੀ। ਈ.ਡੀ. ਨੇ ਦਿੱਲੀ ਐਨ. ਸੀ.ਆਰ., ਲਖਨਊ, ਤੇਲੰਗਾਨਾ, ਮੁੰਬਈ, ਹੈਦਰਾਬਾਦ ਅਤੇ ਗੁਰੂਗ੍ਰਾਮ ਸਮੇਤ ਲਗਪਗ 35 ਥਾਵਾਂ ‘ਤੇ ਛਾਪੇਮਾਰੀ ਕੀਤੀ।
ਜਾਣਕਾਰੀ ਮੁਤਾਬਿਕ ਈ.ਡੀ.ਦੀਆਂ ਟੀਮਾਂ ਸਵੇਰੇ ਹੀ ਵੱਖ-ਵੱਖ ਸੂਬਿਆਂ ‘ਚ ਛਾਪੇਮਾਰੀ ਲਈ ਟਿਕਾਣਿਆਂ ‘ਤੇ ਪੁੱਜ ਗਈਆਂ ਸਨ। ਸ਼ਰਾਬ ਨੀਤੀ ਮਾਮਲੇ ਵਿਚ ਈ.ਡੀ. ਨੇ ਹਵਾਲਾ ਰਾਸ਼ੀ ਦਾ ਕੇਸ ਦਰਜ ਕੀਤਾ ਹੈ। ਸ਼ਰਾਬ ਕਾਰੋਬਾਰੀ ਜਾਂਚ ਏਜੰਸੀ ਦੇ ਰਾਡਾਰ ‘ਤੇ ਹਨ।
ਭਾਵੇਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਘਰ ਈ.ਡੀ.ਦੇ ਛਾਪੇਮਾਰੀ ਵਿਚ ਸ਼ਾਮਲ ਨਹੀਂ ਹੈ ਪਰ ਇਸ ਪੂਰੇ ਘੁਟਾਲੇ ਵਿਚ ਸ਼ੱਕ ਦੀ ਸੂਈ ਉਨ੍ਹਾਂ ਵੱਲ ਹੀ ਘੁੰਮ ਰਹੀ ਹੈ। ਜਾਂਚ ਏਜੰਸੀ ਨੇ ਮੈਸਰਜ਼ ਇੰਡੋ ਸਪਿਰਿਟਜ਼ ਦੇ ਐਮ.ਡੀ. ਸਮੀਰ ਮਹਿੰਦਰੂ ਦੇ ਠਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਹੈ।
ਉਹ ਦਿੱਲੀ ਦੇ ਜੋਰ ਬਾਗ ਇਲਾਕੇ ਵਿਚ ਰਹਿੰਦੇ ਹਨ। ਉਨ੍ਹਾਂ ‘ਤੇ ਮੈਸਰਜ਼ ਰਾਧਾ ਇੰਡਸਟਰੀਜ਼ ਦੇ ਰਾਜੇਂਦਰ ਪਲੇਸ ‘ਤੇ ਯੂਕੋ ਬੈਂਕ ਦੇ ਖਾਤੇ ‘ਚ 1 ਕਰੋੜ ਰੁਪਏ ਟਰਾਂਸਫਰ ਕਰਨ ਦਾ ਆਰੋਪ ਹੈ। ਰਿਪੋਰਟ ਮੁਤਾਬਕ ਈ.ਡੀ.ਦੀ ਟੀਮ ਸਵੇਰੇ 7 ਵਜੇ ਦੇ ਕਰੀਬ ਪਹੁੰਚੀ ਸੀ। ਈ.ਡੀ. ਦੀ ਛਾਪੇਮਾਰੀ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਪਹਿਲਾਂ ਸੀ.ਬੀ.ਆਈ. ਨੇ ਛਾਪੇਮਾਰੀ ਕੀਤੀ, ਕੁਝ ਨਹੀਂ ਮਿਲਿਆ। ਹੁਣ ਈ.ਡੀ. ਨੂੰ ਵੀ ਕੁਝ ਨਹੀਂ ਮਿਲੇਗਾ।
ਪੰਜਾਬ ‘ਚ ਆਬਕਾਰੀ ਅਧਿਕਾਰੀਆਂ ‘ਤੇ ਛਾਪੇ
ਈ.ਡੀ. ਵਲੋਂ ਦਿੱਲੀ ਤੋਂ ਬਾਅਦ ਪੰਜਾਬ ‘ਚ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਏਜੰਸੀ ਦੀਆਂ ਟੀਮਾਂ ਨੇ ਰਾਜ ਦੇ ਕਰ ਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਤੇ ਰਾਜ ਦੇ ਜੁਆਇੰਟ ਕਮਿਸ਼ਨਰ ਕਰ ਤੇ ਆਬਕਾਰੀ ਨਰੇਸ਼ ਦੂਬੇ ਦੇ ਨਿਵਾਸ ਅਸਥਾਨਾਂ ‘ਤੇ ਛਾਣਬੀਣ ਕੀਤੀ। ਪੰਜਾਬ ਸਿਵਲ ਸਕੱਤਰੇਤ ਵਿਖੇ ਵੀ ਸੀਨੀਅਰ ਅਧਿਕਾਰੀਆਂ ‘ਚ ਈ.ਡੀ. ਦੇ ਛਾਪੇ ਚਰਚਾ ਦਾ ਵਿਸ਼ਾ ਬਣੇ ਰਹੇ ਤੇ ਅਫ਼ਸਰਸ਼ਾਹੀ ‘ਚ ਇਸ ਨੂੰ ਲੈ ਕੇ ਕਾਫ਼ੀ ਘਬਰਾਹਟ ਦੇਖੀ ਗਈ। ਪੰਜਾਬ ਦੇ ਇਨ੍ਹਾਂ ਦੋਵਾਂ ਆਬਕਾਰੀ ਅਧਿਕਾਰੀਆਂ ਦੇ ਘਰਾਂ ‘ਤੇ 8-10 ਘੰਟੇ ਚੱਲੇ ਛਾਪਿਆਂ ਦੌਰਾਨ ਈ.ਡੀ. ਨੂੰ ਕੁਝ ਮਿਲਿਆ ਜਾਂ ਨਹੀਂ, ਇਸ ਬਾਰੇ ਤਾਂ ਜਾਂਚ ਏਜੰਸੀ ਵਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਇਹ ਸਪੱਸ਼ਟ ਜ਼ਰੂਰ ਹੋ ਗਿਆ ਹੈ ਕਿ ਹੁਣ ਪੰਜਾਬ ਦੀ ਆਬਕਾਰੀ ਨੀਤੀ ਵੀ ਕੇਂਦਰੀ ਜਾਂਚ ਏਜੰਸੀ ਦੇ ਸਕੈਨਰ ਹੇਠ ਆ ਗਈ ਹੈ।

 

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …