ਕਿਹਾ – ਸੂਬੇ ਨੂੰ ਸਾਫ ਅਕਸ਼ ਵਾਲੇ ਬੰਦਿਆਂ ਦੀ ਲੋੜ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਨਵ ਨਿਯੁਕਤ ਜਨਰਲ ਸਕੱਤਰ ਪਰਗਟ ਸਿੰਘ ਨੇ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ‘ਚ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਪਹਿਲਾਂ ਵਾਂਗ ਹੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਹਨ। ਇਸ ਲਈ ਸਾਰਿਆਂ ਨੂੰ ਨਾਲ ਲੈ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਅਤੇ ਠੋਸ ਏਜੰਡਾ ਬਣਾਉਣ ਦੀ ਜ਼ਰੂਰਤ ਹੈ। ਪਰਗਟ ਸਿੰਘ ਨੇ ਕਿਹਾ ਕਿ ਸੂਬੇ ਨੂੰ ਸਾਫ਼ ਅਕਸ ਵਾਲੇ ਬੰਦਿਆਂ ਦੀ ਲੋੜ ਹੈ ਤੇ ਪੰਜਾਬ ਦੇ ਲੋਕ ਸਿਆਸਤਦਾਨਾਂ ਤੋਂ ਸਾਫ਼-ਸੁਥਰੀ ਰਾਜਨੀਤੀ ਦੀ ਹੀ ਉਮੀਦ ਕਰਦੇ ਹਨ। ਨਵ ਨਿਯੁਕਤ ਜਨਰਲ ਸਕੱਤਰ ਨੇ ਇਹ ਵੀ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀਆਂ ਚਿੱਠੀਆਂ ਰਾਹੀਂ ਪੰਜਾਬ ਦੇ ਜਿਨ੍ਹਾਂ ਭਖਦੇ ਮਸਲਿਆਂ ਬਾਰੇ ਗੱਲ ਹੁੰਦੀ ਰਹੀ ਹੈ ਉਹ ਭਵਿੱਖ ਵਿੱਚ ਵੀ ਜਾਰੀ ਰਹੇਗੀ। ਪਰਗਟ ਸਿੰਘ ਨੇ ਕਿਹਾ ਕਿ ਸਮੁੱਚੀ ਪਾਰਟੀ ਨੂੰ ਨਾਲ ਲੈ ਕੇ ਕੰਮ ਕਰਨ ਦੀ ਜ਼ਰੂਰਤ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਰਗਟ ਸਿੰਘ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਉਹ (ਸਿੱਧੂ) ਤਾਂ ਖੁਦ ਪਰਗਟ ਸਿੰਘ ਦੇ ਉਸ ਸਮੇਂ ਤੋਂ ਪ੍ਰਸੰਸਕ ਹਨ ਜਦੋਂ ਹਾਕੀ ‘ਤੇ ਮੈਦਾਨ ‘ਚ ਧੁੰਮਾਂ ਪਾਉਂਦੇ ਸਨ। ਸਿੱਧੂ ਨੇ ਕਿਹਾ ਕਿ ਸਾਲ 2012 ਤੋਂ ਜਦੋਂ ਪਰਗਟ ਸਿੰਘ ਨੇ ਸਿਆਸਤ ਵਿੱਚ ਪੈਰ ਰੱਖਿਆ ਉਦੋਂ ਤੋਂ ਹੀ ਸਾਫ਼ ਸੁਥਰੀ ਰਾਜਨੀਤੀ ਕੀਤੀ ਹੈ। ਇਸ ਮੌਕੇ ਪਾਰਟੀ ਦੇ ਵਰਕਿੰਗ ਪ੍ਰਧਾਨਾਂ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਪਰਗਟ ਸਿੰਘ ਦੇ ਤਜ਼ਰਬੇ ਅਤੇ ਅਕਸ ਦਾ ਪਾਰਟੀ ਨੂੰ ਲਾਭ ਹੋਵੇਗਾ।ਕਾਂਗਰਸ ਦੇ ਆਗੂਆਂ ਨੇ ਇਸ ਮੌਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਠੋਸ ਰਣਨੀਤੀ ਉਲੀਕਣ ‘ਤੇ ਵੀ ਜ਼ੋਰ ਦਿੱਤਾ। ਇਹ ਵੀ ਵਿਚਾਰ ਕੀਤਾ ਗਿਆ ਕਿ ਸਥਾਪਤੀ ਵਿਰੋਧੀ ਲਹਿਰ ਦੇ ਟਾਕਰੇ ਲਈ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਜਾਵੇ।
ਇਸ ਮੌਕੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਨ ਆਸ਼ੂ, ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਤੇ ਸੰਸਦ ਮੈਂਬਰ ਡਾ. ਅਮਰ ਸਿੰਘ, ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਪਵਨ ਗੋਇਲ, ਸੁਖਵਿੰਦਰ ਸਿੰਘ ਡੈਨੀ (ਚਾਰੇ ਵਰਕਿੰਗ ਪ੍ਰਧਾਨ), ਰਾਜ ਕੁਮਾਰ ਵੇਰਕਾ, ਦਰਸ਼ਨ ਸਿੰਘ ਬਰਾੜ ਅਤੇ ਹੋਰ ਆਗੂ ਮੌਜੂਦ ਸਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …