ਨਵੀਂ ਦਿੱਲੀ : ਨੋਬਲ ਪੁਰਸਕਾਰ ਵਿਜੇਤਾ ਕੈਲਾਸ਼ ਸਤਿਆਰਥੀ ਦੇ ਇੱਥੇ ਕਾਲਾਕਾਜੀ ਸਥਿਤ ਘਰ ਵਿੱਚੋਂ ਨੋਬਲ ਪੁਰਸਕਾਰ ਦਾ ਚਿੰਨ੍ਹ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ। ਪੁਲਿਸ ਅਨੁਸਾਰ ਇਸ ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂ ਸਤਿਆਰਥੀ ਦਾ ਪੀਏ ਉਨ੍ਹਾਂ ਦੇ ਘਰੋਂ ਮੰਗਲਵਾਰ ਸਵੇਰੇ 9 ਵਜੇ ਕਾਰ ਲੈਣ ਲਈ ਗਿਆ। ਪੁਲਿਸ ਨੂੰ ਕਥਿਤ ਚੋਰੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਫਿੰਗਰਪ੍ਰਿੰਟ ਮਾਹਿਰਾਂ ਦੀਆਂ ਟੀਮਾਂ ਵੱਲੋਂ ਨਮੂਨੇ ਲਏ ਗਏ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਚੋਰੀ ਹੋਈਆਂ ਚੀਜ਼ਾਂ ਦੇ ਵੇਰਵੇ ਇਕੱਠੇ ਕੀਤੇ ਗਏ। ਪੁਲਿਸ ਅਨੁਸਾਰ ਸਾਰੇ ਲਾਕਰ ਤੋੜੇ ਗਏ ਹਨ ਅਤੇ ਚੋਰੀ ਦੀ ਘਟਨਾ ਮੰਗਲਵਾਰ ਵੱਡੇ ਤੜਕੇ ਵਾਪਰੀ ਹੋਣ ਦਾ ਖ਼ਦਸ਼ਾ ਹੈ। ਕੈਲਾਸ਼ ਸਤਿਆਰਥੀ ਇਸ ਵੇਲੇ ਅਮਰੀਕਾ ਵਿੱਚ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, ”ਨੋਬਲ ਪੁਰਸਕਾਰ ਦਾ ਚਿੰਨ੍ਹ ਚੋਰੀ ਹੋਇਆ ਹੈ। ਸਤਿਆਰਥੀ ਦੀ ਧੀ ਦੇ ਵਿਆਹ ਦੇ ਗਹਿਣੇ ਵੀ ਗਾਇਬ ਹਨ। ਉਨ੍ਹਾਂ ਨੇ ਹਾਲੇ ਤੱਕ ਚੋਰੀ ਹੋਈਆਂ ਚੀਜ਼ਾਂ ਦੀ ਪੂਰੀ ਸੂਚੀ ਨਹੀਂ ਦਿੱਤੀ ਅਤੇ ਹਾਲੇ ਜਾਂਚ ਕੀਤੀ ਜਾ ਰਹੀ ਹੈ।” ਪੁਲਿਸ ਨੂੰ ਖ਼ਦਸ਼ਾ ਹੈ ਕਿ ਘਰ ਵਿੱਚ ਕਿਸੇ ਦੇ ਮੌਜੂਦ ਨਾ ਹੋਣ ਦੀ ਜਾਣਕਾਰੀ ਦੁੱਧ ਵਾਲੇ ਜਾਂ ਅਖਬਾਰ ਵੰਡਣ ਵਾਲੇ ਕਿਸੇ ਵਿਅਕਤੀ ਵੱਲੋਂ ਕਿਸੇ ਨੂੰ ਦਿੱਤੀ ਗਈ ਹੋਵੇਗੀ। ਪੁਲਿਸ ਵੱਲੋਂ ਚੋਰੀ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …