Breaking News
Home / ਭਾਰਤ / ਪ੍ਰਧਾਨ ਮੰਤਰੀ ਨੇ ਰਾਹੁਲ ਦੇ ਭੂਚਾਲ ਤੇ ਭਗਵੰਤ ਮਾਨ ਦੀ ਸ਼ਰਾਬ ‘ਤੇ ਲਾਇਆ ਨਿਸ਼ਾਨਾ

ਪ੍ਰਧਾਨ ਮੰਤਰੀ ਨੇ ਰਾਹੁਲ ਦੇ ਭੂਚਾਲ ਤੇ ਭਗਵੰਤ ਮਾਨ ਦੀ ਸ਼ਰਾਬ ‘ਤੇ ਲਾਇਆ ਨਿਸ਼ਾਨਾ

ਮੋਦੀ ਨੇ ਪੂਰੀ ਵਿਰੋਧੀ ਧਿਰ ਨੂੰ ਕੀਤਾ ਸੁੰਨ
ਨਵੀਂ ਦਿੱਲੀ : ਸਰਜੀਕਲ ਸਟ੍ਰਾਈਕ ਤੇ ਨੋਟਬੰਦੀ ਪਿੱਛੋਂ ਪਹਿਲੀ ਵਾਰ ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ਤਮਾਮ ਦੋਸ਼ਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਉਹਨਾਂ ਵਿਰੋਧੀ ਧਿਰ ਦੇ ਸਾਰੇ ਦੋਸ਼ਾਂ ਦਾ ਗਿਣ-ਗਿਣ ਕੇ ਜਵਾਬ ਦਿੱਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਦੇ ਭੂਚਾਲ ਵਾਲੇ ਖੁਲਾਸੇ ਦੀ ਧਮਕੀ ਸਬੰਧੀ ਤਿੱਖਾ ਵਿਅੰਗ ਕੀਤਾ। ਤੱਥਾਂ ਤੇ ਅੰਕੜਿਆਂ ਨਾਲ ਲੈਸ ਪ੍ਰਧਾਨ ਮੰਤਰੀ ਮੋਦੀ ਦੇ ਹਮਲੇ ਨੇ ਪੂਰੀ ਵਿਰੋਧੀ ਧਿਰ ਨੂੰ ਸੁੰਨ ਕਰ ਦਿੱਤਾ।
ਆਖਰ ਭੂਚਾਲ ਆ ਹੀ ਗਿਆ : ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਦੇ ਜਵਾਬ ਦੌਰਾਨ ਪ੍ਰਧਾਨ ਮੰਤਰੀ ਦੇ ਨਿਸ਼ਾਨੇ ‘ਤੇ ਸਭ ਤੋਂ ਪਹਿਲਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਆਏ। ਨੋਟਬੰਦੀ ਪਿੱਛੋਂ ਭੂਚਾਲ ਲਿਆਉਣ ਵਾਲੇ ਖੁਲਾਸੇ ਦੀ ਧਮਕੀ ‘ਤੇ ਵਿਅੰਗ ਕਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਖਰਕਾਰ ਭੂਚਾਲ ਆ ਗਿਆ। ਭੂਚਾਲ ਨੂੰ ਧਰਤੀ ਮਾਂ ਦੇ ਰੁੱਸਣ ਨਾਲ ਜੋੜਦਿਆਂ ਉਨ੍ਹਾਂ ਰਾਹੁਲ ਗਾਂਧੀ ਨੂੰ ‘ਸਕੈਮ’ ਦੀ ਨਵੀਂ ਪਰਿਭਾਸ਼ਾ ਦੇਣ ‘ਤੇ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਜਦੋਂ ਕੋਈ ਸਕੈਮ ਵਿਚ ਵੀ ਸੇਵਾ ਦਾ ਭਾਵ ਦੇਖਦਾ ਹੈ ਤਾਂ ਧਰਤੀ ਮਾਂ ਵੀ ਦੁਖੀ ਹੋ ਜਾਂਦੀ ਹੈ ਤਾਂ ਭੂਚਾਲ ਆ ਜਾਂਦਾ ਹੈ। ਕਾਂਗਰਸ ਨੂੰ ਦੇਸ਼ ਵਿਚ ਲੋਕਤੰਤਰ ਬਚਾਉਣ ਦਾ ਸਿਹਰਾ ਦੇਣ ਦੇ ਮਲਿਕਾਰੁਜਨ ਖੜਗੇ ਦੇ ਦਾਅਵੇ ‘ਤੇ ਚੁਟਕੀ ਲੈਂਦਿਆਂ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਦੌਰਾਨ ਲੋਕਤੰਤਰ ਦੀ ਹੱਤਿਆ ਦੀ ਯਾਦ ਦਿਵਾਉਂਦਿਆਂ ਖੁਦ ਕਾਂਗਰਸ ‘ਚ ਲੋਕਤੰਤਰ ਦੀ ਘਾਟ ਮੁੱਦਾ ਉਠਾਹਿਆ। ਉਨ੍ਹਾਂ ਅਨੁਸਾਰ ਕਾਂਗਰਸ ਨੇ ਤਾਂ ਪੂਰੇ ਲੋਕਤੰਤਰ ਨੂੰ ਇਕ ਪਰਿਵਾਰ ਦੁਆਲੇ ਕੇਂਦਰਿਤ ਕਰਨ ਦਾ ਕੰਮ ਕੀਤਾ ਹੈ।
ਇਸੇ ਦੌਰਾਨ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਹਮੋ-ਸਾਹਮਣੇ ਹੋ ਗਏ। ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਨ ‘ਤੇ ਬਹਿਸ ਦੌਰਾਨ ਸ਼ਰਾਬ ਵੱਲ ਇਸ਼ਾਰਾ ਕਰਕੇ ਭਗਵੰਤ ਮਾਨ ਨੂੰ ਟਿੱਚਰ ਕੀਤੀ। ਇਸ ਗੱਲ਼ ਤੋਂ ਭਗਵੰਤ ਮਾਨ ਵੀ ਭੜਕ ਗਏ। ਉਹ ਸੰਸਦ ਵਿੱਚ ਤਾਂ ਕੁਝ ਨਹੀਂ ਬੋਲੇ ਪਰ ਸੰਸਦ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਸੰਸਦ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਸਕ੍ਰਿਤ ਦਾ ਇਕ ਸਲੋਕ ਪੜ੍ਹਿਆ ਸੀ, ਜਿਸ ਵਿਚ ਕਰਜ਼ਾ ਲੈ ਕੇ ਘਿਓ ਪੀਣ ਦੀ ਗੱਲ ਕਹੀ ਗਈ ਹੈ। ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਉਸ ਸਮੇਂ ਭਗਵੰਤ ਮਾਨ ਹੁੰਦੇ ਤਾਂ ਕੁਝ ਹੋਰ ਪੀਣ ਦੀ ਗੱਲ ਕਰਦੇ। ਮੋਦੀ ਦੇ ਇੰਨੇ ਕਹਿੰਦੇ ਹੀ ਭਗਵੰਤ ਮਾਨ ਸੰਸਦ ਵਿਚ ਖੜ੍ਹੇ ਹੋ ਕੇ ਜਵਾਬ ਦੇਣ ਲੱਗੇ।

Check Also

ਭਾਰਤ ਦੇ 10 ਸੂਬਿਆਂ ’ਚ 96 ਸੀਟਾਂ ’ਤੇ ਚੌਥੇ ਗੇੜ ਤਹਿਤ ਵੋਟਾਂ ਭਲਕੇ ਸੋਮਵਾਰ ਨੂੰ

ਪੰਜਾਬ ’ਚ 1 ਜੂਨ ਨੂੰ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਲਈ …