![](https://parvasinewspaper.com/wp-content/uploads/2024/03/Arvind-Kejrwial-1.jpg)
ਏਜੰਸੀ ਨੂੰ ਕਿਹਾ : 12 ਮਾਰਚ ਤੋਂ ਬਾਅਦ ਦੀ ਤਰੀਕ ਦਿਓ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਨੀਤੀ ਘੁਟਾਲਾ ਮਾਮਲੇ ਵਿਚ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਵਲੋਂ ਵਾਰ-ਵਾਰ ਭੇਜੇ ਜਾਂਦੇ ਸੰਮਨਾਂ ਸਬੰਧੀ ਜਵਾਬ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਈਡੀ ਦੇ ਸੰਮਨ ਗੈਰਕਾਨੂੰਨੀ ਹਨ, ਪਰ ਫਿਰ ਵੀ ਉਹ ਜਵਾਬ ਦੇਣ ਲਈ ਤਿਆਰ ਹਨ। ਕੇਜਰੀਵਾਲ ਨੇ ਈਡੀ ਨੂੰ ਕਿਹਾ ਕਿ ਉਨ੍ਹਾਂ ਨੂੰ 12 ਮਾਰਚ ਤੋਂ ਬਾਅਦ ਦੀ ਤਰੀਕ ਦਿਓ ਅਤੇ ਉਸ ਤੋਂ ਬਾਅਦ ਵੀਡੀਓ ਕਾਨਫਰਸਿੰਗ ਜ਼ਰੀਏ ਉਹ ਪੇਸ਼ ਹੋ ਜਾਣਗੇ। ਈਡੀ ਵਲੋਂ ਸ਼ਰਾਬ ਨੀਤੀ ਘੁਟਾਲਾ ਮਾਮਲੇ ਵਿਚ ਪੁੱਛਗਿੱਛ ਦੇ ਲਈ ਕੇਜਰੀਵਾਲ ਨੂੰ ਹੁਣ ਤੱਕ 8 ਵਾਰ ਸੰਮਨ ਭੇਜੇ ਜਾ ਚੁੱਕੇ ਹਨ, ਪਰ ਕੇਜਰੀਵਾਲ ਇਕ ਵਾਰ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ ਹਨ। ਕੇਜਰੀਵਾਲ ਨੂੰ ਪਿਛਲਾ ਸੰਮਨ ਲੰਘੀ 27 ਫਰਵਰੀ ਨੂੰ ਭੇਜਿਆ ਗਿਆ ਸੀ ਅਤੇ ਉਨ੍ਹਾਂ ਨੂੰ 4 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਸੀ। ਇਸ ਤੋਂ ਪਹਿਲਾਂ 26 ਫਰਵਰੀ, 22 ਫਰਵਰੀ, 2 ਫਰਵਰੀ, 17 ਜਨਵਰੀ, 3 ਜਨਵਰੀ, 21 ਦਸੰਬਰ 2023 ਅਤੇ 2 ਨਵੰਬਰ 2023 ਨੂੰ ਵੀ ਸੰਮਨ ਭੇਜੇ ਗਏ ਸਨ। ਸਿਆਸੀ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੁੰਦੇ ਤਾਂ ਜਾਂਚ ਅਧਿਕਾਰੀ ਉਨ੍ਹਾਂ ਕੋਲੋਂ ਘਰ ਜਾ ਕੇ ਪੁੱਛਗਿੱਛ ਵੀ ਕਰ ਸਕਦੇ ਹਨ। ਜੇਕਰ ਸੰਤੋਸ਼ਜਨਕ ਜਵਾਬ ਨਹੀਂ ਮਿਲਦੇ ਤਾਂ ਕੇਜਰੀਵਾਲ ਦੀ ਗਿ੍ਰਫਤਾਰੀ ਵੀ ਹੋ ਸਕਦੀ ਹੈ।