ਮਨੀਸ਼ ਸਿਸੋਦੀਆ ਗ੍ਰਿਫ਼ਤਾਰ, 5 ਦਿਨ ਦੇ ਰਿਮਾਂਡ ‘ਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਬੀਆਈ ਨੇ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਉਹ 5 ਦਿਨ ਲਈ ਸੀਬੀਆਈ ਦੇ ਰਿਮਾਂਡ ਦੇ ਚੱਲ ਰਹੇ ਹਨ। ਸੀਬੀਆਈ ਦੇ ਅਧਿਕਾਰੀਆਂ ਨੇ ਕਿਹਾ ਕਿ ਕਰੀਬ ਅੱਠ ਘੰਟਿਆਂ ਤੱਕ ਚੱਲੀ ਪੁੱਛ-ਪੜਤਾਲ ਦੌਰਾਨ ਸਿਸੋਦੀਆ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਆ ਰਹੇ ਸਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਕੁਝ ਜਵਾਬ ਤਸੱਲੀਬਖ਼ਸ਼ ਨਹੀਂ ਸਨ। ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਦੇ ਅਧਿਕਾਰੀਆਂ ਨੇ ਸਿਸੋਦੀਆ ਕੋਲੋਂ ਆਬਕਾਰੀ ਨੀਤੀ ਦੇ ਵੱਖ-ਵੱਖ ਪਹਿਲੂਆਂ, ਉਨ੍ਹਾਂ ਦੇ ਦਿਨੇਸ਼ ਅਰੋੜਾ ਤੇ ਹੋਰ ਮੁਲਜ਼ਮਾਂ ਨਾਲ ਸਬੰਧਾਂ ਅਤੇ ਫੋਨਾਂ ‘ਤੇ ਸੁਨੇਹਿਆਂ ਦੇ ਆਦਾਨ-ਪ੍ਰਦਾਨ ਦੇ ਵੇਰਵਿਆਂ ਬਾਰੇ ਸਵਾਲ ਪੁੱਛੇ ਸਨ। ਸੀਬੀਆਈ ਅਧਿਕਾਰੀਆਂ ਨੇ ਕਿਹਾ ਕਿ ਸਿਸੋਦੀਆ ਜਾਂਚ ‘ਚ ਸਹਿਯੋਗ ਨਹੀਂ ਕਰ ਰਹੇ ਸਨ ਅਤੇ ਅਹਿਮ ਨੁਕਤਿਆਂ ‘ਤੇ ਸਫ਼ਾਈ ਦੇਣ ਤੋਂ ਗੁਰੇਜ਼ ਕਰ ਰਹੇ ਸਨ ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਦੇ ਚੱਲਦਿਆਂ ਆਬਕਾਰੀ ਨੀਤੀ ਕੇਸ ‘ਚ ਸੀਬੀਆਈ ਵੱਲੋਂ ਸਿਸੋਦੀਆ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਸੱਚ ਦੀ ਲੜਾਈ ਲੜ ਰਹੇ ਹਨ। ਮਾਨ ਨੇ ਟਵੀਟ ਕਰਦਿਆਂ ਕਿਹਾ, ”ਮਨੀਸ਼ ਜੀ, ਤੁਸੀਂ ਸੱਚ ਦੀ ਲੜਾਈ ਲੜ ਰਹੇ ਹੋ, ਪੂਰਾ ਦੇਸ਼ ਤੁਹਾਡੇ ਨਾਲ ਹੈ। ਲੱਖਾਂ ਬੱਚਿਆਂ ਦਾ ਪਿਆਰ ਤੁਹਾਡੇ ਨਾਲ ਹੈ। ਤੁਸੀਂ ਸਿੱਖਿਆ ਦੇ ਖੇਤਰ ਵਿੱਚ ਜੋ ਕ੍ਰਾਂਤੀ ਲਿਆਂਦੀ ਹੈ, ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ।”
ਉਧਰ ਦੂਜੇ ਪਾਸੇ ਸੀਬੀਆਈ ਵੱਲੋਂ ਆਬਕਾਰੀ ਨੀਤੀ ‘ਚ ਘੁਟਾਲਾ ਕਰਨ ਦੇ ਆਰੋਪ ਹੇਠ ‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਵਿਰੋਧ ਕਰਦਿਆਂ ਪਾਰਟੀ ਦੀ ਪੰਜਾਬ ਅਤੇ ਚੰਡੀਗੜ੍ਹ ਇਕਾਈ ਨੇ ਸ਼ਹਿਰ ਦੇ ਸੈਕਟਰ-37 ਵਿੱਚ ਸਥਿਤ ਭਾਜਪਾ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ‘ਆਪ’ ਵਰਕਰਾਂ ਨੇ ਇਕੱਠੇ ਹੋ ਕੇ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਲਈ ਕੂਚ ਕੀਤਾ, ਪਰ ਪੁਲਿਸ ਨੇ ‘ਆਪ’ ਵਰਕਰਾਂ ਨੂੰ ਕੁਝ ਦੂਰੀ ‘ਤੇ ਹੀ ਰੋਕ ਦਿੱਤਾ। ਇਸ ਮੌਕੇ ਚੰਡੀਗੜ੍ਹ ਪੁਲਿਸ ਨੇ ਕਈ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਸਣੇ ਵੱਡੀ ਗਿਣਤੀ ‘ਆਪ’ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ।
ਇਸ ਧਰਨੇ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਨਮੋਲ ਗਗਨ ਮਾਨ, ਲਾਲਚੰਦ ਕਟਾਰੂਚੱਕ, ਬ੍ਰਹਮ ਸ਼ੰਕਰ ਜਿੰਪਾ, ਡਾ. ਬਲਬੀਰ ਸਿੰਘ, ਹਰਜੋਤ ਬੈਂਸ, ਹਰਭਜਨ ਸਿੰਘ ਈਟੀਓ, ਲਾਲਜੀਤ ਸਿੰਘ ਭੁਲੱਰ, ਚੇਤਨ ਸਿੰਘ ਜੌੜਾਮਾਜਰਾ, ਡਾ. ਇੰਦਰਬੀਰ ਸਿੰਘ ਨਿੱਝਰ ਅਤੇ ‘ਆਪ’ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਸਮੇਤ ਪਾਰਟੀ ਵਰਕਰ ਮੌਜੂਦ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ। ਇਸੇ ਦੌਰਾਨ ‘ਆਪ’ ਹਰਿਆਣਾ ਵੱਲੋਂ ਭਾਜਪਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਿਸੋਦੀਆ ਤੋਂ ਬਾਅਦ ਸਤੇਂਦਰ ਜੈਨ ਨੇ ਵੀ 9 ਮਹੀਨਿਆਂ ਬਾਅਦ ਦਿੱਤਾ ਅਸਤੀਫ਼ਾ
ਨਵੀਂ ਦਿੱਲੀ : ਦਿੱਲੀ ‘ਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਦੋ ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੋਵੇਂ ਮੰਤਰੀ ਵੱਖ-ਵੱਖ ਮਾਮਲਿਆਂ ‘ਚ ਮੁਲਜ਼ਮ ਹਨ। ਹਾਸਿਲ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਵਾਂ ਦੇ ਅਸਤੀਫ਼ੇ ਸਵੀਕਾਰ ਕਰ ਲਏ ਹਨ। ਮਨੀਸ਼ ਸਿਸੋਦੀਆ ਅਤੇ ਜੈਨ ਵਲੋਂ ਉਸ ਵੇਲੇ ਅਸਤੀਫ਼ਾ ਦਿੱਤਾ ਗਿਆ ਹੈ, ਜਦੋਂ ਮੰਗਲਵਾਰ ਦੁਪਹਿਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੰਦਿਆਂ ਜ਼ਮਾਨਤ ਲਈ ਹੇਠਲੀ ਅਦਾਲਤ ਜਾਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਤੇਂਦਰ ਜੈਨ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਜਾਣ ਦੇ 9 ਮਹੀਨਿਆਂ ਬਾਅਦ ਅਸਤੀਫਾ ਦਿੱਤਾ ਹੈ। ਜਾਣਕਾਰੀ ਮੁਤਾਬਿਕ ਸਿਸੋਦੀਆ ਦੇ ਅਸਤੀਫ਼ੇ ਦਾ ਫ਼ੈਸਲਾ ਤਕਨੀਕੀ ਕਾਰਨਾਂ ਤੋਂ ਲਿਆ ਗਿਆ ਹੈ।
ਕੀ ਸੀਬੀਆਈ ਦਾ ਅਗਲਾ ਨਿਸ਼ਾਨਾ ਕੇਜਰੀਵਾਲ?
ਨਵੀਂ ਦਿੱਲੀ : ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਅਤੇ ਮੰਤਰੀ ਅਹੁਦੇ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਜ਼ੋਰ ਫੜਦੀ ਜਾ ਰਹੀ ਹੈ ਕਿ ਕੀ ਅਗਲਾ ਨਿਸ਼ਾਨਾ ਕੇਜਰੀਵਾਲ ਹੋਣਗੇ? ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆਮ ਆਦਮੀ ਪਾਰਟੀ ਦੀ ਸਫਾਂ ਵਿਚ ਵੀ ਇਸ ਗੱਲ ‘ਤੇ ਖੂਬ ਘੁਸਰ-ਮੁਸਰ ਹੋ ਰਹੀ ਹੈ। ਇਹੋ ਨਹੀਂ ਮੀਡੀਆ ਖੇਤਰਾਂ ਵਿਚ ਇਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਆਪੋ-ਆਪਣੇ ਹੀਲੇ ਵਸੀਲੇ ਲਗਾਏ ਜਾ ਰਹੇ ਹਨ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ 2024 ਦੀਆਂ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਭਾਜਪਾ ਖਾਸ ਕਰ ਭਾਜਪਾ ਦੇ ਦੋ ਮੁੱਖ ਚਿਹਰੇ ਅਰਵਿੰਦ ਕੇਜਰੀਵਾਲ ਦੀ ਸਿਆਸਤ ਤੋਂ ਖੌਫਜ਼ਦਾ ਵੀ ਹਨ। ਇਸੇ ਨੂੰ ਆਧਾਰ ਬਣਾ ਕੇ ਮੰਨਿਆ ਜਾ ਰਿਹਾ ਹੈ ਕਿ ਐਕਸਾਈਜ਼ ਪਾਲਿਸੀ ਮਾਮਲੇ ਦਾ ਸੇਕ ਹੁਣ ਅਰਵਿੰਦ ਕੇਜਰੀਵਾਲ ਤੱਕ ਵੀ ਅੱਪੜ ਸਕਦਾ ਹੈ। ਇਨ੍ਹਾਂ ਚਰਚਾਵਾਂ ਨੂੰ ਬਲ ਉਸ ਮੌਕੇ ਮਿਲਿਆ ਜਦੋਂ ਆਪਣੇ ਕੇਜਰੀਵਾਲ ਦੇ ਨਾਮ ਭੇਜੇ ਅਸਤੀਫੇ ਵਿਚ ਮਨੀਸ਼ ਸਿਸੋਦੀਆ ਨੇ ਲਿਖਿਆ ‘ਕਿ ਇਹ ਬਹੁਤ ਪੀੜਦਾਇਕ ਹੈ ਕਿ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਦੇ ਬਾਵਜੂਦ ਮੇਰੇ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਮੜ੍ਹੇ ਜਾ ਰਹੇ ਹਨ, ਇਹ ਸਿਰਫ ਸਾਜਿਸ਼ ਹੈ ਪਰ ਇਸ ਦਾ ਨਿਸ਼ਾਨਾ ਮੈਂ ਨਹੀਂ ਕੇਜਰੀਵਾਲ ਹੈ।’ ਅਸਤੀਫੇ ਦੀ ਇਸ ਲੇਖਣੀ ਤੋਂ ਸੰਕੇਤ ਮਿਲਦਾ ਹੈ ਕਿ ਆਮ ਆਦਮੀ ਪਾਰਟੀ ਵੀ ਮਹਿਸੂਸ ਕਰ ਰਹੀ ਹੈ ਕਿ ਕੇਜਰੀਵਾਲ ‘ਤੇ ਵੀ ਕੋਈ ਕਾਰਵਾਈ ਹੋ ਸਕਦੀ ਹੈ। ਇਨ੍ਹਾਂ ਸ਼ੰਕੇ-ਸ਼ੋਭਿਆਂ ਨੂੰ ਹੋਰ ਸਪੱਸ਼ਟ ਰੂਪ ਵਿਚ ਭਾਜਪਾ ਦੇ ਹੀ ਬੁਲਾਰੇ ਗੌਰਵ ਭਾਟੀਆ ਨੇ ਸਾਹਮਣੇ ਲਿਆ ਦਿੱਤਾ। ਜਿਸ ਨੇ ਆਖਿਆ ‘ਜਿਵੇਂ ਜਿਵੇਂ ਜਾਂਚ ਪੜਤਾਲ ਅੱਗੇ ਵਧ ਰਹੀ ਹੈ ਇਸ ਦਾ ਘੇਰਾ ਕੇਜਰੀਵਾਲ ਦੇ ਲਾਗੇ ਜਾ ਰਿਹਾ ਹੈ।
ਦਿੱਲੀ ਤੋਂ ਬਾਅਦ ਪੰਜਾਬ ਸਰਕਾਰ ‘ਚ ਹਲਚਲ
‘ਦਿੱਲੀ ਦੀ ਐਕਸਾਈਜ਼ ਪਾਲਿਸੀ ਦਾ ਹੀ ਫੋਟੋ ਸਟੇਟ ਰੂਪ ਪੰਜਾਬ ‘ਚ ਲਾਗੂ ਹੋਇਆ ਪਰ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਦੇ ਤਹਿਤ ਲਾਇਸੰਸ ਲੈਣ ਜਾਂ ਨਵਿਆਉਣ ਵਾਲਾ ਆਨਲਾਈਨ ਫਾਰਮ ਆਪਣੀ ਵੈਬਸਾਈਟ ‘ਤੇ ਪਾਉਣ ਤੋਂ ਇਕ ਦਿਨ ਬਾਅਦ ਹੀ ਹਟਾ ਲਿਆ। ਹੁਣ ਇਸ ਗੱਲ ਦੀ ਖੂਬ ਚਰਚਾ ਹੈ ਕਿ ਦਿੱਲੀ ਵਾਲਿਆਂ ਨੇ ਐਕਸਾਈਜ਼ ਪਾਲਿਸੀ ਹੀ ਵਾਪਸ ਲੈ ਲਈ ਸੀ। ਇਹ ਵੀ ਫਾਰਮ ਲੁਕਾਉਣ ਲੱਗੇ ਹਨ ਕਿ ਪੰਜਾਬ ਸਰਕਾਰ ਨੂੰ ਕੇਂਦਰੀ ਏਜੰਸੀਆਂ ਦਾ ਡਰਸਤਾਉਣ ਲੱਗਾ ਹੈ।’
‘ਦਿੱਲੀ ‘ਚ ਸ਼ਰਾਬ ਪਾਲਿਸੀ ਦੇ ਮੱਦੇਨਜ਼ਰ ‘ਆਪ’ ਸਰਕਾਰ ‘ਤੇ ਹੋਈ ਕਾਰਵਾਈ ਦਾ ਅਸਰ ਹੈ ਜਾਂ ਕੁੱਝ ਹੋਰ ਲੁਕੋਣ ਦੀ ਤਿਆਰੀ। ਕਿਉਂਕਿ ਪਤਾ ਚਲਿਆ ਹੈ ਕਿ ਪੰਜਾਬ ਸਰਕਾਰ ਇਸ ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ ਹੀ ਭੱਜਣਾ ਚਾਹੁੰਦੀ ਹੈ। ਸਰਕਾਰ ਠੇਕਿਆਂ ਦੀ ਨਿਲਾਮੀ ਦੀ ਬਜਾਏ ਪੁਰਾਣੇ ਲਾਇਸੰਸਾਂ ਨੂੰ ਹੀ ਰਿਨਿਊ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਨੂੰ ਹਰੀ ਝੰਡੀ ਦੇਣ ਲਈ ਕੈਬਨਿਟ ਦੀ ਬੈਠਕ ਵੀ ਬੁਲਾ ਸਕਦੀ ਹੈ। ਜਦੋਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਂ ਸ਼ਰਾਬ ਪਾਲਿਸੀ ਨਾਲ ਖਜ਼ਾਨੇ ਦੀ ਆਮਦਨ ‘ਚ 3500 ਕਰੋੜ ਦਾ ਵਾਧਾ ਹੋ ਗਿਆ ਹੈ।
‘ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਭ ਤੋਂ ਵੱਡੀ ਗਰੰਟੀ ਮੁਹੱਲਾ ਕਲੀਨਿਕ ਦੀ ਹਵਾ ਉਸ ਵੇਲੇ ਨਿਕਲ ਗਈ ਜਦੋਂ ਮੁਹੱਲਾ ਕਲੀਨਿਕਾਂ ‘ਚ ਟੈਸਟ ਕਰਨ ਵਾਲੀ ਕੰਪਨੀ ਹੀ ਫਰਾਰ ਹੋ ਗਈ। ਪੰਜਾਬ ‘ਚ ਚੱਲ ਰਹੇ 100 ਮੁਹੱਲਾ ਕਲੀਨਿਕਾਂ ‘ਚ ਮੈਡੀਕਲ ਟੈਸਟ ਦਾ ਕੰਮ ਦੇਖਣ ਵਾਲੀ ‘ਕ੍ਰਿਸ਼ਨਾ ਡਾਇਗਨੋਸਟਿਕ ਲਿਮਟਿਡ’ ਕੰਪਨੀ 28 ਫਰਵਰੀ ਨੂੰ ਆਪਣਾ ਬੋਰੀ ਬਿਸਤਰਾ ਸਮੇਟ ਕੇ ਤੁਰਦੀ ਬਣੀ। ਉਸ ਨੇ 16 ਫਰਵਰੀ 2023 ਨੂੰ ਹੀ ਪੰਜਾਬ ਸਰਕਾਰ ਨੂੰ ਇਤਲਾਹ ਕਰ ਦਿੱਤੀ ਸੀ। ਹੁਣ ਸਰਕਾਰ ਸਰਕਾਰੀ ਹਸਪਤਾਲਾਂ ਦੀਆਂ ਮਿੰਨਤਾਂ ਕਰਕੇ ਫਿਲਹਾਲ ਟੈਸਟਾਂ ਲਈ ਡੰਗ ਟਪਾ ਰਹੀ ਹੈ।’