6 ਅਪ੍ਰੈਲ ਤੋਂ ਟੋਰਾਂਟੋ-ਅੰਮ੍ਰਿਤਸਰ ਫਲਾਈਟ ਹੋ ਰਹੀ ਹੈ ਸ਼ੁਰੂ
ਟੋਰਾਂਟੋ/ਪਰਵਾਸੀ ਬਿਊਰੋ : ਪੰਜਾਬੀਆਂ ਲਈ ਇਹ ਖ਼ਬਰ ਬੇਹੱਦ ਖੁਸ਼ੀ ਵਾਲੀ ਹੈ ਕਿ ਲੰਬੇ ਸਮੇਂ ਤੋਂ ਅੰਮ੍ਰਿਤਸਰ ਤੋਂ ਕੈਨੇਡਾ ਸਿੱਧੀ ਫਲਾਈਟ ਦੀ ਕਾਮਨਾ ਕਰ ਰਹੇ ਲੋਕਾਂ ਦਾ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ ਹੈ। ਘਈ ਟਰੈਵਲਜ਼ ਜਲੰਧਰ ਦੀ ਕੰਪਨੀ ਵੱਲੋਂ ‘ਅਦਾਰਾ ਪਰਵਾਸੀ’ ਨੂੰ ਦਿੱਤੀ ਗਈ ਵਿਸ਼ੇਸ਼ ਜਾਣਕਾਰੀ ਮੁਤਾਬਕ 6 ਅਪ੍ਰੈਲ ਨੂੰ ਪਹਿਲੀ ਫਲਾਈਟ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜਾਬੀਆਂ ਦੀ ਵੱਡੀ ਗਿਣਤੀ ਦਿੱਲੀ ਏਅਰਪੋਰਟ ਦੀ ਬਜਾਏ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਕੈਨੇਡਾ ਲਈ ਫਲਾਈਟ ਸ਼ੁਰੂ ਕੀਤੇ ਜਾਣ ਦੀ ਮੰਗ ਕਰ ਰਹੀ ਸੀ ਪ੍ਰੰਤੂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੇ ਜਾਣ ਦੇ ਬਾਵਜੂਦ ਇਹ ਗੱਲ ਸਿਰੇ ਨਹੀਂ ਚੜ੍ਹ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਇਟਲੀ ਦੀ ਨਿਓਸ ਏਅਰਲਾਈਨਜ਼ ਨੇ ਇਹ ਕਮਾਲ ਕਰ ਦਿਖਾਇਆ ਹੈ। ਇਹ ਫਲਾਈਟ ਅੰਮ੍ਰਿਤਸਰ ਹਵਾਈ ਅੱਡੇ ਤੋਂ ਹਰ ਵੀਰਵਾਰ ਤੜਕੇ 3.30 ਵਜੇ ਰਵਾਨਾ ਹੋਇਆ ਕਰੇਗੀ ਅਤੇ ਰਸਤੇ ਵਿਚ ਇਟਲੀ ਦੇ ਸ਼ਹਿਰ ਮਿਲਾਨ ਵਿਚ ਇਸ ਦਾ 3.30 ਘੰਟੇ ਦਾ ਠਹਿਰਾ ਹੋਵੇਗਾ ਅਤੇ ਉਸ ਤੋਂ ਬਾਅਦ ਮਿਲਾਨ ਤੋਂ ਚੱਲ ਕੇ ਇਹ ਫਲਾਈਟ ਟੋਰਾਂਟੋ ਵਿਖੇ ਦੁਪਹਿਰੇ 3.00 ਵਜੇ ਪਹੁੰਚੇਗੀ। ਇਸ ਫਲਾਈਟ ਦੀ ਵਿਸ਼ੇਸ਼ਤਾ ਇਹ ਵੀ ਰਹੇਗੀ ਕਿ ਅੰਮ੍ਰਿਤਸਰ ਤੋਂ ਚੜ੍ਹਾਇਆ ਗਿਆ ਸਮਾਨ ਟੋਰਾਂਟੋ ਆ ਕੇ ਮਿਲੇਗਾ। ਉਸੇ ਹੀ ਦਿਨ 5 ਵਜੇ ਇਹ ਫਲਾਈਟ ਟੋਰਾਂਟੋਂ ਤੋਂ ਮਿਲਾਨ ਹੁੰਦਿਆਂ ਹੋਇਆਂ ਵਾਪਸ ਅੰਮ੍ਰਿਤਸਰ ਲਈ ਉਡਾਣ ਭਰੇਗੀ ਅਤੇ ਅਗਲੇ ਦਿਨ ਰਾਤੀਂ 9. 30 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚੇਗੀ। ਇਸ ਫਲਾਈਟ ਦਾ ਕਿਰਾਇਆ ਵੀ ਬਹੁਤ ਵਾਜਿਬ ਹੋਵੇਗਾ ਅਤੇ ਇਸ ਵਿਚ ਦੋ ਤਰ੍ਹਾਂ ਦੀਆਂ ਸੀਟਾਂ ਹੀ ਹੋਣਗੀਆਂ ਜਿਨ੍ਹਾਂ ਵਿਚ ਇਕ ਪ੍ਰੀਮੀਅਮ ਇਕਾਨਮੀ ਅਤੇ ਦੂਜੀ ਇਕਾਨਮੀ ਕਲਾਸ। ਘਈ ਟਰੈਵਲਜ਼ ਦੇ ਪ੍ਰਬੰਧਕਾਂ ਨੇ ‘ਪਰਵਾਸੀ’ ਨੂੰ ਦੱਸਿਆ ਕਿ ਉਹ ਇਟਲੀ ਦੀ ਕੰਪਨੀ ਨਿਓਸ ਏਅਰਲਾਈਨਜ਼ ਦੇ ਧੰਨਵਾਦੀ ਹਨ ਜਿਸ ਨੇ ਕਈ ਰੁਕਾਵਟਾਂ ਦੂਰ ਕਰਕੇ ਆਖਰਕਾਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਤੋਂ ਮਨਜ਼ੂਰੀ ਲੈ ਕੇ ਇਹ ਫਲਾਈਟ ਚਲਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਫਲਾਈਟ ਨੂੰ ਸ਼ੁਰੂ ਕਰਵਾਉਣ ਲਈ ਲਗਭਗ ਦੋ ਸਾਲ ਦਾ ਸਮਾਂ ਲੱਗਿਆ ਹੈ।
ਘਈ ਟਰੈਵਲਜ਼ ਨੇ ਨਿਓਸ ਏਅਰਲਾਈਨਜ਼ ਦੇ ਨਾਲ ਇਕ ਸਮਝੌਤਾ ਕਰਕੇ ਇਸ ਫਲਾਈਟ ਨੂੰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਬਿਜ਼ਨਸ ਪੱਖੋਂ ਇਹ ਕੋਈ ਵੱਡਾ ਲਾਭ ਵਾਲਾ ਸੌਦਾ ਨਹੀਂ ਹੋਵੇਗਾ ਪ੍ਰੰਤੂ ਲੱਖਾਂ ਪੰਜਾਬੀਆਂ ਦੀਆਂ ਅਰਦਾਸਾਂ ਅਤੇ ਲੋੜਾਂ ਨੂੰ ਦੇਖਦਿਆਂ ਇਹ ਫਲਾਈਟ ਚਲਾ ਕੇ ਉਹ ਬੇਹੱਦ ਖੁਸ਼ ਹੋਣਗੇ। ਅਜੇ ਇਹ ਫਲਾਈਟ ਹਫਤੇ ਵਿਚ ਇਕ ਦਿਨ ਹਰ ਵੀਰਵਾਰ ਨੂੰ ਚੱਲਿਆ ਕਰੇਗੀ ਪ੍ਰੰਤੂ ਲੋਕਾਂ ਦੀ ਮੰਗ ਨੂੰ ਦੇਖਦਿਆਂ ਇਸ ਵਿਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਇਸ ਫਲਾਈਟ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ ਅਤੇ ਮਿਲੀ ਜਾਣਕਾਰੀ ਮੁਤਾਬਕ ਪਹਿਲੀ ਫਲਾਈਟ ਲਈ 60 ਫੀਸਦੀ ਤੋਂ ਜ਼ਿਆਦਾ ਸੀਟਾਂ ਬੁੱਕ ਵੀ ਹੋ ਚੁੱਕੀਆਂ ਹਨ। ਟਿਕਟਾਂ ਸਬੰਧੀ ਜਾਂ ਕਿਸੇ ਹੋਰ ਜਾਣਕਾਰੀ ਲਈ ਓਂਕਾਰ ਟਰੈਵਲਜ਼ ਨਾਲ 905-678-9555 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।