ਮਾਲ ਤੇ ਵਿੱਤ ਮੰਤਰੀਆਂ ਨੇ ਕੀਤਾ ਮਹਿੰਗਾਈ ਨਾਲ ਟੈਕਸ ਵਧਣ ਬਾਰੇ ਸੁਝਾਅ ਨੋਟ, ਮਹਿੰਗਾਈ ਲੋਕਾਂ ਵਾਸਤੇ ਬੁਰੀ,ਪਰ ਸਰਕਾਰਾਂ ਵਾਸਤੇ ਖੁਸ਼ਖ਼ਬਰੀ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਨਾਮਵਰ ਪੰਜਾਬੀ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਦੇਸ਼ ਵਿੱਚ ਮਹਿੰਗਾਈ ਵਧਣ ਨਾਲ ਗੁਡਜ਼ ਐਂਡ ਸਰਵਿਸਜ਼ ਟੈਕਸ/ਹਾਰਮੋਨਾਈਜ਼ਡ ਸੇਲਜ਼ ਟੈਕਸ, (ਜੀ.ਅੈੱਸ.ਟੀ/ਐੱਚ.ਐੱਸ.ਟੀ) ਆਪਣੇ ਆਪ ਵਧ ਜਾਣ ਦਾ ਮੁੱਦਾ ਬੀਤੀ ਚਾਰ ਮਾਰਚ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਮਾਲ ਮੰਤਰੀ ਕੋਲ ਲਿਖਤੀ ਤੌਰ ‘ਤੇ ਉਠਾਇਆ ਅਤੇ ਲੋਕਾਂ ਨੇ ਜੌਹਲ ਦੇ ਵਿਚਾਰ ਅਤੇ ਸੁਝਾਅ ਦੀ ਵੱਡੀ ਪੱਧਰ ‘ਤੇ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ (ਹੁਣ ਸਾਬਕਾ) ਜਸਟਿਨ ਟਰੂਡੋ ਨੂੰ ਮਾਰਚ 2025 ਦੇ ਸ਼ੁਰੂ ਵਿੱਚ ਲਿਖੀ ਆਪਣੀ ਚਿੱਠੀ ਵਿੱਚ ਸਤਪਾਲ ਸਿੰਘ ਜੌਹਲ ਨੇ ਆਖਿਆ ਸੀ ਕਿ ਲੋਕ ਜੀ.ਐੱਸ.ਟੀ/ਐੱਚ.ਐੱਸ.ਟੀ ਵਸਤਾਂ ਦੀ ਕੀਮਤ ਉੱਪਰ (ਉਨਟਾਰੀਓ ਵਿੱਚ 13 ਪ੍ਰਤੀਸ਼ਤ) ਦਿੰਦੇ ਹਨ ਪਰ ਮਹਿੰਗਾਈ ਵਧਣ ਮਗਰੋਂ ਵਸਤਾਂ ਦੀ ਕੀਮਤ ਨਾਲ ਜੀ.ਐੱਸ.ਟੀ/ਐੱਚ.ਐੱਸ.ਟੀ ਆਪਣੇ ਆਪ ਵੱਧ ਦੇਣਾਂ ਪੈ ਜਾਂਦਾ ਹੈ। ਜੌਹਲ ਨੇ ਪ੍ਰਧਾਨ ਮੰਤਰੀ ਨੂੰ ਉਦਾਹਰਣ ਦੇ ਕੇ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਇੱਕ ਡਾਲਰ ਦੀ ਚੀਜ਼ ਜਦੋਂ ਦੋ ਡਾਲਰਾਂ ਤੋਂ ਵੀ ਮਹਿੰਗੀ ਹੋ ਗਈ ਸੀ ਤਾਂ ਗਾਹਕਾਂ ਨੂੰ ਇਹਨਾਂ ਟੈਕਸਾਂ ਸਮੇਤ 1.13 ਡਾਲਰ ਵਿੱਚ ਮਿਲਣ ਵਾਲੀ ਉਹ ਚੀਜ਼ 2.13 ਡਾਲਰਾਂ ਦੀ ਨਹੀ ਸਗੋਂ 2.26 ਡਾਲਰਾਂ ਵਿੱਚ ਮਿਲਣ ਲੱਗੀ ਅਤੇ ਲੱਕ ਤੋੜਵੀਂ ਮਹਿੰਗਾਈ ਦੇ ਕਦੇ ਨਾ ਖਤਮ ਹੁੰਦੇ ਦੌਰ ਵਿੱਚ ਲੋਕ ਤਾਂ ਪਿਸਦੇ ਹੀ ਹਨ ਪਰ ਕੀਮਤ ਨਾਲ ਆਪਣੇ ਆਪ ਵੱਧ ਦੇਣੇ ਪੈਂਦੇ ਇਹਨਾਂ ਟੈਕਸਾਂ ਨਾਲ ਬਲਦੀ ਉੱਤੇ ਤੇਲ ਪੈਣ ਵਾਲੀ ਸਥਿਤੀ ਬਣਦੀ ਹੈ। ਜੌਹਲ ਨੇ ਹੋਰ ਦੱਸਿਆ ਕਿ ਰਾਜਨੀਤਿਕ ਆਗੂ ਅਕਸਰ ਵਧਦੀ ਮਹਿੰਗਾਈ ਖਿਲਾਫ ਬਿਆਨਬਾਜੀ ਕਰਦੇ ਹਨ, ਪਰ ਮਹਿੰਗਾਈ ਦੇ ਦੌਰ ਵਿੱਚ ਸਰਕਾਰਾਂ ਨੂੰ ਵੱਧ ਮਿਲਣ ਲੱਗ ਜਾਂਦੇ ਇਹਨਾਂ ਟੈਕਸਾਂ ਨਾਲ ਲੋਕਾਂ ਦਾ ਚੁੱਪ ਚਪੀਤੇ ਕਚੂਮਰ ਕੱਢਣ ਅਤੇ ਸਰਕਾਰੀ ਖ਼ਜ਼ਾਨਾ ਭਰੀ ਜਾਣ ਬਾਰੇ ਚੁੱਪ ਧਾਰਨ ਕਰਕੇ ਰੱਖੀ ਜਾਂਦੀ ਹੈ। ਜੌਹਲ ਨੇ ਪ੍ਰਧਾਨ ਮੰਤਰੀ, ਦੇਸ਼ ਦੇ ਵਿੱਤ ਮੰਤਰੀ ਅਤੇ ਮਾਲ ਮੰਤਰੀ ਨੂੰ ਇਹ ਵੀ ਲਿਖਿਆ ਕਿ ਮਹਿੰਗਾਈ ਲੋਕਾਂ ਵਾਸਤੇ ਬੁਰੀ ਖਬਰ ਹੁੰਦੀ ਹੈ ਪਰ ਵਧ ਕੀਮਤਾਂ ਨਾਲ ਵੱਧ ਟੈਕਸ ਮਿਲਦਾ ਹੋਣ ਕਾਰਨ ਮਹਿੰਗਾਈ ਸਰਕਾਰਾਂ ਵਾਸਤੇ ਸਦਾ ਹੀ ਖੁਸ਼ਖ਼ਬਰੀ ਸਾਬਿਤ ਹੁੰਦੀ ਹੈ,ਇਹ ਖੁਸ਼ੀ ਵਾਲੀ ਗੱਲ ਹੋਈ ਕਿ ਟਰੂਡੋ ਵੱਲੋਂ ਆਪਣੇ ਜਵਾਬ ਵਿੱਚ ਸਤਪਾਲ ਸਿੰਘ ਜੌਹਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾਂ ਦਾ ਅਹਿਮ ਸੁਝਾਅ ਨੋਟ ਕਰ ਲਿਆ ਗਿਆ ਹੈ, ਰੈਵੀਨਿਊ ਮੰਤਰੀ ਏਲਿਜਾਬੈੱਥ ਬਰੀਏਰ ਨੇ ਆਪਣੇ ਲਿਖਤੀ ਜਵਾਬ ਵਿੱਚ ਜੌਹਲ ਦੇ ਸੁਝਾਅ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਕੈਨੇਡਾ ਦੇ ਮਾਲ ਮਹਿਕਮੇ ਵੱਲੋਂ ਸੰਸਦ ਵਿੱਚ ਪਾਸ ਕੀਤੇ ਕਾਨੂੰਨ ਅਨੁਸਾਰ ਟੈਕਸ ਸਿਸਟਮ ਮੈਨੇਜ ਕੀਤਾ ਜਾਂਦਾ ਹੈ ਜਦੋਂ ਕਿ ਮਾਲ ਮੰਤਰੀ ਨੇ ਆਪਣੇ ਤੌਰ ‘ਤੇ ਵੀ ਸਤਪਾਲ ਸਿੰਘ ਜੌਹਲ ਦੀ ਚਿੱਠੀ ਨੂੰ ਕੈਨੇਡਾ ਦੇ ਵਿੱਤ ਮੰਤਰੀ ਦੇ ਧਿਆਨ ਹਿੱਤ ਭੇਜਿਆ। ਵਿੱਤ ਮੰਤਰਾਲੇ ਨੇ ਜੌਹਲ ਨੂੰ ਬੀਤੇ ਹਫਤੇ ਆਪਣਾ ਲਿਖਤੀ ਜਵਾਬ ਭੇਜਿਆ ਜਿਸ ਵਿੱਚ ਕਿਹਾ ਗਿਆ ਕਿ ਕੈਨੇਡਾ ਦੇ ਟੈਕਸਾਂ ਨਾਲ ਸਬੰਧਤ ਕਾਨੂੰਨਾਂ ਦਾ ਸਮੇਂ ਦੇ ਚੱਲਦਿਆਂ ਮੁਲਾਂਕਣ ਕੀਤਾ ਜਾਂਦਾ ਰਹਿੰਦਾ ਹੈ ਅਤੇ ਅਗਲੇ ਹੋਣ ਵਾਲੇ ਰਿਵੀਊ ਵਾਸਤੇ ਤੁਹਾਡਾ ਸੁਝਾਅ ਨੋਟ ਕਰ ਲਿਆ ਗਿਆ ਹੈ। ਗੌਰਤਲਬ ਹੈ ਕਿ ਵਿਦੇਸ਼ੀ ਕਾਮਿਆਂ ਲਈ ਕੈਨੇਡਾ ਦੇ ਵਰਕ ਪਰਮਿੱਟ ਲਈ ਦੇਸ਼ ਵਿੱਚ ਬਹੁਤ ਵੱਧ ਰਹੇ ਐੱਲ.ਐੱਮ. ਆਈ.ਏ ਦੇ ਗੋਰਖ ਧੰਦੇ (ਲੁੱਟ) ਬਾਰੇ ਜੌਹਲ ਵੱਲੋਂ 2016 ਤੋਂ 2024 ਤੱਕ ਲਗਾਤਾਰ 8 ਸਾਲ ਸੰਸਦ ਮੈਂਬਰਾਂ, ਮੰਤਰੀਆਂ ਅਤੇ ਪ੍ਰਧਾਨ ਮੰਤਰੀ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਸੀ ਤੇ ਆਖਰ ਬੀਤੇ ਸਾਲ ਸਰਕਾਰ ਨੇ ਆਪਣਾ ਨੁਕਸਦਾਰ ਸਿਸਟਮ ਸੁਧਾਰਿਆ ਅਤੇ ਉਹਨਾਂ ਕਾਨੂੰਨੀ ਸੁਧਾਰਾਂ ਵਿੱਚ ਜੌਹਲ ਵੱਲੋਂ ਦਿੱਤੇ ਸੁਝਾਅ ਨੂੰ ਮਾਨਤਾ ਦਿੱਤੀ ਗਈ ਅਤੇ ਸਿੱਟੇ ਵੱਜੋਂ ਐੱਲ.ਐੱਮ.ਆਈ.ਏ ਦਾ ਗੋਰਖ ਧੰਦਾ ਵੱਡੀ ਹੱਦ ਤੱਕ ਠੱਪਿਆ ਗਿਆ ਹੈ।