ਸਰਕਾਰੀ ਨੌਕਰੀ ਵਾਲੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ‘ਗੁਲਾੜੀ’
ਸੰਗਰੂਰ/ਬਿਊਰੋ ਨਿਊਜ਼ : ਹਰਿਆਣਾ ਦੀ ਸਰਹੱਦ ‘ਤੇ ਵਸਿਆ ਸੰਗਰੂਰ ਜ਼ਿਲ੍ਹੇ ਦਾ ਆਖਰੀ ਪਿੰਡ ਗੁਲਾੜੀ ਸਰਕਾਰੀ ਨੌਕਰੀ ਵਾਲੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪਿੰਡ ਵਿਚ ਕਰੀਬ ਹਰ ਘਰ ਵਿਚੋਂ ਕੋਈ ਨਾ ਕੋਈ ਵਿਅਕਤੀ ਸਰਕਾਰੀ ਨੌਕਰੀ ਕਰਦਾ ਹੈ। 2500 ਦੀ ਆਬਾਦੀ ਵਾਲੇ ਇਸ ਪਿੰਡ ਵਿਚ ਕਰੀਬ 250 ਵਿਅਕਤੀ ਸਰਕਾਰੀ ਨੌਕਰੀ ਕਰਦੇ ਹਨ। ਸਭ ਤੋਂ ਜ਼ਿਆਦਾ ਵਿਅਕਤੀ ਅਧਿਆਪਕ ਹਨ। ਪਿੰਡ ਦੇ 500 ਬੱਚੇ ਜੇਬੀਟੀ ਅਤੇ 87 ਬੱਚੇ ਪੰਜਾਬ ਟੈਟ ਪਾਸ ਕਰਕੇ ਸਰਕਾਰੀ ਨੌਕਰੀ ਦਾ ਇੰਤਜ਼ਾਰ ਕਰ ਰਹੇ ਹਨ। ਪਿੰਡ ਦੇ ਵਿਅਕਤੀ ਇਕ ਦੂਜੇ ਨੂੰ ਸਰਕਾਰੀ ਨੌਕਰੀ ‘ਤੇ ਦੇਖ ਕੇ ਸਿੱਖਿਆ ਨੂੰ ਪਹਿਲ ਦੇ ਰਹੇ ਹਨ। ਪਿੰਡ ਵਿਚ ਇਕ ਸੰਸਥਾ ਵੀ ਲੋਕਾਂ ਨੂੰ ਸਰਕਾਰੀ ਨੌਕਰੀ ਅਤੇ ਸਿੱਖਿਆ ਦੇ ਲਈ ਪ੍ਰੇਰਿਤ ਕਰ ਰਹੀ ਹੈ। ਖਾਸ ਗੱਲ ਇਹ ਹੈ ਕਿ ਪਿੰਡ ਦੀਆਂ ਮਹਿਲਾਵਾਂ ਅਜੇ ਵੀ ਘੂਗਟ ਵਿਚ ਰਹਿੰਦੀਆਂ ਹਨ, ਬਾਵਜੂਦ ਇਸਦੇ 25 ਤੋਂ ਜ਼ਿਆਦਾ ਮਹਿਲਾਵਾਂ ਸਰਕਾਰੀ ਨੌਕਰੀ ਕਰ ਰਹੀਆਂ ਹਨ। ਕਈ ਮਹਿਲਾਵਾਂ ਤਾਂ ਪਿੰਡਾਂ ਵਿਚ ਵਿਆਹ ਹੋਣ ਤੋਂ ਬਾਅਦ ਸਰਕਾਰੀ ਨੌਕਰੀ ਦੀ ਤਿਆਰੀ ਕਰਕੇ ਕਾਮਯਾਬ ਹੋਈਆਂ ਹਨ। ਗ੍ਰਾਮ ਸੁਧਾਰ ਸੰਮਤੀ ਦੇ ਪ੍ਰਧਾਨ ਸੂਰਜਭਾਨ ਨੇ ਦੱਸਿਆ ਕਿ ਸੰਮਤੀ ਵਿਚ ਪਿੰਡ ਦੇ ਰਿਟਾਇਰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਨੌਕਰੀ ਕਰਦੇ ਸਰਕਾਰੀ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸੰਮਤੀ ਦਾ ਮੁੱਖ ਮਕਸਦ ਲੋਕਾਂ ਨੂੰ ਸਿੱਖਿਆ ‘ਤੇ ਜ਼ੋਰ ਦੇਣ ਲਈ ਪ੍ਰੇਰਿਤ ਕਰਦਾ ਹੈ। ਜਦ ਵੀ ਕੋਈ ਸਰਕਾਰੀ ਨੌਕਰੀ ਨਿਕਲਦੀ ਹੈ ਤਾਂ ਮਾਹਿਰ ਪਿੰਡ ਵਿਚ ਬੁਲਾਏ ਜਾਂਦੇ ਹਨ ਜੋ ਬੱਚਿਆਂ ਨੂੰ ਨੌਕਰੀ ਦੇ ਹਿਸਾਬ ਨਾਲ ਤਿਆਰੀ ਕਰਵਾਉਂਦੇ ਹਨ।
2500 ਦੀ ਅਬਾਦੀ ‘ਚ 250 ਵਿਅਕਤੀ ਹਨ ਸਰਕਾਰੀ ਨੌਕਰੀ ‘ਤੇ ਤੈਨਾਤ
ਗੁਲਾੜੀ ਪਿੰਡ ਦੇ ਕਰੀਬ 250 ਵਿਅਕਤੀ ਪੰਜਾਬ ਅਤੇ ਹਰਿਆਣਾ ਵਿਚ ਸਰਕਾਰੀ ਨੌਕਰੀ ‘ਤੇ ਤੈਨਾਤ ਹਨ। ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 115 ਵਿਅਕਤੀ ਅਧਿਆਪਕ ਅਹੁਦੇ ‘ਤੇ ਤੈਨਾਤ ਹਨ। ਕਰੀਬ 70 ਨੌਜਵਾਨ ਫੌਜ ਵਿਚ ਸੇਵਾਵਾਂ ਨਿਭਾ ਰਹੇ ਹਨ। 22 ਪੁਲਿਸ ਕਰਮਚਾਰੀ ਹਨ। 14 ਨੌਜਵਾਨ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਵਿਚ ਨੌਕਰੀ ਕਰ ਰਹੇ ਹਨ। ਪਿੰਡ ਦੀਆਂ 25 ਮਹਿਲਾਵਾਂ ਵੀ ਸਰਕਾਰੀ ਅਹੁਦੇ ‘ਤੇ ਹਨ। ਬੱਚਿਆਂ ਨੂੰ ਪੜ੍ਹਾਈ ਦੇ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਇਕ ਸਮਾਰਟ ਲਾਇਬ੍ਰੇਰੀ ਬਣਾਈ ਗਈ ਹੈ। ਇਸ ਵਿਚ ਪਿੰਡ ਦੇ ਨੌਜਵਾਨ ਆਧੁਨਿਕ ਪੜ੍ਹਾਈ ਕਰਦੇ ਹਨ।
ਪਿੰਡ ‘ਚ ਟਰਾਂਸਪੋਰਟ ਦੀ ਸਹੂਲਤ ਨਹੀਂ
ਪਿੰਡ ਵਿਚ ਏਨੇ ਪੜ੍ਹੇ ਲਿਖੇ ਨੌਜਵਾਨ ਹੋਣ ਦੇ ਬਾਵਜੂਦ ਵੀ ਟਰਾਂਸਪੋਰਟ ਦੀ ਕਾਫੀ ਕਮੀ ਹੈ। ਪੂਰੇ ਦਿਨ ਵਿਚ ਸਿਰਫ ਇਕ ਬੱਸ ਪਿੰਡ ਆਉਂਦੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਸ਼ਹਿਰ ਜਾਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਰਿਆਣਾ ਦੀ ਸਰਕਾਰੀ ਸੰਸਥਾ ਵਿਚ ਵੀ ਪਿੰਡ ਦੇ ਵਿਦਿਆਰਥੀਆਂ ਦਾ ਕਬਜ਼ਾ
ਹਰਿਆਣਾ ਦੇ ਸਰਕਾਰੀ ਸਕੂਲ ਵਿਚ ਤੈਨਾਤ ਈਟੀਟੀ ਅਧਿਆਪਕ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਕੈਥਲ ਦੀ ਸਰਕਾਰੀ ਸੰਸਥਾ ਡਾਈਟ ਵਿਚ ਤਿੰਨ ਸੂਬਿਆਂ ਦੇ ਬੱਚਿਆਂ ਦੇ ਲਈ 40 ਸੀਟਾਂ ਹਨ। ਮਾਣ ਇਸ ਗੱਲ ਦਾ ਹੈ ਕਿ ਸਾਰੀਆਂ 40 ਸੀਟਾਂ ਉਨ੍ਹਾਂ ਦੇ ਪਿੰਡ ਦੇ ਹਿੱਸੇ ਆਈਆਂ ਹਨ। ਹੁਣ ਪਿੰਡ ਦੇ ਪੜ੍ਹੇ-ਲਿਖੇ ਵਿਦਿਆਰਥੀ ਪਿੰਡ ਦੇ ਦੂਜੇ ਬੱਚਆਂ ਨੂੰ ਵੱਖ-ਵੱਖ ਪ੍ਰਤੀਯੋਗਤਾਵਾਂ ਦੀ ਤਿਆਰੀ ਦੀ ਕੋਚਿੰਗ ਦਿੰਦੇ ਹਨ।