Breaking News
Home / ਪੰਜਾਬ / ਜਿਸ ਕਾਰਨ ਸਲਾਖਾਂ ਪਿੱਛੇ ਪੁੱਜੀ ਉਸੇ ਦੀ ਲੰਬੀ ਉਮਰ ਲਈ ਮੰਗੀਆਂ ਦੁਆਵਾਂ

ਜਿਸ ਕਾਰਨ ਸਲਾਖਾਂ ਪਿੱਛੇ ਪੁੱਜੀ ਉਸੇ ਦੀ ਲੰਬੀ ਉਮਰ ਲਈ ਮੰਗੀਆਂ ਦੁਆਵਾਂ

ਹਨੀਪ੍ਰੀਤ ਨੇ ਜੇਲ੍ਹ ਵਿਚ ਰਾਮ ਰਹੀਮ ਲਈ ਰੱਖਿਆ ਵਰਤ
ਚੰਡੀਗੜ੍ਹ : ਐਤਵਾਰ ਨੂੰ ਇਕ ਪਾਸੇ ਜਿਥੇ ਦੇਸ਼ ਭਰ ਦੀਆਂ ਸੁਹਾਗਣ ਔਰਤਾਂ ਨੇ ਆਪਣੇ ਸੁਹਾਗ ਦੀ ਸਲਾਮਤੀ ਅਤੇ ਲੰਬੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਿਆ, ਉਥੇ ਦੂਸਰੇ ਪਾਸੇ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਉਰਫ ਪ੍ਰਿਅੰਕਾ ਤਨੇਜਾ ਨੇ ਵੀ ਪੁਲਿਸ ਰਿਮਾਂਡ ਵਿਚ ਵਰਤ ਰੱਖਿਆ। ਹਨੀਪ੍ਰੀਤ ਨੇ ਇਕ ਗਲਾਸ ਪਾਣੀ ਦੇ ਨਾਲ ਸਾਰਾ ਦਿਨ ਗੁਜ਼ਾਰਾ ਕੀਤਾ। ਮੀਡੀਆ ਰਿਪੋਰਟ ਦੇ ਮੁਤਾਬਕ ਜਦੋਂ ਪੁਲਿਸ ਦੀ ਕਰਮਚਾਰੀ ਹਨੀਪ੍ਰੀਤ ਦੇ ਲਈ ਜੇਲ੍ਹ ਵਿਚ ਭੋਜਨ ਲੈ ਕੇ ਗਈ ਤਾਂ ਉਸਨੇ ਕਿਹਾ ਕਿ ਲੋਕ ਉਨ੍ਹਾਂ ਲਈ ਵਰਤ ਰਖਦੇ ਹਨ ਜਿਹੜੇ ਉਨ੍ਹਾਂ ਦਾ ਸੁਹਾਗ ਹੁੰਦੇ ਹਨ ਪਰ ਅਸੀਂ ਵਰਤ ਰੱਖਦੇ ਹਾਂ ਆਪਣੇ ਪਾਪਾ ਲਈ ਜੋ ਕਿ ਸਾਡੇ ਹੀ ਨਹੀਂ ਦੋਵਾਂ ਜਹਾਨ ਦੇ ਸੁਹਾਗ ਹਨ। ਹਨੀਪ੍ਰੀਤ ਨੇ ਕਿਹਾ ਕਿ ਮੈਂ ਕਰਵਾਚੌਥ ਆਪਣੇ ਪਾਪਾ (ਰਾਮ ਰਹੀਮ) ਲਈ ਰੱਖਿਆ ਹੈ ਜੋ ਕਿ ਦੇਸ਼ ਦੀ ਭਲਾਈ ਲਈ ਕੰਮ ਕਰਦੇ ਹਨ। ਹਾਲਾਂਕਿ ਪੁਲਿਸ ਨੇ ਹਨੀਪ੍ਰੀਤ ਨੂੰ ਕੋਈ ਖਾਸ ਸੁਵਿਧਾ ਨਹੀਂ ਦਿੱਤੀ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਰ ਸਾਲ ਕਰਵਾਚੌਥ ਵਾਲਾ ਦਿਨ ਡੇਰੇ ਲਈ ਖਾਸ ਹੁੰਦਾ ਸੀ। ਇਸ ਦਿਨ ਰਾਮ ਰਹੀਮ ਦੀ ਪੂਜਾ ਕਰਨ ਵਾਲੀਆਂ ਔਰਤਾਂ ਅਤੇ ਛੋਟੀਆਂ ਬੱਚੀਆਂ ਛਾਨਣੀ ਜਾਂ ਚੁੰਨੀ ਲੈ ਕੇ ਮਜਲਿਸ ਵਿਚ ਬੈਠ ਜਾਂਦੀਆਂ ਸਨ ਅਤੇ ਚੰਦ ਦੀ ਜਗ੍ਹਾ ਰਾਮ ਰਹੀਮ ਨੂੰ ਦੇਖ ਕੇ ਆਪਣਾ ਵਰਤ ਖੋਲ੍ਹਦੀਆਂ ਸਨ। ਸਿਰਫ ਔਰਤਾਂ ਹੀ ਨਹੀਂ ਮਰਦ ਵੀ ਰਾਮ ਰਹੀਮ ਲਈ ਵਰਤ ਰੱਖਦੇ ਸਨ। ਰਾਮ ਰਹੀਮ ਇਸ ਦਿਨ ਸਾਹਮਣੇ ਬੈਠ ਜਾਂਦਾ ਸੀ ਅਤੇ ਲੋਕ ਉਸਦੀ ਆਰਤੀ ਉਤਾਰਦੇ ਅਤੇ ਭਜਨ ਗਾਉਂਦੇ ਹੋਏ ਆਪਣਾ ਵਰਤ ਖੋਲ੍ਹਦੇ ਸਨ। ਕਰਵਾਚੌਥ ਦੇ ਦਿਨ ਰਿਮਾਂਡ ‘ਤੇ ਮਹਿਲਾ ਪੁਲਿਸ ਅਧਿਕਾਰੀਆਂ ਨੇ ਹਨੀਪ੍ਰੀਤ ਤੋਂ ਕੁਝ ਸਮੇਂ ਲਈ ਪੁੱਛਗਿੱਛ ਕੀਤੀ , ਇਸ ਦੌਰਾਨ ਉਹ ਦੋ ਵਾਰ ਭਾਵੁਕ ਹੋਈ। ਹਾਲਾਂਕਿ ਉਹ ਪੁਲਿਸ ਨੂੰ ਪੁੱਛਗਿੱਛ ਦੌਰਾਨ ਕੋਈ ਖਾਸ ਸਹਿਯੋਗ ਨਹੀਂ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਹਨੀਪ੍ਰੀਤ ਤਲਾਕਸ਼ੁਦਾ ਹੈ ਫਿਰ ਵੀ ਉਹ ਕਾਫੀ ਸਮੇਂ ਤੋਂ ਵਰਤ ਰੱਖ ਰਹੀ ਹੈ ਅਤੇ ਇਸ ਦਿਨ ਉਹ ਪੂਰੀ ਤਰ੍ਹਾਂ ਸੁਹਾਗਣਾ ਦੀ ਤਰ੍ਹਾਂ ਤਿਆਰ ਹੁੰਦੀ ਸੀ। ਦੋ ਦਿਨ ਪਹਿਲਾਂ ਹੀ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਉਸਨੇ ਕਿਹਾ, ‘ਪਾਪਾ ਜੀ ਦੀ ਕਮਰ ਵਿਚ ਦਰਦ ਰਹਿੰਦਾ ਹੈ, ਉਹ ਦਰਦ ਕਾਰਨ ਪਰੇਸ਼ਾਨ ਹੋ ਰਹੇ ਹੋਣਗੇ ਇਸ ਲਈ ਮੇਰਾ ਉਥੇ ਜਾਣਾ ਜ਼ਰੂਰੀ ਹੈ’। ਇਕ ਡਾਕਟਰ ਨੇ ਹਨੀਪ੍ਰੀਤ ਨੂੰ ਪੁੱਛਿਆ ਕਿ ‘ਕੀ ਤੁਸੀਂ ਡਾਕਟਰ ਹੋ ਜਾਂ ਫਿਰ ਕੋਈ ਡਿਗਰੀ ਲਈ ਹੋਈ ਹੈ ਜੋ ਬਾਬਾ ਦੇ ਦਰਦ ਹੋਣ ‘ਤੇ ਉਥੇ ਜਾਣ ਦੀ ਗੱਲ ਕਰ ਰਹੇ ਹੋ।’
ਰਾਮ ਰਹੀਮ ਦਾ ਕਰਵਾਚੌਥ ਸੁੱਕਾ ਲੰਘਿਆ
ਨਵੀਂ ਦਿੱਲੀ : ਸਮਾਂ ਬੜਾ ઠਬਲਵਾਨ ਤੇ ਸਮਰੱਥ ਹੈ। ਇਸ ਦੇ ਚੱਕਰ ਵਿਚ ਕਈ ਵਾਰ ਅਜਿਹਾ ਵੀ ਹੋ ਵਾਪਰਦਾ ਹੈ ਜਿਸ ਬਾਰੇ ਕਦੇ ਸੋਚਿਆ ਨਹੀਂ ਹੁੰਦਾ। ਇਵੇਂ ਹੀ ਸਮੇਂ ਦੇ ਬਦਲਦੇ ਚੱਕਰ ਕਾਰਨ ਡੇਰਾ ਸਿਰਸਾ ਮੁਖੀ ਰਾਮ ਰਹੀਮ ਜੇਲ੍ਹ ਵਿਚ ਤੇ ਹਨੀਪ੍ਰੀਤ ਹਵਾਲਾਤ ਵਿਚ ਹੈ। ਰਾਮ ਰਹੀਮ ਦੇ ਕਈ ਡੇਰਿਆਂ ‘ਤੇ ਤਾਲੇ ਵੱਜ ਚੁੱਕੇ ਹਨ ਅਜਿਹੇ ਵਿਚ ਰਾਮ ਰਹੀਮ ਦਾ ਇਹ ਕਰਵਾਚੌਥ ਵੀ ਸੁੱਕਾ ਲੰਘ ਗਿਆ। ਇਸ ਵਾਰ ਨਾ ਤਾਂ ਕਰਵਾਚੌਥ ‘ਤੇ ਕਿਸੇ ਸਮਾਰੋਹ ਦਾ ਆਯੋਜਨ ਹੋ ਸਕਿਆ ਤੇ ਨਾ ਹੀ ਔਰਤਾਂ ਨੇ ਉਸ ਲਈ ਵਰਤ ਰੱਖਿਆ ਕਿਉਂਕਿ ਅਜਿਹਾ ਉਹ ਹਰ ਸਾਲ ਕਰਵਾਉਂਦਾ ਸੀ। ਜਿਵੇਂ ਕਿ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾਚੌਥ ਵਰਤ ਰੱਖਦੀਆਂ ਹਨ। ਉਸੇ ਤਰ੍ਹਾਂ ਰਾਮ ਰਹੀਮ ਆਪਣੇ ਪ੍ਰੇਮੀਆਂ ਨੂੰ ਇਹ ਵਰਤ ਰਖਵਾਉਂਦਾ ਸੀ। ਉਹ ਆਪਣੀ ਲੰਬੀ ਉਮਰ ਲਈ ਡੇਰਾ ਪ੍ਰੇਮਣਾਂ ਨੂੰ ਵਰਤ ਰੱਖਣ ਲਈ ਕਹਿੰਦਾ ਸੀ। ਗੁਰਮੀਤ ਦੀ ਗ੍ਰਿਫਤਾਰੀ ਮਗਰੋਂ ਅਜਿਹਾ ਹੀ ਇਕ ਵੀਡੀਓ ਵਾਇਰਲ ਹੋਇਆ ਸੀ ।
ਹਨੀਪ੍ਰੀਤ ਵਾਰ-ਵਾਰ ਆਪਣੇ ਬਿਆਨ ਬਦਲਣ ਲੱਗੀ
ਪੰਚਕੂਲਾ/ਬਿਊਰੋ ਨਿਊਜ਼ : 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਬੇਟੀ ਹਨੀਪ੍ਰੀਤ ਪੁਲਿਸ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ। ਪੁਲਿਸ ਹਨੀਪ੍ਰੀਤ ਨੂੰ ਲੈ ਕੇ ਥਾਂ-ਥਾਂ ਘੁੰਮ ਰਹੀ ਹੈ ਪਰ ਕਿਸੇ ਵੀ ਤਰ੍ਹਾਂ ਦੀ ਖਾਸ ਜਾਣਕਾਰੀ ਹੱਥ ਨਹੀਂ ਲੱਗੀ। ਪੁਲਿਸ ਹੁਣ ਹਨੀਪ੍ਰੀਤ ਨੂੰ ਪੁੱਛਗਿੱਛ ਦੇ ਲਈ ਗੁਪਤ ਸਥਾਨ ‘ਤੇ ਲੈ ਗਈ ਹੈ, ਜਿਸ ਲਈ ਪੁਲਿਸ ਨੇ 300 ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਕਿ ਅਧਿਕਾਰੀ ਵਾਰ-ਵਾਰ ਪੁੱਛਣਗੇ। ਹਨੀਪ੍ਰੀਤ ਵਾਰ-ਵਾਰ ਆਪਣਾ ਬਿਆਨ ਬਦਲ ਰਹੀ ਹੈ।ઠ
ਹਨੀਪ੍ਰੀਤ ਨੂੰ ਗੁਪਤ ਸਥਾਨ ‘ਤੇ ਭੇਜਣ ਲਈ ਪੁਲਿਸ ਨੇ ਸ਼ਨੀਵਾਰ ਨੂੰ ਇਕ ਡਰਾਮਾ ਕੀਤਾ। ਪੁਲਿਸ ਵਲੋਂ ਮੀਡੀਆ ਨੂੰ ਚਕਮਾ ਦੇਣ ਦੇ ਲਈ ਡਮੀ ਹਨੀਪ੍ਰੀਤ ਤਿਆਰ ਕੀਤੀ ਗਈ। ਦੋ ਵਾਰ ਪੁਲਿਸ ਵਲੋਂ ਸਰਕਾਰੀ ਗੱਡੀਆਂ ਵਿਚ ਪੁਲਿਸ ਅਮਲੇ ਦੇ ਨਾਲ ਡਮੀ ਹਨੀਪ੍ਰੀਤ ਨੂੰ ਚੰਡੀਮੰਦਿਰ ਥਾਣੇ ਵਿਚੋਂ ਕੱਢਿਆ ਗਿਆ। ਪਹਿਲੀ ਗੱਡੀ ਦੇ ਪਿੱਛੇ ਮੀਡੀਆ ਦੀਆਂ ਗੱਡੀਆਂ ਵੀ ਲੱਗ ਗਈਆਂ। ਇਸ ਤੋਂ ਬਾਅਦ ਇਕ ਹੋਰ ਗੱਡੀ ਵਿਚ ਹਨੀਪ੍ਰੀਤ ਅਤੇ ਉਸਦੀ ਸਹਿਯੋਗੀ ઠਸੁਖਦੀਪ ਕੌਰ ਦੀ ਡਮੀ ਨੂੰ ਕੱਢਿਆ ਗਿਆ, ਜਿਹੜੇ ਮੀਡੀਆ ਵਾਲੇ ਬਚੇ ਸਨ ਉਹ ਉਸ ਗੱਡੀ ਦੇ ਪਿੱਛੇ ਲੱਗ ਗਏ। ਇਹ ਦੋਵੇਂ ਗੱਡੀਆਂ ਰਾਜਪੂਰਾ ‘ਤੋਂ ਘੁੰਮ ਕੇ ਵਾਪਸ ਆ ਗਈਆਂ। ਗੱਡੀਆਂ ‘ਚ ਨਕਲੀ ਹਨੀਪ੍ਰੀਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਔਰਤਾਂ ਚੁੰਨੀ ਉਤਾਰ ਕੇ ਥਾਣੇ ‘ਚ ਵੜਣ ਲੱਗੀਆਂ। ਇਹ ਔਰਤਾਂ ਹਰਿਆਣਾ ਪੁਲਿਸ ਕਰਮਚਾਰੀ ਸਨ। ਇਸ ਤੋਂ ਬਾਅਦ ਪੁਲਿਸ ਸੂਤਰਾਂ ਨੇ ਦੱਸਿਆ ਕਿ ਹਨੀਪ੍ਰੀਤ ਨੂੰ ਸਿਰਸਾ ਅਤੇ ਫਤੇਹਾਬਾਦ ਵਿਚ ਨਿਸ਼ਾਨਦੇਹੀ ਲਈ ਲੈ ਗਏ ਹਨ। ਹਨੀਪ੍ਰੀਤ ਨੇ ਆਪਣੇ ਵਕੀਲ ਨੂੰ ਕਿਹਾ ਕਿ ਪੁਲਿਸ ਉਸ ਨੂੰ ਟਾਰਚਰ ਕਰ ਰਹੀ ਹੈ। ਉਸਨੇ ਕੋਰਟ ਪੇਸ਼ੀ ਦੌਰਾਨ ਵੀ ਕਿਹਾ ਸੀ ਕਿ ਪੁਲਿਸ ਉਸ ਨੂੰ ਪੇਰਸ਼ਾਨ ਕਰ ਰਹੀ ਹੈ। ਹਨੀਪ੍ਰੀਤ ਦੇ ਇਸ ਬਿਆਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਸਫਾਈ ਦੇਣੀ ਪਈ ਸੀ, ਜਿਸ ਤੋਂ ਬਾਅਦ ਪੁਲਿਸ ਹਨੀਪ੍ਰੀਤ ਨਾਲ ਨਰਮੀ ਵਰਤ ਰਹੀ ਹੈ।
ਪਰਿਵਾਰ ਨੂੰ ਵੇਖ ਕੇ ਭੁੱਬੀਂ ਰੋਇਆ ਰਾਮ ਰਹੀਮ : ਰੋਹਤਕ : ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ ਲਈ ਸੋਮਵਾਰ ਵਾਲੇ ਦਿਨ ਮਾਂ ਨਸੀਬ ਕੌਰ ਸੁਨਾਰੀਆ ਜੇਲ੍ਹ ‘ਚ ਪਹੁੰਚੀ। ਇਸ ਵਾਰ ਉਨ੍ਹਾਂ ਨਾਲ ਬੇਟਾ, ਬੇਟੀ ਅਤੇ ਜਵਾਈ ਵੀ ਸਨ। ਜੇਲ੍ਹ ਸੂਤਰਾਂ ਮੁਤਾਬਕ ਪਰਿਵਾਰਕ ਮੈਂਬਰਾਂ ਨੂੰ ਸਾਹਮਣੇ ਵੇਖ ਕੇ ਰਾਮ ਰਹੀਮ ਜ਼ੋਰ-ਜ਼ੋਰ ਨਾਲ ਰੋਣ ਲੱਗਾ, ਇਸ ਮਗਰੋਂ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿਚ ਵੀ ਅੱਥਰੂ ਆ ਗਏ।

 

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …