ਕਿਹਾ : ਭਵਿੱਖ ‘ਚ ਟੈਰਿਫ ਹਟਣ ਦੀ ਨਹੀਂ ਉਮੀਦ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੱਸਿਆ ਕਿ ਉਨ੍ਹਾਂ ਨੇ ਲੰਘੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ, ਪਰ ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਟੈਰਿਫਾਂ ਦੀ ਭਵਿੱਖ ਵਿਚ ਹਟਣ ਦੀ ਉਮੀਦ ਨਹੀਂ ਦਿਖਾਈ ਦੇ ਰਹੀ। ਜ਼ਿਕਰਯੋਗ ਹੈ ਕਿ ਇਹ ਗੱਲਬਾਤ ਉਦੋਂ ਹੋਈ ਜਦੋਂ ਕੈਨੇਡਾ ਨੇ ਜ਼ਿਆਦਾਤਰ ਅਮਰੀਕੀ ਸਮਾਨ ‘ਤੇ ਲੱਗੇ ਜਵਾਬੀ ਟੈਰਿਫ ਹਟਾ ਦਿੱਤੇ ਹਨ। ਇਹ ਕਦਮ ਕਾਰਨੀ ਦੀ ਸਰਕਾਰ ਵੱਲੋਂ ਇੱਕ ਚੰਗੀ ਨੀਅਤ ਵਾਲਾ ਸੰਕੇਤ ਮੰਨਿਆ ਜਾ ਰਿਹਾ ਹੈ, ਤਾਂ ਜੋ ਅਮਰੀਕਾ ਵੀ ਆਪਣੇ ਟੈਰਿਫ ਹਟਾਉਣ ਵੱਲ ਕਦਮ ਚੁੱਕੇ। ਕਾਰਨੀ ਨੇ ਟਰੰਪ ਨਾਲ ਹੋਈ ਗੱਲਬਾਤ ਨੂੰ ਚੰਗੀ ਗੱਲਬਾਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦੋਨਾਂ ਨੇ ਵਪਾਰ ਤੋਂ ਲੈ ਕੇ ਭੂ-ਰਾਜਨੀਤਕ ਅਤੇ ਲੇਬਰ ਮਸਲਿਆਂ ਸਮੇਤ ਕਈ ਮਾਮਲਿਆਂ ‘ਤੇ ਲੰਬੀ ਚਰਚਾ ਕੀਤੀ। ਕਾਰਨੀ ਨੇ ਇਹ ਵੀ ਦੱਸਿਆ ਕਿ ਪ੍ਰੀਵੀ ਕਾਉਂਸਿਲ ਦੇ ਉਨ੍ਹਾਂ ਦੇ ਨਵੇਂ ਕਲਰਕ ਮਾਈਕਲ ਸੇਬੀਆ ਵਾਸ਼ਿੰਗਟਨ ਦੌਰੇ ‘ਤੇ ਹਨ, ਜਿੱਥੇ ਉਹ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤਾਂ ਕਰ ਰਹੇ ਹਨ। ਕਾਰਨੀ ਨੇ ਕਿਹਾ ਕਿ ਤੁਰੰਤ ਕੋਈ ਵੱਡੀ ਤਬਦੀਲੀ ਦੀ ਉਮੀਦ ਨਹੀਂ ਹੈ, ਪਰ ਅਸੀਂ ਅਜਿਹੀਆਂ ਚਰਚਾਵਾਂ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਹਾਲੇ ਤੱਕ ਇਸ ਗੱਲਬਾਤ ਬਾਰੇ ਕੋਈ ਅਧਿਕਾਰਕ ਰੀਡਆਉਟ ਜਾਰੀ ਨਹੀਂ ਕੀਤਾ ਗਿਆ। ਦੂਜੇ ਪਾਸੇ ਕੰਸਰਵੇਟਿਵ ਲੀਡਰ ਪੀਅਰ ਪੌਲੀਏਵਰ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਜਵਾਬੀ ਟੈਰਿਫ ਹਟਾਉਣ ਦੇ ਇਸ ਕਦਮ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਵੱਲੋਂ ਕਮਜ਼ੋਰ ਅਤੇ ਹਾਰ ਮੰਨਣ ਵਾਲਾ ਫੈਸਲਾ ਹੈ।
ਪੀਐਮ ਨਰਿੰਦਰ ਮੋਦੀ ਦਾ ਪੰਜਾਬ ਵੱਲ ਧਿਆਨ ਨਾ ਦੇਣਾ ਦੁਖਦਾਈ : ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਨ੍ਹਾਂ ਵਲੋਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਵੱਲ ਧਿਆਨ ਨਾ ਦੇਣਾ ਅਤੀ ਦੁਖਦਾਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਪ੍ਰਗਟਾਵਾ ਸ਼ੋਸ਼ਲ ਮੀਡੀਆ ਰਾਹੀਂ ਕੀਤਾ ਹੈ। ਸਾਬਕਾ ਜਥੇਦਾਰ ਨੇ ਆਪਣਾ ਇਹ ਪ੍ਰਤੀਕਰਮ ਪੀਐਮ ਮੋਦੀ ਵਲੋਂ ਅਫਗਾਨਿਸਤਾਨ ‘ਚ ਆਏ ਭੂਚਾਲ ਦੌਰਾਨ ਹੋਏ ਜਾਨੀ ਨੁਕਸਾਨ ‘ਤੇ ਕੀਤੇ ਗਏ ਦੁੱਖ ਦੇ ਪ੍ਰਗਟਾਵੇ ਦੇ ਪ੍ਰਤੀਕਰਮ ਵਜੋਂ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਫਗਾਨਿਸਤਾਨ ਵਿਚ ਭੂਚਾਲ ਨਾਲ ਪ੍ਰਭਾਵਿਤ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਸੀ।