ਚੰਡੀਗੜ੍ਹ/ਬਿਊਰੋ ਨਿਊਜ਼
ਵਿਧਾਨ ਸਭਾ ਵਿਚ ਪਾਸ ਕੀਤੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਬਾਰੇ ਬਿੱਲ ‘ਤੇ ਸੂਬੇ ਦੇ ਗਵਰਨਰ ਤੋਂ ਮੋਹਰ ਲਵਾਉਣ ਗਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਿੱਲ ਦੀ ਕਾਪੀ ਘਰ ਹੀ ਭੁੱਲ ਗਏ। ਮੁੱਖ ਮੰਤਰੀ ਬਾਦਲ ਸਮੂਹ ਵਿਧਾਇਕਾਂ ਸਮੇਤ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਬਿੱਲ ‘ਤੇ ਦਸਤਖਤ ਕਰਨ ਦੀ ਅਪੀਲ ਕਰਨ ਪਹੁੰਚੇ ਤਾਂ ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਕਾਪੀ ਮਿਲੀ ਹੀ ਨਹੀਂ। ਇਸ ‘ਤੇ ਜਦ ਬਾਦਲ ਸਾਹਿਬ ਤੋਂ ਕਾਪੀ ਮੰਗੀ ਗਈ ਤਾਂ ਉਨ੍ਹਾਂ ਦੇ ਹੱਥ ਖਾਲੀ ਨਜ਼ਰ ਆਏ। ਇਸ ‘ਤੇ ਵਿਰੋਧੀ ਧਿਰ ਕਾਂਗਰਸ ਨੇ ਵਿਅੰਗ ਵੀ ਕੱਸਿਆ ਹੈ। ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਜਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਿਆਂ ਦਰਿਆਈ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਵਾਲਾ ਬਿੱਲ ਪਾਸ ਕਰਕੇ ਰਾਜਪਾਲ ਦੇ ਦਸਤਖਤ ਕਰਵਾਉਣ ਪਹੁੰਚੇ ਸਨ ਤਾਂ ਉਹ ਬਿੱਲ ਦੀ ਕਾਪੀ ਆਪਣੇ ਨਾਲ ਵੀ ਲੈ ਕੇ ਗਏ ਸਨ। ਅਜਿਹਾ ਇਸ ਲਈ ਕੀਤਾ ਗਿਆ ਸੀ ਕਿ ਬਿੱਲ ਨੂੰ ਤੁਰੰਤ ਬਿਨਾਂ ਕਿਸੇ ਰੁਕਾਵਟ ਦੇ ਪਾਸ ਕਰਵਾਇਆ ਜਾ ਸਕੇ। ਇਸ ਮੁੱਦੇ ‘ਤੇ ਬਚਾਅ ਕਰਦਿਆਂ ਪੰਜਾਬ ਦੇ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੋਈ ਵੀ ਬਿੱਲ ਦੀ ਵੱਖਰੀ ਕਾਪੀ ਨਾਲ ਨਹੀਂ ਲੈ ਕੇ ਗਿਆ ਸੀ। ਇਹ ਕਾਪੀ ਸਹੀ ਚੈਨਲ ਰਾਹੀਂ ਗਵਰਨਰ ਸਾਹਿਬ ਕੋਲ ਪਹੁੰਚੇਗੀ। ਜ਼ਿਕਰਯੋਗ ਹੈ ਕਿ ਐਸਵਾਈਐਲ ਦੀ ਜ਼ਮੀਨ ਕਿਸਾਨਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਵਾਪਸ ਕਰਨ ਲਈ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਬਿੱਲ ਦੀ ਮਨਜ਼ੂਰੀ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਵਿਧਾਇਕਾਂ ਨੇ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਦੀ ਅਗਵਾਈ ਵਿੱਚ ਰਾਜਪਾਲ ਨੂੰ ਮਿਲਣ ਲਈ ਸਾਰੇ ਵਿਧਾਇਕ ਇਕੱਠੇ ਗਏ ਪਰ ਬਾਹਰ ਆ ਕੇ ਕਾਂਗਰਸ ਨੇ ਪੰਜਾਬ ਸਰਕਾਰ ਉੱਤੇ ਗੰਭੀਰਤਾ ਨਾ ਦਿਖਾਉਣ ਦਾ ਦੋਸ਼ ਲਗਾਇਆ। ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਪੰਜਾਬ ਸਰਕਾਰ ਨੂੰ ਯਕੀਨ ਹੈ ਕਿ ਉਹ ਵਿਧਾਨ ਸਭਾ ਵਿੱਚ ਪਾਸ ਬਿੱਲ ਨੂੰ ਮਨਜ਼ੂਰੀ ਦੇਣਗੇ।
ਕਾਂਗਰਸੀ ਦੇ ਕੇ ਆਏ ਗਵਰਨਰ ਨੂੰ ਬਿਲ ਦੀ ਕਾਪੀ
ਬੁਧਵਾਰ ਨੂੰ ਪੰਜਾਬ ਵਿਧਾਨ ਸਭਾ ਵਿਚ ਕਾਂਗਰਸੀ ਵਾਕਆਊਟ ਕਰਕੇ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਐਸ ਵਾਈ ਐਲ ਮੁੱਦੇ ‘ਤੇ ਪਾਸ ਹੋਏ ਬਿਲ ਦੀ ਕਾਪੀ ਸੌਂਪਣ ਪਹੁੰਚ ਗਏ।
ਪੰਜਾਬ ਨੇ ਹਰਿਆਣਾ ਨੂੰ ਮੋੜੇ 191.75 ਕਰੋੜ
ਐਸ ਵਾਈ ਐਲ ਨਹਿਰ ਦੇ ਲਈ ਹਰਿਆਣਾ ਵੱਲੋਂ ਦਿੱਤੇ ਗਏ ਸਾਰੇ ਫੰਡਾਂ ਦੀ ਰਕਮ ਪੰਜਾਬ ਨੇ ਕੈਬਨਿਟ ਵਿਚ ਫੈਸਲਾ ਲੈ ਕੇ ਮੋੜ ਦਿੱਤੀ। ਬੁੱਧਵਾਰ ਨੂੰ ਪੰਜਾਬ ਸਰਕਾਰ ਨੇ 191.75 ਕਰੋੜ ਦਾ ਚੈਕ ਹਰਿਆਣਾ ਨੂੰ ਭੇਜਿਆ ਪਰ ਹਰਿਆਣਾ ਸਰਕਾਰ ਨੇ ਚੈਕ ਸਵੀਕਾਰ ਨਹੀਂ ਕੀਤਾ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …