Breaking News
Home / ਹਫ਼ਤਾਵਾਰੀ ਫੇਰੀ / ਚੰਦ ‘ਤੇ ਪੁੱਜਾ ਭਾਰਤ

ਚੰਦ ‘ਤੇ ਪੁੱਜਾ ਭਾਰਤ

ਭਾਰਤ ਨੇ ਪੁਲਾੜ ਵਿੱਚ ਇਤਿਹਾਸ ਸਿਰਜਿਆ
ਚੰਦਰਮਾ ਦੇ ਦੱਖਣੀ ਧਰੁਵ ਉੱਤੇ ਉਤਰਨ ਵਾਲਾ ਪਹਿਲਾ ਮੁਲਕ ਬਣਿਆ ਭਾਰਤ
ਬੰਗਲੂਰੂ/ਬਿਊਰੋ ਨਿਊਜ਼ : ਭਾਰਤ ਦੇ ਮੂਨ ਮਿਸ਼ਨ ਚੰਦਰਯਾਨ-3 ਨੇ ਬੁੱਧਵਾਰ ਨੂੰ ਚੰਨ ਦੇ ਦੱਖਣੀ ਧਰੁਵ ‘ਤੇ ਉੱਤਰ ਕੇ ਪੁਲਾੜ ਵਿਚ ਇਤਿਹਾਸ ਸਿਰਜ ਦਿੱਤਾ ਹੈ। ਭਾਰਤ ਦੀ ਇਹ ਸਫ਼ਲਤਾ ਇਸ ਦੇ ਪੁਲਾੜ ਪ੍ਰੋਗਰਾਮ ਲਈ ਵੱਡੀ ਪੁਲਾਂਘ ਹੈ। ਚੰਦਰਯਾਨ-3 ਦਾ ਲੈਂਡਰ ਮੌਡਿਊਲ ‘ਵਿਕਰਮ’ 23 ਅਗਸਤ ਨੂੰ ਬੁੱਧਵਾਰ ਸ਼ਾਮੀਂ 6:04 ਵਜੇ ਚੰਨ ਦੀ ਸਤਹਿ ‘ਤੇ ਉੱਤਰ ਗਿਆ। ਅਮਰੀਕਾ, ਚੀਨ ਤੇ ਸੋਵੀਅਤ ਰੂਸ ਮਗਰੋਂ ਭਾਰਤ ਧਰਤੀ ਦੇ ਇਕੋ ਇਕ ਕੁਦਰਤੀ ਉਪਗ੍ਰਹਿ ਚੰਨ ‘ਤੇ ਪਹੁੰਚਣ ਵਾਲਾ ਚੌਥਾ ਤੇ ਇਸ ਦੇ ਦੱਖਣੀ ਧਰੁਵ ‘ਤੇ ਸਫ਼ਲ ਲੈਂਡਿੰਗ ਕਰਨ ਵਾਲਾ ਪਹਿਲਾ ਮੁਲਕ ਬਣ ਗਿਆ ਹੈ। ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਤੋਂ ਫੌਰੀ ਮਗਰੋਂ ਲੈਂਡਰ ਤੇ ਪੁਲਾੜ ਏਜੰਸੀ ਦੇ ਮਿਸ਼ਨ ਅਪਰੇਸ਼ਨਜ਼ ਕੰਪਲੈਕਸ (ਐੱਮਓਐੱਕਸ) ਵਿਚਾਲੇ ਸੰਪਰਕ ਸਥਾਪਿਤ ਹੋ ਗਿਆ ਹੈ। ਇਸਰੋ ਨੇ ਲੈਂਡਰ ਦੇ ਹੋਰੀਜ਼ੌਂਟਲ ਵੈਲੋਸਿਟੀ ਕੈਮਰੇ ਤੋਂ ਚੰਨ ਦੀ ਸਤਹਿ ਵੱਲ ਉਤਰਾਈ ਮੌਕੇ ਖਿੱਚੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਐੱਮਓਐੱਕਸ ਇਸਰੋ ਟੈਲੀਮੀਟਰੀ, ਟਰੈਕਿੰਗ ਤੇ ਕਮਾਂਡ ਨੈੱਟਵਰਕ ਵਿੱਚ ਸਥਾਪਿਤ ਹੈ। ਇਸਰੋ ਦਾ ਚੰਨ ਵੱਲ ਇਹ ਤੀਜਾ ਮਿਸ਼ਨ ਸੀ। ਇਸ ਤੋਂ ਪਹਿਲਾਂ ਭਾਰਤ ਨੇ 2008 ਤੇ 2019 ਵਿੱਚ ਵੀ ਚੰਨ ਵੱਲ ਉਡਾਣ ਭਰੀ ਸੀ। ਭਾਰਤ ਨੇ ਇਹ ਪ੍ਰਾਪਤੀ ਅਜਿਹੇ ਮੌਕੇ ਕੀਤੀ ਹੈ ਜਦੋਂ ਰੂਸ ਦਾ ਲੈਂਡਰ ਲੂਨਾ-25 ਐਤਵਾਰ ਨੂੰ ਲੈਂਡਿੰਗ ਮੌਕੇ ਤਕਨੀਕੀ ਕਾਰਨਾਂ ਕਰਕੇ ਕਰੈਸ਼ ਹੋ ਗਿਆ ਸੀ। ਲੈਂਡਰ ਮੌਡਿਊਲ ਵਿੱਚ ਲੈਂਡਰ (ਵਿਕਰਮ) ਤੇ 26 ਕਿਲੋ ਵਜ਼ਨ ਦਾ ਰੋਵਰ (ਪ੍ਰਗਿਆਨ) ਸ਼ਾਮਲ ਹਨ।
ਪਿਛਲੇ ਚਾਰ ਸਾਲਾਂ ਵਿੱਚ ਭਾਰਤ ਦੇ ਮਿਸ਼ਨ ਮੂਨ ਤਹਿਤ ਇਹ ਦੂਜੀ ਕੋਸ਼ਿਸ਼ ਸੀ। ਉਂਜ ਭਾਰਤ ਦੂਜੀ ਸਫ਼ਲ ਕੋਸ਼ਿਸ਼ ਨਾਲ ਚੰਨ ਦੀ ਸਤਹਿ ‘ਤੇ ਸਾਫ਼ਟ ਲੈਂਡਿੰਗ ਤਕਨਾਲੋਜੀ ਵਿੱਚ ਮਾਹਿਰ ਬਣਨ ਵਾਲਾ ਚੌਥਾ ਮੁਲਕ ਬਣ ਗਿਆ ਹੈ। ਉਂਜ ਚੰਦਰਯਾਨ-3 ਆਪਣੇ ਤੋਂ ਪਹਿਲਾਂ ਭੇਜੇ ਚੰਦਰਯਾਨ-2 ਦਾ ਹੀ ਫਾਲੋਆਨ ਮਿਸ਼ਨ ਹੈ ਤੇ ਇਸ ਦਾ ਮੁੱਖ ਮੰਤਵ ਚੰਨ ਦੀ ਸਤਹਿ ‘ਤੇ ਸੁਰੱਖਿਅਤ ਤੇ ਸਾਫ਼ਟ ਲੈਂਡਿੰਗ, ਚੰਨ ‘ਤੇ ਘੁੰਮਣਾ ਤੇ ਵਿਗਿਆਨਕ ਤਜਰਬੇ ਕਰਨ ਦੀ ਆਪਣੀ ਸਮਰੱਥਾ ਦਾ ਮੁਜ਼ਾਹਰਾ ਕਰਨਾ ਹੈ। ਸਾਲ 2019 ਵਿੱਚ ਵੀ ਇਸਰੋ ਨੇ ਚੰਦਰਯਾਨ-2 ਮਿਸ਼ਨ ਤਹਿਤ ਚੰਨ ਵੱਲ ਉਡਾਣ ਭਰੀ ਸੀ, ਪਰ 7 ਸਤੰਬਰ ਨੂੰ ਲੈਂਡਿੰਗ ਮੌਕੇ ਬ੍ਰੇਕਿੰਗ ਸਿਸਟਮ ਵਿੱਚ ਕੁਝ ਵਿਗਾੜਾਂ ਕਰਕੇ ਰਫ਼ਤਾਰ ਕੰਟਰੋਲ ਨਹੀਂ ਹੋ ਸਕੀ ਤੇ ਚੰਨ ਦੀ ਸਤਹਿ ‘ਤੇ ਉਤਰਨ ਤੋਂ ਪਹਿਲਾਂ ਹੀ ਲੈਂਡਰ ਮੌਡਿਊਲ ‘ਵਿਕਰਮ’ ਨੁਕਸਾਨਿਆ ਗਿਆ ਤੇ ਇਸ ਦਾ ਇਸਰੋ ਦੇ ਕੰਟਰੋਲ ਸੈਂਟਰ ਨਾਲੋਂ ਸੰਪਰਕ ਟੁੱਟ ਗਿਆ ਸੀ। ਉਂਜ ਭਾਰਤ ਨੇ ਚੰਨ ਵੱਲ ਪਲੇਠੀ ਉਡਾਣ 2008 ਵਿੱਚ ਭਰੀ ਸੀ।
ਚੰਦਰਯਾਨ-3 ਮਿਸ਼ਨ ‘ਤੇ 600 ਕਰੋੜ ਰੁਪਏ ਦੀ ਲਾਗਤ ਆਈ ਹੈ। ਚੰਦਰਯਾਨ ਨੇ 14 ਜੁਲਾਈ ਨੂੰ ਲਾਂਚ ਵਹੀਕਲ ਮਾਰਕ-3 (ਐੱਲਵੀਐੱਮ-3) ਰਾਕੇਟ ‘ਤੇ ਚੰਨ ਵੱਲ ਉਭਾਣ ਭਰੀ ਸੀ। ਚੰਦਰਯਾਨ-3 ਨੂੰ ਚੰਨ ਦੇ ਦੱਖਣੀ ਧਰੁਵ ਨੇੜੇ ਪੁੱਜਣ ਲਈ 41 ਦਿਨਾਂ ਦਾ ਸਮਾਂ ਲੱਗਾ। ਲੈਂਡਰ ਤੇ ਛੇ ਟਾਇਰਾਂ ਵਾਲਾ ਰੋਵਰ (ਦੋਵਾਂ ਦਾ ਵਜ਼ਨ ਕੁੱਲ ਮਿਲਾ ਕੇ 1752 ਕਿਲੋ) ਦਾ ਡਿਜ਼ਾਈਨ ਅਜਿਹਾ ਹੈ ਕਿ ਉਹ ਇਕ ਚੰਨ ਡੇਅਲਾਈਟ ਅਰਸੇ (ਲਗਪਗ 14 ਧਰਤੀ ਦਿਨ) ਤੱਕ ਅਪਰੇਟ ਕਰ ਸਕਣਗੇ। ਲੈਂਡਰ, ਜਿਸ ਦੀਆਂ ਚਾਰ ਲੱਤਾਂ ਹਨ, ਵਿਚ ਮਲਟੀਪਲ ਸੈਂਸਰ ਲੱਗੇ ਹਨ, ਜਿਨ੍ਹਾਂ ਚੰਨ ਦੀ ਸਤਹਿ ‘ਤੇ ਸੁਰੱਖਿਅਤ ਲੈਂਡਿੰਗ ਨੂੰ ਯਕੀਨੀ ਬਣਾਇਆ। ਲੈਂਡਰ ਵਿੱਚ ਲੱਗੇ ਹੋਰਨਾਂ ਉਪਕਰਨਾਂ ਵਿਚ ਐਕਸੀਲਰੋਮੀਟਰ, ਐਲਟੀਮੀਟਰਜ਼, ਡੋਪਲਰ ਵੈਲੋਸੀਮੀਟਰ, ਇਨਕਲਾਈਨੋਮੀਟਰ, ਟੱਚਡਾਊਨ ਸੈਂਸਰ ਤੇ ਪੁਜ਼ੀਸ਼ਨ ਨਾਲੇਜ ਲਈ ਕਈ ਕੈਮਰੇ ਲੱਗੇ ਹਨ। ਭਾਰਤ ਚੰਨ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਪਹਿਲਾ ਮੁਲਕ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਚੰਨ ਦੇ ਇਸ ਹਿੱਸੇ ਵਿੱਚ ਜੰਮੇ ਹੋਏ ਪਾਣੀ ਤੇ ਕੀਮਤੀ ਤੱਤਾਂ ਦੇ ਭੰਡਾਰ ਹਨ। ਲੈਂਡਰ ਮੌਡਿਊਲ ਨੇ ਚੰਨ ਦੀ ਸਤਹਿ ‘ਤੇ ਉਤਰਨ ਦਾ ਆਪਣਾ ਸਫ਼ਰ ਬੁੱਧਵਾਰ ਸ਼ਾਮੀਂ 5:44 ਵਜੇ ਸ਼ੁਰੂ ਕੀਤਾ ਸੀ ਤੇ ਇਸਰੋ ਵਿਗਿਆਨੀਆਂ ਲਈ ਇਹ ’20 ਮਿੰਟ’ ਬਹੁਤ ਅਹਿਮ ਤੇ ਭੈਅ ਵਾਲੇ ਸਨ। ਜਿਵੇਂ ਹੀ ਲੈਂਡਰ ਚੰਨ ‘ਤੇ ਉਤਰਿਆ ਤਾਂ ਇਸਰੋ ਦੇ ਵਿਗਿਆਨੀ ਮਿਸ਼ਨ ਅਪਰੇਸ਼ਨਜ਼ ਕੰਪਲੈਕਸ (ਐੱਮਓਐੱਕਸ) ਵਿਚ ਖ਼ੁਸ਼ੀ ਨਾਲ ਝੂਮ ਉੱਠੇ ਤੇ ਉਨ੍ਹਾਂ ਜੇਤੂ ਨਿਸ਼ਾਨ ਵੀ ਬਣਾਏ।
ਚੰਦਰਮਾ ਦੀ ਸਤਹਿ ‘ਤੇ 14 ਦਿਨਾ ਕੰਮ ਸ਼ੁਰੂ ਕਰੇਗਾ ਰੋਵਰ
ਬੰਗਲੂਰੂ: ਚੰਦਰਯਾਨ-3 ਦੇ ਚੰਦਰਮਾ ਦੀ ਸਤਹਿ ‘ਤੇ ਉਤਰਨ ਮਗਰੋਂ ਹੁਣ ਰੋਵਰ ਮੌਡਿਊਲ ਇਸਰੋ ਦੇ ਵਿਗਿਆਨੀਆਂ ਵੱਲੋਂ ਦਿੱਤੇ ਗਏ 14 ਦਿਨਾ ਕੰਮ ਸ਼ੁਰੂ ਕਰੇਗਾ। ਰੋਵਰ ਦੇ ਕੰਮਾਂ ‘ਚ ਚੰਦਰਮਾ ਦੀ ਸਤਹਿ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਉੱਥੇ ਪ੍ਰਯੋਗ ਕਰਨਾ ਸ਼ਾਮਲ ਹੈ। ‘ਵਿਕਰਮ’ ਲੈਂਡਰ ਦੇ ਚੰਦਰਮਾ ਦੇ ਦੱਖਣੀ ਧੁਰੇ ‘ਤੇ ਲੈਂਡਿੰਗ ਕਰਕੇ ਆਪਣਾ ਕੰਮ ਪੂਰਾ ਕਰਨ ਮਗਰੋਂ ਹੁਣ ਰੋਵਰ ‘ਪ੍ਰਗਯਾਨ’ ਦੇ ਚੰਦਰਮਾ ਦੀ ਸਤਹਿ ‘ਤੇ ਕਈ ਪ੍ਰਯੋਗ ਕਰਨ ਲਈ ਲੈਂਡਰ ਮੌਡਿਊਲ ‘ਚ ਬਾਹਰ ਨਿਕਲਣ ਦੀ ਸੰਭਾਵਨਾ ਹੈ। ਇਸਰੋ ਮੁਤਾਬਕ ਲੈਂਡਰ ਅਤੇ ਰੋਵਰ ਵਿੱਚ ਪੰਜ ਵਿਗਿਆਨਕ ਪੇਅਲੋਡ ਹਨ ਜਿਨ੍ਹਾਂ ਨੂੰ ਲੈਂਡਰ ਮੌਡਿਊਲ ਦੇ ਅੰਦਰ ਰੱਖਿਆ ਗਿਆ ਹੈ। ਲੈਂਡਰ ਅਤੇ ਰੋਵਰ ਦੋਵਾਂ ਦਾ ਜੀਵਨ ਕਾਲ ਇੱਕ-ਚੰਨ ਡੇਅਲਾਈਟ ਹੈ, ਜਿਹੜਾ ਧਰਤੀ ਦੇ 14 ਦਿਨਾਂ ਦੇ ਬਰਾਬਰ ਹੈ।
ਚੰਦ ‘ਤੇ ਲੈਂਡਿੰਗ ਸੱਚਮੁੱਚ ਯਾਦਗਾਰੀ ਮੌਕਾ : ਦਰੋਪਦੀ ਮੁਰਮੂ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੰਦਰਯਾਨ-3 ਦੀ ਚੰਨ ਦੀ ਸਤਹਿ ‘ਤੇ ਲੈਂਡਿੰਗ ਨੂੰ ‘ਯਾਦਗਾਰ ਮੌਕਾ’ ਕਰਾਰ ਦਿੱਤਾ ਹੈ, ਜੋ ਜੀਵਨ ਵਿੱਚ ਇਕ ਵਾਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਮੌਕੇ ਨੇ ਪੂਰੇ ਦੇਸ਼ ਨੂੰ ਮਾਣ ਬਖ਼ਸ਼ਿਆ ਹੈ। ਮੁਰਮੂ ਨੇ ਇਸਰੋ ਤੇ ਚੰਦਰਯਾਨ-3 ਮਿਸ਼ਨ ਨਾਲ ਜੁੜੇ ਹਰੇਕ ਸ਼ਖ਼ਸ ਨੂੰ ਵਧਾਈ ਦਿੱਤੀ।
ਅਸੀਂ ਨਵੇਂ ਭਾਰਤ ਦੀ ਨਵੀਂ ਉਡਾਣ ਦੇ ਗਵਾਹ ਬਣੇ ਹਾਂ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਦੀ ਚੰਦਰਮਾ ‘ਤੇ ਸਫ਼ਲ ਲੈਂਡਿੰਗ ਨੂੰ ਇਤਿਹਾਸਕ ਪਲ ਕਰਾਰ ਦਿੰਦਿਆਂ ਦੇਸ਼ ਨੂੰ ਵਧਾਈ ਦਿੱਤੀ ਹੈ। ਚੰਦਰਯਾਨ ਦੀ ਸਾਫ਼ਟ ਲੈਂਡਿੰਗ ਦੇਖਣ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਇਸਰੋ ਦੇ ਵਿਗਿਆਨੀਆਂ ਨਾਲ ਜੁੜੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰਾਪਤੀ ਨੇ ਵਿਕਸਤ ਭਾਰਤ ਦਾ ਬਿਗੁਲ ਵਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਚੰਨ ‘ਤੇ ਪਹੁੰਚ ਗਿਆ ਹੈ ਤੇ ਇਹ ਸਫ਼ਲਤਾ ਸਮੁੱਚੀ ਮਾਨਵਤਾ ਦੀ ਹੈ। ਜੌਹੈੱਨਸਬਰਗ ਤੋਂ ਇਸਰੋ ਵਿਗਿਆਨੀਆਂ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਨੇ ‘ਧਰਤੀ ‘ਤੇ ਪ੍ਰਣ ਕੀਤਾ ਸੀ ਤੇ ਇਸ ਨੂੰ ਪੂਰਾ ਚੰਨ ‘ਤੇ ਕੀਤਾ।” ਉਨ੍ਹਾਂ ਕਿਹਾ, ”ਇਹ ਸਦਾ ਲਈ ਖੁਸ਼ੀ ਮਨਾਉਣ ਦਾ ਪਲ ਹੈ।” ਪ੍ਰਧਾਨ ਮੰਤਰੀ ਨੇ ਕਿਹਾ, ”ਭਾਰਤ ਹੁਣ ਚੰਨ ‘ਤੇ ਪਹੁੰਚ ਗਿਆ ਹੈ ਤੇ ਹੁਣ ‘ਚੰਦਰ ਪਥ’ ਉੱਤੇ ਤੁਰਨ ਦਾ ਵੇਲਾ ਹੈ।” ਮੋਦੀ ਨੇ ਕਿਹਾ, ”ਅਸੀਂ ਨਵੇਂ ਭਾਰਤ ਦੀ ਨਵੀਂ ਉਡਾਣ ਦੇ ਗਵਾਹ ਬਣੇ ਹਾਂ। ਨਵਾਂ ਇਤਿਹਾਸ ਲਿਖਿਆ ਗਿਆ ਹੈ।”
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਰਿਤਿਕ ਰੌਸ਼ਨ, ਕਰੀਨਾ ਕਪੂਰ ਖ਼ਾਨ, ਮਨੋਜ ਬਾਜਪਈ, ਚਿਰੰਜੀਵੀ, ਅਜੈ ਦੇਵਗਨ, ਕਾਰਤਿਕ ਆਰੀਅਨ, ਜੂਨੀਅਰ ਐੱਨਟੀਆਰ ਤੇ ਸੰਨੀ ਦਿਓਲ ਸਣੇ ਹੋਰਨਾਂ ਫਿਲਮੀ ਹਸਤੀਆਂ ਨੇ ਇਸਰੋ ਨੂੰ ‘ਭਾਰਤ ਦਾ ਮਾਣ’ ਕਰਾਰ ਦਿੱਤਾ ਹੈ। ਉੱਘੇ ਵਿਗਿਆਨੀਆਂ ਡਾ.ਕ੍ਰਿਸਫਿਨ ਕਾਰਤਿਕ, ਪ੍ਰੋਫੈਸਰ ਆਕਾਸ਼ ਸਿਨਹਾ, ਸੰਦੀਪ ਚੱਕਰਬਰਤੀ, ਡਾ. ਟੀ. ਵੀ. ਵੈਂਕਟੇਸ਼ਵਰਨ ਆਦਿ ਨੇ ਵੀ ਮਿਸ਼ਨ ਦੀ ਸਫ਼ਲਤਾ ਨੂੰ ਸਲਾਹਿਆ ਹੈ।
ਹੁਣ ਮੰਗਲ ਗ੍ਰਹਿ ਵੱਲ ਨਜ਼ਰਾਂ : ਇਸਰੋ ਮੁਖੀ
ਬੰਗਲੂਰੂ: ਇਸਰੋ ਚੇਅਰਮੈਨ ਐੱਸ.ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਦਾ ਸਿਹਰਾ ਉਨ੍ਹਾਂ ਸਾਰੇ ਵਿਗਿਆਨੀਆਂ ਸਿਰ ਬੱਝਦਾ ਹੈ, ਜਿਨ੍ਹਾਂ ਪੂਰੀ ਲਗਨ ਨਾਲ ਕੰਮ ਕਰਦਿਆਂ ‘ਪੀੜ ਤੇ ਸੰਤਾਪ’ ਝੱਲਿਆ। ਉਨ੍ਹਾਂ ਕਿਹਾ ਕਿ ਹੁਣ ਨਜ਼ਰਾਂ ਮੰਗਲ ਗ੍ਰਹਿ ਵੱਲ ਹਨ। ਇਸਰੋ ਮੁਖੀ ਨੇ ਭਰੋਸਾ ਜਤਾਇਆ ਕਿ ਪੁਲਾੜ ਏਜੰਸੀ ਆਉਂਦੇ ਸਾਲਾਂ ਵਿੱਚ ਇਸੇ ਤਰ੍ਹਾਂ ਮੰਗਲ ਗ੍ਰਹਿ ‘ਤੇ ਸਫ਼ਲਤਾ ਨਾਲ ਸਪੇਸਕ੍ਰਾਫਟ ਉਤਾਰੇਗੀ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ‘ਯਕੀਨੀ ਤੌਰ ‘ਤੇ ਬਹੁਤ ਵੱਡੀ’ ਤੇ ‘ਨਫ਼ੇ ਵਾਲੀ ਤਰੱਕੀ’ ਹੈ। ਉਨ੍ਹਾਂ ਕਿਹਾ ਕਿ ਅਤਿ-ਆਧੁਨਿਕ ਤਕਨਾਲੋਜੀ ਦੇ ਬਾਵਜੂਦ ਚੰਨ ਵੱਲ ਸਫ਼ਰ ਤੇ ਸਾਫ਼ਟ ਲੈਂਡਿੰਗ ਕਿਸੇ ਵੀ ਦੇਸ਼ ਲਈ ਮੁਸ਼ਕਲ ਹੈ ਅਤੇ ਭਾਰਤ ਨੇ ਸਿਰਫ਼ ਦੋ ਮਿਸ਼ਨਾਂ ਵਿਚ ਹੀ ਇਸ ਟੀਚੇ ਨੂੰ ਪੂਰਾ ਕੀਤਾ ਹੈ। ਸੋਮਨਾਥ ਨੇ ਕਿਹਾ, ”ਮਿਸ਼ਨ ਦੀ ਸਫ਼ਲਤਾ ਨਾ ਸਿਰਫ਼ ਚੰਨ ਬਲਕਿ ਮੰਗਲ ਗ੍ਰਹਿ ਵੱਲ ਉਡਾਣ ਲਈ ਵੀ ਭਰੋਸਾ ਦੇਵੇਗੀ। ਸ਼ਾਇਦ ਅਸੀਂ ਭਵਿੱਖ ਵਿਚ ਮੰਗਲ ਗ੍ਰਹਿ ਜਾਂ ਫਿਰ ਸ਼ੁਕਰ (ਵੀਨਸ) ਤੇ ਹੋਰ ਗ੍ਰਹਿਆਂ ਵੱਲ ਉਡਾਣ ਭਰੀਏ।”
ਚੰਦਰਯਾਨ-3 ਦੀ ਸਫਲ ਲੈਂਡਿੰਗ ਇਤਿਹਾਸਕ ਪਲ: ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਦਰਯਾਨ-3 ਦੀ ਚੰਦ ‘ਤੇ ਸਫਲਤਾਪੂਰਨ ਲੈਂਡਿੰਗ ਲਈ ਦੇਸ਼ ਵਾਸੀਆਂ ਅਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ ਤੇ ਇਸ ਪ੍ਰਾਜੈਕਟ ਦੀ ਸਫਲਤਾ ਨੂੰ ਇਤਿਹਾਸਕ ਪਲ ਦੱਸਿਆ ਹੈ। ‘ਆਪ’ ਕਨਵੀਨਰ ਨੇ ਐਕਸ ‘ਤੇ ਸੁਨੇਹਾ ਪੋਸਟ ਕੀਤਾ, ”ਇਹ ਇਤਿਹਾਸਕ ਹੈ। ਦੇਸ਼ ਦੀ ਇਹ ਵੱਡੀ ਉਪਲਬਧੀ ਹੈ। ਇਸਰੋ ਦੇ ਵਿਗਿਆਨੀਆਂ, ਇੰਜਨੀਅਰਾਂ ਤੇ ਮੁਲਾਜ਼ਮਾਂ ਸਣੇ ਦੇਸ਼ ਵਾਸੀਆਂ ਨੂੰ ਵਧਾਈ। ਭਾਰਤ ਮਾਤਾ ਕੀ ਜੈ।” ਇਸੇ ਤਰ੍ਹਾਂ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਟਵੀਟ ਕੀਤਾ, ”ਅਸੀ ਚੰਦ ਉੱਤੇ ਹਾਂ। ਇਸ ਜਿੱਤ ਦੀ ਕੋਈ ਮਿਸਾਲ ਨਹੀਂ।’
ਭਗਵੰਤ ਮਾਨ ਵੱਲੋਂ ਦੇਸ਼ ਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਦਰਯਾਨ-3 ਦੀ ਸਫ਼ਲਤਾ ਨੂੰ ਇਤਿਹਾਸਕ ਕਰਾਰ ਦਿੰਦਿਆਂ ਦੇਸ਼ ਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਇਨ੍ਹਾਂ ਵਿਗਿਆਨੀਆਂ ਦੇ ਹੌਸਲੇ ਤੇ ਲਗਨ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਦਿਖਾਈ ਹੈ। ਮਾਨ ਨੇ ਟੈਲੀਵਿਜ਼ਨ ਰਾਹੀਂ ਇਸ ਮਾਣਮੱਤੇ ਪਲ ਦੇ ਹਕੀਕੀ ਰੂਪ ਲੈਣ ਦਾ ਗਵਾਹ ਬਣਦਿਆਂ ਕਿਹਾ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਭਾਰਤ ਭਵਿੱਖ ‘ਚ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ ਅਤੇ ਸਾਡੇ ਵਿਗਿਆਨੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਪਲ ਹੈ, ਜਿਸ ਨੇ ਚੰਦਰਮਾ ‘ਤੇ ਜੀਵਨ ਦੀ ਖੋਜ ਕਰਨ ਲਈ ਨਵੇਂ ਰਾਹ ਖੋਲ੍ਹੇ ਹਨ। ਇਸ ਸ਼ਾਨਦਾਰ ਉਪਲਬਧੀ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪੁਲਾੜ ਵਾਹਨ ਨੂੰ ਉਤਾਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

 

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …