Breaking News
Home / ਮੁੱਖ ਲੇਖ / ਕਾਲੀ-ਪੀਲੀ ਪੱਤਰਕਾਰੀ ਦੇ ਮਾਇਨੇ

ਕਾਲੀ-ਪੀਲੀ ਪੱਤਰਕਾਰੀ ਦੇ ਮਾਇਨੇ

ਗੁਰਮੀਤ ਸਿੰਘ ਪਲਾਹੀ
ਦੇਸ਼ ਭਾਰਤ ਵਿੱਚ 900 ਪ੍ਰਾਈਵੇਟ ਸੈਟੇਲਾਈਟ ਟੀਵੀ ਸਟੇਸ਼ਨ ਹਨ, ਜਿਹੜੇ 197 ਮਿਲੀਅਨ ਟੀਵੀ ਘਰਾਂ ਵਿਚ ਸੈਟੇਲਾਈਟ ਰਾਹੀਂ ਆਪਣੀਆਂ ਸੇਵਾਵਾਂ ਦਿੰਦੇ ਹਨ। ਇਹਨਾਂ ਤੋਂ ਬਿਨਾ ਦੂਰਦਰਸ਼ਨ, ਰੇਡੀਓ ਅਤੇ ਹੋਰ ਸਾਧਨ ਦੇਸ਼ ਦੀ ਲਗਭਗ 99 ਫ਼ੀਸਦੀ ਆਬਾਦੀ ਤੱਕ ਪਹੁੰਚ ਕਰੀ ਬੈਠੇ ਹਨ। ਦੇਸ਼ ਵਿਚ 70 ਹਜ਼ਾਰ ਤੋਂ ਵੱਧ ਅਖ਼ਬਾਰਾਂ ਹਨ । 2022 ਦੀ ਇੱਕ ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ 833 ਮਿਲੀਅਨ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਅਤੇ 515 ਮਿਲੀਅਨ ਲੋਕ ਫੇਸਬੁੱਕ ਨਾਲ ਜੁੜੇ ਹੋਏ ਹਨ। ਮੀਡੀਆ ਅਧੀਨ ਟੈਲੀਵਿਜ਼ਨ, ਰੇਡੀਓ, ਸਿਨੇਮਾ, ਅਖ਼ਬਾਰਾਂ ਦਾ ਬਹੁਤਾ ਕੰਮ ਨਿੱਜੀ ਹੱਥਾਂ ਵਿੱਚ ਹੈ ਅਤੇ ਵੱਡੀਆਂ-ਵੱਡੀਆਂ ਕੰਪਨੀਆਂ ਵਲੋਂ ਸੰਚਾਲਕ ਕੀਤਾ ਜਾਂਦਾ ਹੈ।
ਜਦੋਂ ਦਾ ਦੇਸ਼ ਦੀ ਸਿਆਸਤ ਉਤੇ ਧੰਨ ਕੁਬੇਰਾਂ (ਕਾਰਪੋਰੇਟਾਂ) ਦਾ ਗਲਬਾ ਵਧਿਆ ਹੈ, ਉਹਨਾਂ ਪੱਤਰਕਾਰੀ ਖ਼ਾਸਕਰ ਚੈਨਲ ਪੱਤਰਕਾਰੀ ਉਤੇ ਆਪਣਾ ਪ੍ਰਭਾਵ ਵਧਾ ਲਿਆ ਹੈ। ਦੇਸ਼ ਦੀਆਂ ਅਖਬਾਰਾਂ (ਪ੍ਰਿੰਟ ਮੀਡੀਆ), ਇਲੈਕਟ੍ਰੋਨਿਕ ਮੀਡੀਆ (ਚੈਨਲ, ਸ਼ੋਸ਼ਲ ਮੀਡੀਆ) ਨੂੰ ਇਸ ਢੰਗ ਨਾਲ ਆਪਣੀ ਗੋਦ ਵਿੱਚ ਲਿਆ ਹੋਇਆ ਹੈ ਕਿ ਇਹ ਮੀਡੀਆ ਹੁਣ ਗੋਦੀ ਮੀਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਸ ਵੇਲੇ ਦੇਸ਼ ਵਿਚ ਵੱਡੀ ਗਿਣਤੀ ਵਿੱਚ ਟੀਵੀ ਚੈਨਲ ਹਨ, ਇਹਨਾਂ ਚੈਨਲਾਂ ਵਿੱਚ 90 ਫੀਸਦੀ ਮਾਲਕੀ ਦੇਸ਼ ਦੇ ਵੱਡੇ ਘਰਾਣਿਆਂ ਦੀ ਹੈ। ਇਹ ਘਰਾਣੇ ਆਪਣੇ ਹਿੱਤਾਂ ਦੀ ਪੂਰਤੀ ਲਈ, ਆਪਣੇ ਵਪਾਰਕ ਹਿੱਤ ਸਾਧਣ ਲਈ ਤਾਂ ਚੈਨਲ ਪੱਤਰਕਾਰੀ ਦਾ ਫਾਇਦਾ ਲੈਂਦੇ ਹੀ ਹਨ, ਪਰ ਸਿਆਸੀ ਘਾਗਾਂ ਨੂੰ ਥਾਂ-ਸਿਰ ਰੱਖਣ ਲਈ ਵੀ ਇਹਨਾਂ ਚੈਨਲਾਂ ਤੇ ਪੱਤਰਕਾਰਾਂ ਦੀ ਵਰਤੋਂ ਕਰਦੇ ਹਨ।
ਪਿਛਲੇ ਦਿਨਾਂ ਵਿਚ ਇਕ ਸਰਵੇ ਛਪਿਆ ਹੈ ਕਿ ਦੇਸ਼ ਦੀਆਂ ਸਮੱਸਿਆਵਾਂ ਨੂੰ ਨੁਕਰੇ ਲਾਉਣ ਲਈ ਇਹਨਾਂ ਚੈਨਲਾਂ ਅਤੇ ਇਹਨਾਂ ਚੈਨਲਾਂ ਵਿਚ ਕੰਮ ਕਰਦੇ ਬੜਬੋਲੇ ਪੱਤਰਕਾਰਾਂ ਦੀ ਵੱਡੀ ਭੂਮਿਕਾ ਹੈ। ਜਿਹੜੇ ਇਕ ਸਧਾਰਨ ਖ਼ਬਰ ਨੂੰ ਤਾਂ ਪੂਰਾ-ਪੂਰਾ ਦਿਨ ਸਨਸਨੀਖੇਜ਼ ਬਣਾ ਕੇ ਪੇਸ਼ ਕਰਦੇ ਹਨ ਅਤੇ ਵਾਰ-ਵਾਰ ਆਪਣੇ ਚੈਨਲ ਉੱਤੇ ਵਿਖਾਉਂਦੇ ਹਨ, ਪਰ ਦੇਸ਼ ਦੀਆਂ ਸਮੱਸਿਆਵਾਂ ਸਮੇਤ ਦੇਸ਼ ‘ਚ ਹੜ੍ਹਾਂ ਦੀ ਸਥਿਤੀ, ਦੇਸ਼ ਵਿਚ ਭੁੱਖਮਰੀ, ਲੋਕਾਂ ਦੇ ਰਿਹਾਇਸ਼ ਸਥਾਨਾਂ, ਸਕੂਲਾਂ ਦੇ ਭੈੜੇ ਹਾਲਾਤ ਬਾਰੇ, ਉਹ ਕੁਝ ਵੀ ਦਿਖਾਉਣ ਤੋਂ ਪਰਹੇਜ਼ ਕਰਦੇ ਹਨ। ਇਹ ਦੇਸ਼ ਦੀ, ਦੇਸ਼ ਦੇ ਲੋਕਾਂ ਦੀ ਕੀ ਵੱਡੀ ਤਰਾਸਦੀ ਨਹੀਂ ਹੈ?
ਕਰੋਨਾ ਕਾਲ ਵਿਚ ਦੇਸ਼ ‘ਚ ਜੋ ਕੁੱਝ ਵਾਪਰਿਆ, ਕੀ ਇਹਨਾਂ ਪੱਤਰਕਾਰਾਂ ਨੇ ਆਪਣੇ ਚੈਨਲਾਂ ਉਤੇ ਵਿਖਾਇਆ? ਅਮੀਰਾਂ ਦੇ ਹੋਰ ਅਮੀਰ ਅਤੇ ਗਰੀਬਾਂ ਦੇ ਹੋਰ ਗਰੀਬ ਹੋਣ ਵੱਲ ਜਾਂਦੇ ਭਾਰਤ ਦੀ ਤਸਵੀਰ ਪੇਸ਼ ਕੀਤੀ? ਦਰਿਆਵਾਂ ਕੰਢੇ ਕਰੋਨਾ ਕਾਲ ਵਿਚ ਮਰਦੇ ਲੋਕਾਂ ਦੀਆਂ ਲਾਸ਼ਾਂ ਇਹਨਾਂ ਪੱਤਰਕਾਰਾਂ ਨੇ ਵਿਖਾਈਆਂ? ਉਹਨਾਂ ‘ਤੇ ਚਰਚਾ ਕੀਤੀ? ਇਹ ਚੈਨਲਾਂ ਵਾਲੇ ਤਾਂ ਸਰਕਾਰੀ ਬੋਲੀ ਬੋਲਦੇ ਰਹੇ ਅਤੇ ਕਹਿੰਦੇ ਰਹੇ ਕਿ ਕਰੋਨਾ ਉਤੇ ਸਰਕਾਰ ਨੇ ਕਾਬੂ ਪਾ ਲਿਆ ਹੈ ਪਰ ਲੋਕ ਹਸਪਤਾਲਾਂ ਵਿੱਚ ਲੁੱਟੇ ਜਾਂਦੇ ਰਹੇ, ਮਰਦੇ ਰਹੇ। ਫਾਰਮਾ-ਕੰਪਨੀਆਂ ਦੀ ਚਾਂਦੀ ਹੁੰਦੀ ਰਹੀ। ਗਰੀਬਾਂ ਦੀ ਕਿਸੇ ਸਾਰ ਨਾ ਲਈ।
ਇਹਨਾਂ ਚੈਨਲਾਂ ਨੇ ਉਹਨਾਂ ਲੋਕਾਂ ਦੇ ਵਿਰੁੱਧ ਜਿਹੜੇ ਕਿਸਾਨ ਅੰਦੋਲਨ ਵਰਗੇ ਲੋਕ ਅੰਦੋਲਨ ਕਰਦੇ ਸਨ, ਉਹਨਾਂ ਉਤੇ ਵੱਡੇ-ਵੱਡੇ ਮਾਹਰ ਪੱਤਰਕਾਰ ਚਰਚਾ ਲਈ ਬਿਠਾ ਦਿੱਤੇ। ਇਹਨਾਂ ਮਾਹਿਰ ਪੱਤਰਕਾਰਾਂ ਦੀ ਬੋਲੀ ਬਿਲਕੁਲ ਉਵੇਂ ਦੀ ਹੀ ਸੀ ਜਿਵੇਂ ਕੀ ਅੱਜਕੱਲ੍ਹ ਦੇਸ਼ ਦੇ ਸਿਆਸੀ ਲੋਕ ਬੋਲਦੇ ਹਨ। ਇੱਕ-ਦੂਜੇ ਨੂੰ ਲਿਤਾੜਨ ਵਾਲੀ, ਬੇਇਜ਼ਤ ਕਰਨ ਵਾਲੀ ਅਤੇ ਬਹੁਤੀਆਂ ਹਾਲਤਾਂ ਵਿੱਚ ਸਰਕਾਰੀ ਬੋਲੀ।
ਦੇਸ਼ ਵਿਚ ਕਾਰਪੋਰੇਟ ਜਗਤ ਦੇ ਲੋਕ ਤਾਂ ਆਪਣੇ ਹਿੱਤ ਸਾਧਣ ਲਈ ਤੱਤਪਰ ਤਾਂ ਰਹਿੰਦੇ ਹੀ ਹਨ, ਪਰ ਦੇਸ਼ ਦੇ ਸਿਆਸਤਦਾਨ ਦੋ ਰੱਤੀਆਂ ਉਪਰ ਜਾ ਕੇ ਆਪਣੇ ਹਿੱਤਾਂ ਲਈ ਚੈਨਲਾਂ ਦੀ ਦੁਰਵਰਤੋਂ ਕਰਦੇ ਹਨ, ਪੱਤਰਕਾਰਾਂ ਨਾਲ ਉਹਨਾਂ ਦੀਆਂ ਸਾਂਝਾਂ ਲੁਕੀਆਂ-ਛੁਪੀਆਂ ਨਹੀਂ ਰਹਿੰਦੀਆਂ। ਆਪਣੀ ਮਰਜ਼ੀ ਨਾਲ ਅਖਬਾਰਾਂ ਵਿਚ ਖਬਰਾਂ ਲਗਵਾਉਣਾ ਤਾਂ ਆਮ ਸ਼ੌਕ ਹੈ, ਪਰ ਚੈਨਲਾਂ ਉੱਤੇ ਕਾਲੀ-ਪੀਲੀ ਪੱਤਰਕਾਰੀ ਰਾਹੀਂ ਵਿਰੋਧੀਆਂ ਨੂੰ ਠਿੱਠ ਕਰਨਾ ਅਤੇ ਆਪਣਾ ਅਕਸ ਸੁਧਾਰਨਾ ਸਦਾ ਚਰਚਾ ਵਿਚ ਰਹਿੰਦਾ ਹੈ।
ਕੀ ਕਿਸੇ ਚੈਨਲ ਨੇ ਕਦੇ ਦੇਸ਼ ਦੀ ਪਾਰਲੀਮੈਂਟ ਅਤੇ ਵਿਧਾਨ ਸਭਾ ‘ਚ ਬੈਠੇ ਉਹਨਾਂ ਲੋਕਾਂ ਬਾਰੇ ਚਰਚਾ ਕੀਤੀ, ਜਿਹਨਾਂ ਉਤੇ ਅਪਰਾਧਿਕ ਮਾਮਲੇ ਦਰਜ ਹਨ। ਰਿਪੋਰਟਾਂ ਅਨੁਸਾਰ ਤਾਂ ਪਾਰਲੀਮੈਂਟ ਵਿਚ 48 ਫੀਸਦੀ ਐਮ.ਪੀਸ. ਉਤੇ ਅਪਰਾਧਿਕ ਮਾਮਲੇ ਹਨ, ਜਿਹਨਾਂ ਵਿਚ ਲਗਭਗ ਹਰ ਪਾਰਟੀ ਦੇ ਨੇਤਾ ਸ਼ਾਮਲ ਹਨ। ਕੀ ਕਦੇ ਇਹਨਾਂ ਲੋਕਾਂ ਬਾਰੇ ਪੱਤਰਕਾਰਾਂ ਨੇ ਚਰਚਾ ਕੀਤੀ? ਕੀ ਇਹਨਾਂ ਚਰਚਾਵਾਂ ਵਿਚ ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹਨਾਂ ਦਾ ਉਹ ਬਿਆਨ ਯਾਦ ਕਰਵਾਇਆ ਜਿਹੜਾ ਉਹਨਾਂ ਨੇ 2014 ਵਿਚ ਪਾਰਲੀਮੈਂਟ ਵਿਚ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਦਿੱਤਾ ਸੀ, ਕਿ ਪਾਰਲੀਮੈਂਟ ‘ਚ ਕੋਈ ਅਪਰਾਧੀ ਬਿਰਤੀ ਵਾਲਾ ਵਿਅਕਤੀ ਨਹੀਂ ਬੈਠ ਸਕੇਗਾ।
ਚੈਨਲ ਪੱਤਰਕਾਰੀ ਦੀਆਂ ਲੋਕ ਵਿਰੋਧੀ ਭਾਵਨਾਵਾਂ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੀਆਂ ਬਰੂਹਾਂ ਉੱਤੇ ਵੇਖਣ ਨੂੰ ਮਿਲਦੀਆਂ ਰਹੀਆਂ, ਜਿਹਨਾਂ ਵਿੱਚ ਕਿਸਾਨਾਂ ਨੂੰ ਦੇਸ਼ ਧ੍ਰੋਹੀ ਹੋਣ ਦਾ ਖਿਤਾਬ ਦਿੱਤਾ ਗਿਆ। ਇਹ ਪੱਤਰਕਾਰ ਆਪਣੇ ‘ਆਕਾ ਨੇਤਾਵਾਂ’ ਦਾ ਵਿਸ਼ਵ ਪੱਧਰੀ ਅਕਸ ਸੁਧਾਰਨ ਲਈ ਤਾਂ ਨੇਤਾਵਾਂ ਦੀਆਂ ਫੋਟੋਆਂ ਹੜ੍ਹਾਂ ਦੌਰਾਨ ਜਾਂ ਹੋਰ ਆਪਦਾਂ ਵੇਲੇ ਲੋਕਾਂ ਨਾਲ ਵਾਰਤਾਲਾਪ ਕਰਦਿਆਂ ਵਿਖਾਉਂਦੇ ਹਨ ਪਰ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਇਹ ਪੱਤਰਕਾਰ ਕੁਝ ਵੀ ਨਹੀਂ ਕਰਦੇ। ਸਿੱਟੇ ਵਜੋਂ ਪੀੜਤ ਲੋਕਾਂ ਦੇ ਪੱਲੇ ਕੁਝ ਨਹੀਂ ਪੈਂਦਾ। ਸਵਾਲ ਉੱਠਦਾ ਹੈ ਕਿ ਇਹ ਚੈਨਲ ਪੱਤਰਕਾਰ ਕਿਸ ਕਿਸਮ ਦੀ ਪੱਤਰਕਾਰੀ ਕਰਦੇ ਹਨ?
ਦੇਸ਼ ਵਿਚ ਮਨੀਪੁਰ ਦੇ ਲੋਕਾਂ ਨਾਲ ਜੋ ਹੋ ਰਿਹਾ ਸੀ, ਫਿਰਕੂ ਅੱਗ ਭੜਕਾਈ ਜਾ ਰਹੀ ਸੀ। ਮਹਿਲਾਵਾਂ ਨਾਲ ਬੇਇੰਤਹਾ ਬੇਸ਼ਰਮੀ ਵਾਲੀਆਂ ਘਟਨਾਵਾਂ ਭੀੜ ਵਲੋਂ ਹੋ ਰਹੀਆਂ ਸਨ, ਪਰ ਇਹ ਚੈਨਲਾਂ ਵਾਲੇ ਪਤਾ ਨਹੀਂ ਕਿਹੜੀ ਗੁਫਾ ਵਿਚ ਤਪੱਸਿਆ ਕਰ ਰਹੇ ਸਨ। ਦੇਸ਼ ਦਾ ਪ੍ਰਧਾਨ ਮੰਤਰੀ ਬੇਸ਼ਰਮੀ ਵਾਲੀ ਘਟਨਾ ‘ਤੇ ਚੁੱਪ ਰਹਿੰਦਾ ਹੈ, 79ਵੇਂ ਦਿਨ ਦੋ ਅੱਖਰ ਬੋਲਦਾ ਹੈ, ਇਹ ਤਾਂ ਉਹਦੀ ਸਿਆਸੀ ਚਾਲ ਅਤੇ ਵੋਟਾਂ ਦੀ ਭੁੱਖ ਵਾਲੀ ਮਜ਼ਬੂਰੀ ਹੈ, ਪਰ ਚੈਨਲਾਂ ਦੀ, ਗੋਦੀ ਮੀਡੀਆ ਦੀ ਫਿਰਕੂ ਅੱਗ ਫੈਲਾਉਣ, ਔਰਤਾਂ ਦੀ ਹੋ ਰਹੀ ਬੇਇਜ਼ਤੀ ਕਰਨ ਵਾਲੇ ਲੋਕਾਂ, ਨੇਤਾਵਾਂ ਦੇ ਚਿਹਰੇ ਲੋਕਾਂ ਸਾਹਵੇਂ ਨਾ ਲਿਆਉਣ ਦੀ ਆਖ਼ਰ ਕਿਹੜੀ ਮਜ਼ਬੂਰੀ ਰਹੀ?
ਪਿਛਲਾ ਇੱਕ ਦਹਾਕਾ ਖ਼ਾਸ ਤੌਰ ‘ਤੇ ਕਾਲੀ-ਪੀਲੀ ਪੱਤਰਕਾਰੀ ਦਾ ਦੌਰ ਕਿਹਾ ਜਾ ਸਕਦਾ ਹੈ। ਇਸ ਦੌਰ ਵਿਚ ਆਪਣੇ ਹਾਕਮਾਂ ਨੂੰ ਖੁਸ਼ ਕਰਨ ਲਈ ਜਿਹੜੇ ਨਵੇਂ ਖੁਸ਼ਾਮਦੀ ਸ਼ਬਦ ਘੜੇ ਗਏ ਹਨ। ਉਹ ਪੱਤਰਕਾਰੀ ‘ਤੇ ਧੱਬਾ ਹਨ। ਹਾਕਮਾਂ ਵਲੋਂ ਵਿਰੋਧੀਆਂ ਨੂੰ ਲਿਤਾੜਨ ਲਈ ਜਿਵੇਂ ਹਾਕਮਾਂ ਨੇ ਜਾਲ ਵਿਛਾਏ ਹਨ, ਉਸ ਵਿਚ ਬਕਾਇਦਾ ਭਾਈਵਾਲ ਬਣ ਕੇ ‘ਚੌਥਾ ਥੰਮ’ ਕਹਾਏ ਜਾਣ ਵਾਲੇ ਬਹੁ ਗਿਣਤੀ ਮੀਡੀਏ ਨੇ ਜਿਵੇਂ ਲੋਕਤੰਤਰ ਦਾ ਨਾਸ਼ ਮਾਰਿਆ, ਉਹਦੀ ਉਦਾਹਰਨ ਸ਼ਾਇਦ ਅਜ਼ਾਦੀ ਦੇ 75 ਸਾਲਾਂ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ।
1984 ਦੇ ਸਿੱਖ ਕਤਲੇਆਮ ਸਮੇਂ ਵੱਡੀ ਗਿਣਤੀ ਮੀਡੀਏ ਦੀ ਚੁੱਪ ਖਟਕਦੀ ਰਹੀ ਸੀ। ਗੁਜਰਾਤ ਦੰਗਿਆਂ ਵਿਚ ਵੀ ਮੀਡੀਏ ਦੀ ਖਾਮੋਸ਼ੀ ਦੁੱਖਦਾਈ ਸੀ। ਦਿੱਲੀ ਦੇ ਕੁਝ ਵਰ੍ਹੇ ਪਹਿਲਾਂ ਹੋਏ ਦੰਗਿਆਂ, ਫ਼ਸਾਦਾਂ ਬਾਅਦ ਬੁਲਡੋਜ਼ਰ ਨੀਤੀ ਉਤੇ ਚੈਨਲ ਪੱਤਰਕਾਰਾਂ ਵਲੋਂ ਮੂੰਹ ਸੀਅ ਲੈਣਾ ਜਾਂ ਇਹੋ ਜਿਹੇ ਨਾਦਰਸ਼ਾਹੀ ਹੁਕਮਾਂ ਦੀ ਇਹ ਕਹਿ ਕੇ ਹਮਾਇਤ ਕਰਨਾ ਕੀ ਇਹ ਲੋਕ ਹਿਤੂ ਫ਼ੈਸਲੇ ਹਨ, ਕੀ ਪੱਤਰਕਾਰੀ ਦੇ ਮੱਥੇ ਉਤੇ ਧੱਬਾ ਨਹੀਂ ਹੈ।
ਜਦੋਂ ਲੋਕ-ਹਿਤੈਸੀ ਪੱਤਰਕਾਰਾਂ ਦੇ ਦੇਸ਼ ਭਰ ਵਿਚ ਸਮੇਂ-ਸਮੇਂ ਕਤਲ ਹੋਏ। ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਉਤੇ ਸਾਜਿਸ਼ਾਨਾ ਅਤੇ ਮਿੱਥ ਕੇ ਮੁਕੱਦਮੇ ਦਰਜ ਹੋਏ। ਉਹਨਾਂ ਨੂੰ ਦੇਸ਼ ਧ੍ਰੋਹੀ ਗਰਦਾਨਿਆ ਗਿਆ। ਉਹਨਾਂ ਸਾਜਿਸ਼ਾਂ ਵਿਚ ਇਹਨਾਂ ਕਾਲੀ-ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਦਾ ਰੋਲ ਨਿੰਦਿਆ ਜਾਂਦਾ ਰਿਹਾ, ਤਦ ਵੀ ਇਹ ਪੱਤਰਕਾਰ ਆਪਣੇ ਆਕਾਵਾਂ ਦੇ ਇਸ਼ਾਰੇ ਉਤੇ ਅਤੇ ਉਹਨਾਂ ਦੀ ਤਾਕਤ ਦੇ ਬਲਬੂਤੇ ਚੈਨਲਾਂ ਉਤੇ ਇਹੋ ਜਿਹੇ ਸਿਆਣੇ ਲੋਕਾਂ ਨੂੰ ਆਪਣੀ ਭੈੜੀ ਜ਼ੁਬਾਨ ਨਾਲ ਲਿਤਾੜਦੇ ਰਹੇ।
ਦੇਸ਼ ਦੇ ਹਰ ਖਿੱਤੇ ਵਿਚ ਚਲ ਰਹੇ ਚੈਨਲਾਂ ਦਾ ਲਗਭਗ ਇਕੋ ਜਿਹਾ ਹਾਲ ਹੈ। ਕੀ ਪੰਜਾਬ ਦਾ ਕੋਈ ਪੱਤਰਕਾਰ ਨਿੱਤ ਨਸ਼ੇ ਦੇ ਵਾਧੂ ਡੋਜ ਨਾਲ ਮਰ ਰਹੇ ਨੌਜਵਾਨ ਦੀ ਦਰਦ ਭਰੀ ਕਹਾਣੀ ਆਪਦੇ ਚੈਨਲ ਨੂੰ ਭੇਜਦਾ ਹੈ? ਕੀ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਦਾਸਤਾਨ ”ਚੈਨਲ ਪੱਤਰਕਾਰੀ” ਕਰਦੀ ਹੈ ? ਲੋਕਾਂ ਦੀਆਂ ਸਮੱਸਿਆਵਾਂ ਨੂੰ ਛੱਡ ਕੇ ਇੰਸਟਾਗਰਾਮ ਜਾਂ ਫੇਸਬੁਕ ਤੇ ਨੇਤਾਵਾਂ ਦੇ ਬਿਆਨਾਂ, ਉਹਨਾਂ ਦੀਆਂ ਹੋਲੀਆਂ ਖੇਡਦੇ ਦੀਆਂ ਫੋਟੋਆਂ, ਉਹਨਾਂ ਦੇ ਮੁਰਗੇ ਛਕਣ ਦੀਆਂ ਫੋਟੋਆਂ ਕੀ ਲੋਕਾਂ ਦੇ ਪੱਲੇ ਕੁਝ ਪਾ ਸਕਦੀਆਂ ਹਨ? ਜਾਪਦਾ ਹੈ ਕਿ ਜਿਵੇਂ ਦੇਸ਼ ਦੇ ਨੇਤਾ ਲੋਕ-ਸਮੱਸਿਆਵਾਂ ਤੋਂ ਪਾਸਾ ਵੱਟ ਕੇ ਬੈਠ ਗਏ ਹਨ, ਪਰ ਉਵੇਂ ਹੀ ਬਹੁਤੇ ਪੱਤਰਕਾਰ ਹਊ ਪਰੇ ਕਰਦਿਆਂ ਲੱਤ ‘ਤੇ ਲੱਤ ਧਰਕੇ ਜੋ ਹੋਵੇਗਾ ਵੇਖੀ ਜਾਊ ਵਾਲੀ ਨੀਤੀ ਅਪਨਾ ਕੇ ਡੰਗ ਟਪਾ ਰਹੇ ਹਨ। ਚੈਨਲਾਂ ਦੇ ਖ਼ਬਰਾਂ ਦੇ ਬੁਲੈਟਿਨ ਵੇਖ ਲਓ ਯੂਟਿਊਬ ਚੈਨਲਾਂ ਉਤੇ ਹੁੰਦੀਆਂ ਬਹਿਸਾਂ ਵੇਖ-ਸੁਣ ਲਉ, ਲੋਕਾਂ ਨੂੰ ਗੁੰਮਰਾਹ ਕਰਨ ਵਲਾ ਮਸਾਲਾ ਹੀ ਵਿਖਾਈ ਦਿੰਦਾ ਹੈ।
ਚੈਨਲਾਂ ਦੀ ਵੀਡੀਓਗ੍ਰਾਫੀ ਤੋਂ ਪਰ੍ਹੇ ਹਟ ਕੇ ਕੁਝ ਲੋਕ ਫੋਟੋ ਪੱਤਰਕਾਰੀ ਕਰਦੇ ਹਨ, ਜਿਸ ਵਿੱਚ ਸੁਹਜ ਹੈ, ਸੂਖਮਤਾ ਹੈ, ਲੋਕਾਂ ਦੀ ਗੱਲ ਹੈ, ਦਰਦ ਹੈ। ਇਹੋ ਜਿਹੀ ਪੱਤਰਕਾਰੀ, ਫੋਟੋ ਪੱਤਰਕਾਰੀ, ਕ੍ਰਾਂਤੀਕਾਰੀ ਕਵਿਤਾ ਵਾਂਗਰ ਇਨਕਲਾਬ ਦੀ ਸਾਧਕ ਬਣਦੀ ਹੈ।
ੲੲੲ

 

Check Also

ਭਾਰਤ ਦੀਆਂ ਖੇਤੀ ਨੀਤੀਆਂ ਵਿਚ ਤਬਦੀਲੀ ਦੀ ਜ਼ਰੂਰਤ

ਡਾ. ਗਿਆਨ ਸਿੰਘ ਭਾਰਤ ਦੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ 19 ਜੂਨ …