ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿੱਚ ਕਟੌਤੀ ਪ੍ਰਸਤਾਵ (ਕੱਟ ਮੋਸ਼ਨ) ਦੌਰਾਨ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਲਈ ਕਥਿਤ ਤੌਰ ‘ਤੇ ਵਰਤੇ ਇਤਰਾਜ਼ਯੋਗ ਲਫ਼ਜ਼ਾਂ ਵਿਰੁੱਧ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿਚੋਂ ਵਾਕਆਊਟ ਕੀਤਾ। ਸਦਨ ਤੋਂ ਬਾਹਰ ਚੀਮਾ, ਸਰਬਜੀਤ ਕੌਰ ਮਾਣੂੰਕੇ ਅਤੇ ਅਮਨ ਅਰੋੜਾ ਨੇ ਦੱਸਿਆ ਕਿ ‘ਕਟੌਤੀ ਪ੍ਰਸਤਾਵ’ ਦੌਰਾਨ ਸੰਧਵਾਂ ਵੱਲੋਂ ਦਲਿਤ ਲੜਕੀਆਂ ਦੇ ਲੰਬੇ ਸਮੇਂ ਤੋਂ ਸ਼ਗਨ ਸਕੀਮ ਦੀ ਲੰਬਿਤ ਪਈ ਰਾਸ਼ੀ ਜਾਰੀ ਕਰਨ ਲਈ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਤ ਕਟੌਤੀ ਪ੍ਰਸਤਾਵ ਲਿਆਂਦਾ ਤਾਂ ਸਪੀਕਰ ਨੇ ਇਤਰਾਜ਼ਯੋਗ ਲਫ਼ਜ਼ ਵਰਤਦਿਆਂ ਇਸ ਨੂੰ ਫ਼ਜ਼ੂਲ ਦੱਸਿਆ। ਸਪੀਕਰ ਦਾ ਵਿਰੋਧ ਕਰਦੇ ਹੋਏ ‘ਆਪ’ ਵਿਧਾਇਕ ਸਪੀਕਰ ਸਾਹਮਣੇ ਆ ਕੇ ਨਾਅਰੇਬਾਜ਼ੀ ਕਰਨ ਲੱਗ ਪਏ ਅਤੇ ਰੋਸ ਵਜੋਂ ਸਦਨ ‘ਚੋਂ ਵਾਕਆਊਟ ਕੀਤਾ। ਉਨ੍ਹਾਂ ਸਪੀਕਰ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਸਪੀਕਰ ਨੇ ਵਿਧਾਨ ਸਭਾ ਦੀ ਨਿਯਮਾਵਲੀ ਦੀਆਂ ਧੱਜੀਆਂ ਉਡਾਉਂਦੇ ਹੋਏ ‘ਆਪ’ ਵਿਧਾਇਕਾਂ ਨਾਲ ਪ੍ਰਸ਼ਨ ਕਾਲ, ਸਿਫ਼ਰ ਕਾਲ, ਧਿਆਨ ਦਿਵਾਊ ਮਤੇ, ਜ਼ਿਮਨੀ ਸਵਾਲਾਂ, ਪੁਆਇੰਟ ਆਫ਼ ਆਰਡਰ ਅਤੇ ਕਟੌਤੀ ਪ੍ਰਸਤਾਵਾਂ ਸਮੇਤ ਹਰ ਕਦਮ ‘ਤੇ ਵਿਤਕਰਾ ਕੀਤਾ। ਇਸ ਦੌਰਾਨ ‘ਆਪ’ ਨੇ ਕਾਂਗਰਸ ਵੱਲੋਂ ਪੰਜਾਬ ਵਿੱਚ ਹਾਰੇ ਹੋਏ ਉਮੀਦਵਾਰਾਂ ਨੂੰ ਹਲਕਾ ਇੰਚਾਰਜ ਲਗਾ ਕੇ ਉਨ੍ਹਾਂ ਰਾਹੀਂ ਸਰਕਾਰੀ ਕਾਰਜ ਕਰਵਾਉਣ ਦਾ ਵਿਰੋਧ ਵਿਚ ਅਤੇ ਤਨਖ਼ਾਹਾਂ ਭੱਤੇ ਤੇ ਸੋਧਣ ਬਿੱਲ ‘ਤੇ ਵਿਧਾਇਕਾਂ ਦੀ ਸੰਪਤੀ ਦਾ ਵੇਰਵਾ ਦੇਣ ਲਈ ਕੈਲੰਡਰ ਵਰ੍ਹੇ ਦੀ ਥਾਂ ਵਿੱਤੀ ਵਰ੍ਹੇ ਅਨੁਸਾਰ ਨਿਰਧਾਰਿਤ ਕਰਨ ਅਤੇ ਅਚੱਲ ਦੇ ਨਾਲ ਚੱਲ ਸੰਪਤੀ ਦੇ ਵੇਰਵੇ ਵੀ ਜ਼ਰੂਰੀ ਕਰਨ ਦੀ ਮੰਗ ਨਾ ਮੰਨੇ ਜਾਣ ਦਾ ਵਿਰੋਧ ਕਰਦੇ ਹੋਏ ਵਾਕਆਊਟ ਕੀਤਾ।
ਅਮਨ ਅਰੋੜਾ ਨੇ ਲਾਊਡ ਸਪੀਕਰਾਂ ਦਾ ਮੁੱਦਾ ਚੁੱਕਿਆ
ਸੁਨਾਮ ਤੋਂ ‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਵਿਚ ਲਾਊਡ ਸਪੀਕਰਾਂ ਨਾਲ ਹੋ ਰਹੇ ਸ਼ੋਰ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਇਸ ਮੁੱਦੇ ‘ਤੇ ਧਿਆਨ ਦਿਵਾਊ ਮਤਾ ਲਿਆਉਂਦਿਆਂ ਅਰੋੜਾ ਨੇ ਕਿਹਾ ਕਿ ਲਾਊਡ ਸਪੀਕਰ ਨਾਲ ਹੋ ਰਹੇ ਸ਼ੋਰ ਪ੍ਰਦੂਸ਼ਣ ਦਾ ਮੁੱਦਾ ਅਤਿ ਗੰਭੀਰ ਹੈ ਅਤੇ ਇਸ ਸੰਬੰਧੀ ਉਹ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਵੀ ਮੁੱਦਾ ਉਠਾ ਚੁੱਕੇ ਹਨ ਪਰੰਤੂ ਇਸ ‘ਤੇ ਕੋਈ ਕੋਈ ਕਾਰਵਾਈ ਨਹੀਂ ਹੋਈ।
ਸ਼ੋਰ ਪ੍ਰਦੂਸ਼ਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦਾ ਕੈਪਟਨ ਨੇ ਦਿੱਤਾ ਭਰੋਸਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਸਦਨ ਨੂੰ ਭਰੋਸਾ ਦਿੱਤਾ ਕਿ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਣ ਤੋਂ ਇਲਾਵਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ‘ਆਪ’ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਲਿਆਂਦੇ ਧਿਆਨ ਦਿਵਾਊ ਨੋਟਿਸ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਸ਼ੋਰ ਪ੍ਰਦੂਸ਼ਣ ਨਾਲ ਸਮਾਜ ਦੇ ਸਾਰੇ ਤਬਕਿਆਂ ਦੇ ਜੀਵਨ ਅਤੇ ਖਾਸ ਕਰਕੇ ਵਿਦਿਆਰਥੀਆਂ ਨੂੰ ਜ਼ਿਆਦਾ ਮੁਸ਼ਕਲ ਪੇਸ਼ ਆਉਂਦੀ ਹੈ। ਕੈਪਟਨ ਨੇ ਕਿਹਾ ਕਿ ਇਸ ਸਬੰਧ ਵਿਚ ਦਿਸ਼ਾ-ਨਿਰਦੇਸ਼ ਲਾਗੂ ਕਰਨ ਲਈ ਕਿਹਾ ਗਿਆ ਹੈ।ઠ
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …