ਚਚੇਰੇ ਭਰਾਵਾਂ ਵਲੋਂ ਇਕ ਦੂਜੇ ‘ਤੇ ਤਿੱਖੇ ਸਿਆਸੀ ਹਮਲੇ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਅੰਤਿਮ ਦਿਨ ਸੂਬੇ ਦੇ ਵੱਡੇ ਰਾਜਸੀ ਘਰਾਣੇ ਨਾਲ ਸਬੰਧਤ ਦੋ ਸਿਆਸਤਦਾਨਾਂ ਅਤੇ ਚਚੇਰੇ ਭਰਾਵਾਂ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਰਮਿਆਨ ਤਿੱਖੇ ਸ਼ਬਦੀ ਤੀਰ ਚੱਲੇ। ਦੋਹਾਂ ਚਚੇਰੇ ਭਰਾਵਾਂ ਵਿਚਾਲੇ ਬਹਿਸ ਤਲਖ਼ਕਲਾਮੀ ਤੱਕ ਪਹੁੰਚ ਗਈ। ਬਾਦਲਾਂ ਦਰਮਿਆਨ ਚੱਲੀ ਇਸ ਸ਼ਬਦੀ ਜੰਗ ਤੋਂ ਦੋਹਾਂ ਪਰਿਵਾਰਾਂ ਦੀ ਸ਼ਰੀਕੇਬਾਜ਼ੀ ਸਪੱਸ਼ਟ ਝਲਕੀ।
ਸਦਨ ਵਿੱਚ ਉਦੋਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਕਾਂਗਰਸ ਦੇ ਵੱਡੀ ਗਿਣਤੀ ਵਿਧਾਇਕ ਤੇ ਮੰਤਰੀ ਆਪਣੇ ਵਿੱਤ ਮੰਤਰੀ ਦੀ ਖੁੱਲ੍ਹੀ ਹਮਾਇਤ ਵਿੱਚ ਨਿੱਤਰ ਆਏ। ਦੂਜੇ ਪਾਸੇ ਅਕਾਲੀ ਦਲ ਦੇ ਵਿਧਾਇਕ ਵੀ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਵਿਚ ਆਏ। ਕਾਂਗਰਸ ਤੇ ਅਕਾਲੀ ਦਲ ਦੇ ਵਿਧਾਇਕਾਂ ਦਰਮਿਆਨ ਚੱਲ ਰਹੀ ਨਾਅਰੇਬਾਜ਼ੀ ਦੌਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕੀਤੀ। ਇਸ ਰੌਲੇ-ਰੱਪੇ ਤੇ ਦੂਸ਼ਣਬਾਜ਼ੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਆਪਣੀਆਂ ਸੀਟਾਂ ‘ਤੇ ਬੈਠੇ ਸਾਰਾ ਕੁਝ ਚੁੱਪਚਾਪ ਦੇਖਦੇ ਰਹੇ। ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਮੂਕ ਦਰਸ਼ਕ ਬਣੇ ਰਹੇ।
ਸਦਨ ਵਿੱਚ ਵਿੱਤੀ ਸਾਲ 2019-20 ਦੀਆਂ ਬਜਟ ਤਜਵੀਜ਼ਾਂ ‘ਤੇ ਬਹਿਸ ਮੁਕੰਮਲ ਹੋਣੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਬਹਿਸ ਵਿਚ ਹਿੱਸਾ ਲੈਂਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ‘ਤੇ ਅਸਿੱਧੇ ਸ਼ਬਦੀ ਹਮਲੇ ਕੀਤੇ।
ਤਲਖੀ ਵਾਲਾ ਮਾਹੌਲ ਉਦੋਂ ਬਣਨਾ ਸ਼ੁਰੂ ਹੋਇਆ ਜਦੋਂ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਚਚੇਰੇ ਭਰਾ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਅਯੋਗ ਕਰਾਰ ਦਿੰਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਅੱਜ ਇਸ ਕੁਰਸੀ ‘ਤੇ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਹੀ ਬੈਠੇ ਹਨ। ਸੁਖਬੀਰ ਨੇ ਇਹ ਵੀ ਕਿਹਾ ਕਿ ਮਨਪ੍ਰੀਤ ਪਹਿਲਾਂ ਕਾਂਗਰਸ ਨੂੰ ਗਾਲ਼੍ਹਾਂ ਕੱਢਦਾ ਸੀ, ਫਿਰ ਪੀਪੀਪੀ ਬਣਾਈ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਸਾਂਝ ਪਾਈ। ਉਨ੍ਹਾਂ ਵਿੱਤ ਮੰਤਰੀ ਨੂੰ ‘ਮੇਰਾ ਛੋਟਾ ਵੀਰ’ ਆਖ ਕੇ ਸੰਬੋਧਨ ਤਾਂ ਕੀਤਾ ਪਰ ਸਦਨ ਦਾ ਮਾਹੌਲ ਦੇਖ ਕੇ ਇੰਜ ਜਾਪ ਰਿਹਾ ਸੀ ਜਿਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਸ਼ਬਦਾਬਲੀ ਨੇ ਵਿੱਤ ਮੰਤਰੀ ਨੂੰ ਜ਼ਖ਼ਮੀ ਕਰ ਦਿੱਤਾ ਹੋਵੇ।
ਇਸ ਤੋਂ ਬਾਅਦ ਵਿੱਤ ਮੰਤਰੀ ਇਕਦਮ ਤੈਸ਼ ਵਿੱਚ ਆ ਗਏ ਅਤੇ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਦਬਕਾ ਤੱਕ ਮਾਰ ਦਿੱਤਾ। ਇਸ ‘ਤੇ ਸਦਨ ਦਾ ਮਾਹੌਲ ਤਣਾਅਪੂਰਨ ਬਣ ਗਿਆ। ਸਪੀਕਰ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਨ ਦੇ ਯਤਨ ਕੀਤੇ ਪਰ ਨਾਅਰੇਬਾਜ਼ੀ ਹੁੰਦੀ ਰਹੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …