Breaking News
Home / ਪੰਜਾਬ / ਅਜ਼ਾਦੀ ਦਿਵਸ ਸਮਾਗਮਾਂ ‘ਤੇ ਵੀ ਕਰੋਨਾ ਦਾ ਪਰਛਾਵਾਂ

ਅਜ਼ਾਦੀ ਦਿਵਸ ਸਮਾਗਮਾਂ ‘ਤੇ ਵੀ ਕਰੋਨਾ ਦਾ ਪਰਛਾਵਾਂ

ਆਮ ਲੋਕ ਟੀ.ਵੀ ‘ਤੇ ਹੀ ਦੇਖ ਸਕਣਗੇ ਅਜ਼ਾਦੀ ਦਿਵਸ ਸਬੰਧੀ ਸਮਾਗਮ
ਚੰਡੀਗੜ੍ਹ/ਬਿਊਰੋ ਨਿਊਜ਼
ਕਰੋਨਾ ਮਹਾਂਮਾਰੀ ਦਾ ਅਸਰ ਇਸ ਵਾਰ 15 ਅਗਸਤ ਆਜ਼ਾਦੀ ਦਿਵਸ ਦੇ ਸਮਾਗਮਾਂ ‘ਤੇ ਵੀ ਪੈ ਰਿਹਾ ਹੈ ਅਤੇ ਇਨ੍ਹਾਂ ਸਮਾਗਮਾਂ ਵਿਚ ਕੇਵਲ ਝੰਡਾ ਲਹਿਰਾਉਣ, ਪਰੇਡ ਅਤੇ ਮੁੱਖ ਮਹਿਮਾਨ ਦੇ ਭਾਸ਼ਣ ਤੋਂ ਇਲਾਵਾ ਦੂਜੇ ਸਾਰੇ ਪ੍ਰੋਗਰਾਮ ਰੱਦ ਰੱਖੇ ਜਾਣਗੇ ਅਤੇ ਨਾ ਹੀ ਇਨ੍ਹਾਂ ਸਮਾਗਮਾਂ ਲਈ ਕਿਸੇ ਨੂੰ ਸੱਦਾ ਪੱਤਰ ਭੇਜਿਆ ਗਿਆ ਅਤੇ ਆਮ ਲੋਕ ਇਹ ਸਮਾਗਮ ਕੇਵਲ ਵੈੱਬ ਅਤੇ ਟੀ.ਵੀ. ਰਾਹੀਂ ਹੀ ਵੇਖ ਸਕਣਗੇ।
ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਨੇ ਜ਼ਿਲ੍ਹਾ ਪੱਧਰ ‘ਤੇ ਸਮਾਗਮਾਂ ਲਈ ਜੋ ਹੁਕਮ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਆਜ਼ਾਦੀ ਦਿਵਸ ਸਮਾਗਮਾਂ ਵਿਚ ਸਕੂਲੀ ਬੱਚੇ, ਸੱਭਿਆਚਾਰਕ ਪ੍ਰੋਗਰਾਮ, ਝਲਕੀਆਂ ਅਤੇ ਆਮ ਲੋਕਾਂ ਨੂੰ ਸੱਦੇ ਪੱਤਰ ਨਾ ਦਿੱਤੇ ਜਾਣ ਕਿਉਂਕਿ ਲੋਕਾਂ ਦੇ ਇਕੱਠ ਹੋਣ ‘ਤੇ ਸਰਕਾਰ ਵਲੋਂ ਪਹਿਲਾਂ ਹੀ ਪਾਬੰਦੀ ਹੈ। ਰਾਜ ਸਰਕਾਰ ਦੇ ਹੁਕਮ ਅਨੁਸਾਰ ਇਨ੍ਹਾਂ ਸਮਾਗਮਾਂ ਲਈ ਰਵਾਇਤੀ ਪਰੇਡ ਦੀ ਮੁੱਖ ਮਹਿਮਾਨ ਵਲੋਂ ਇਨਸਪੈਕਸ਼ਨ, ਝੰਡਾ ਲਹਿਰਾਉਣ ਅਤੇ ਪਰੇਡ ਤੋਂ ਸਲਾਮੀ ਲੈਣ ਦੀ ਰਵਾਇਤ ਪੂਰੀ ਹੋਵੇਗੀ ਪਰ ਇਸ ਪਰੇਡ ਵਿਚ ਕੇਵਲ ਪੁਲਿਸ ਤੇ ਹੋਮ ਗਾਰਡ ਆਦਿ ਦੇ ਜਵਾਨ ਹੀ ਸ਼ਾਮਿਲ ਹੋਣਗੇ ਜਦੋਂਕਿ ਕਾਲਜਾਂ ਸਕੂਲਾਂ ਤੋਂ ਬੱਚੇ ਪਰੇਡ ਵਿਚ ਸ਼ਮੂਲੀਅਤ ਨਹੀਂ ਕਰਨਗੇ। ਜਿਸ ਕਾਰਨ ਪਰੇਡ ਦਾ ਆਕਾਰ ਵੀ ਕਾਫ਼ੀ ਛੋਟਾ ਰਹੇਗਾ ਅਤੇ ਮੁੱਖ ਮਹਿਮਾਨ ਵਲੋਂ ਭਾਸ਼ਣ ਤੋਂ ਬਾਅਦ ਕੋਈ ਸਨਮਾਨ ਆਦਿ ਦਾ ਪ੍ਰੋਗਰਾਮ ਵੀ ਨਹੀਂ ਰੱਖਿਆ ਜਾਵੇਗਾ। ਰਾਜ ਸਰਕਾਰ ਦਾ ਮੰਨਣਾ ਹੈ ਕਿ ਆਜ਼ਾਦੀ ਸੰਗਰਾਮੀਆਂ ਜਾਂ ਕਰੋਨਾ ਵਾਰੀਅਰ ਦੇ ਸਨਮਾਨ ਵੀ ਇਸ ਮੌਕੇ ਨਾ ਰੱਖੇ ਜਾਣ ਅਤੇ ਇਹ ਕੰਮ ਡਿਪਟੀ ਕਮਿਸ਼ਨਰਾਂ ਲਈ ਛੱਡੇ ਜਾਣ।
ਮੁੱਖ ਮੰਤਰੀ ਵਲੋਂ ਮੁਹਾਲੀ ਦੇ ਸਮਾਗਮ ਵਿਚ ਕੀਤੀ ਜਾ ਰਹੀ ਸ਼ਮੂਲੀਅਤ ਮੌਕੇ ਮਿਸ਼ਨ ਫ਼ਤਿਹ ਹੇਠ ਚੰਗਾ ਕੰਮ ਕਰਨ ਵਾਲਿਆਂ ਨੂੰ ਸਨਮਾਨ ਪੱਤਰ ਤੇ ਸਰਟੀਫਿਕੇਟ ਆਦਿ ਦੇਣ ਦਾ ਕੰਮ ਵੀ ਹੁਣ ਮੁੱਖ ਸਮਾਗਮ ਵਿਚ ਨਹੀਂ ਬਲਕਿ ਬਾਅਦ ਵਿਚ ਡਿਪਟੀ ਕਮਿਸ਼ਨਰ ਪੱਧਰ ‘ਤੇ ਹੋ ਸਕੇਗਾ। ਸਰਕਾਰੀ ਹਲਕਿਆਂ ਦਾ ਮੰਨਣਾ ਹੈ ਕਿ ਇਸ ਵਾਰ ਇਹ ਸਮਾਗਮ ਕਾਫ਼ੀ ਛੋਟੇ ਹੋਣਗੇ ਅਤੇ ਇੱਕ ਘੰਟੇ ਤੋਂ ਵੱਧਣ ਦੀ ਸੰਭਾਵਨਾ ਘੱਟ ਹੀ ਰਹੇਗੀ। ਚੰਡੀਗੜ੍ਹ ਵਿਖੇ ਰਾਜਪਾਲ ਵਲੋਂ ਆਜ਼ਾਦੀ ਦਿਵਸ ਮੌਕੇ ਰਾਜ ਭਵਨ ਵਿਚ ਐਟ ਹੋਮ ਦੇ ਰੱਖੇ ਜਾਂਦੇ ਸਮਾਗਮ ਜਿਸ ਵਿਚ ਰਿਟਾਇਰਡ ਫ਼ੌਜੀ, ਅਧਿਕਾਰੀ ਅਤੇ ਵੱਖ-ਵੱਖ ਵਰਗਾਂ ਤੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਬੁਲਾਇਆ ਜਾਂਦਾ ਹੈ ਉਸ ਨੂੰ ਵੀ ਕੋਰੋਨਾ ਕਾਰਨ ਪ੍ਰਸ਼ਾਸਨ ਨਹੀਂ ਕਰਨਾ ਚਾਹੁੰਦਾ। ਜ਼ਿਲ੍ਹਾ ਪੱਧਰ ‘ਤੇ ਮੰਤਰੀਆਂ ਵਲੋਂ ਕੀਤੇ ਜਾਣ ਵਾਲੇ ਸਾਰੇ ਸਮਾਗਮਾਂ ਲਈ ਵੀ ਇਹੋ ਦਿਸ਼ਾ ਨਿਰਦੇਸ਼ ਅਮਲ ਵਿਚ ਲਿਆਂਦੇ ਜਾਣਗੇ ਤਾਂ ਜੋ ਇਹ ਸਮਾਗਮ ਕਰੋਨਾ ਮਹਾਂਮਾਰੀ ਨੂੰ ਵਧਾਉਣ ਦਾ ਕੰਮ ਨਾ ਕਰਨ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …