Breaking News
Home / ਪੰਜਾਬ / ਸੰਘ ਦੀਆਂ ਸੁਖਦੇਵ ਸਿੰਘ ਢੀਂਡਸਾ ਨੇ ਕੀਤੀਆਂ ਸਿਫ਼ਤਾਂ

ਸੰਘ ਦੀਆਂ ਸੁਖਦੇਵ ਸਿੰਘ ਢੀਂਡਸਾ ਨੇ ਕੀਤੀਆਂ ਸਿਫ਼ਤਾਂ

ਕਿਹਾ – ਭਾਜਪਾ ਦੀ ਗਲਤੀ ਹੋਵੇ ਤਾਂ ਸੰਘ ਨੇਤਾ ਗਲਤੀ ਦਾ ਕਰਵਾਉਂਦੇ ਹਨ ਅਹਿਸਾਸ
ਸ਼੍ਰੋਮਣੀ ਕਮੇਟੀ ‘ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼
ਬਟਾਲਾ : ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਸਰਪ੍ਰਸਤ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਬਟਾਲਾ ਨੇੜਲੇ ਪਿੰਡ ਧੁੱਪਸੜੀ ਵਿੱਚ ਕਿਹਾ ਕਿ ਸ਼੍ਰੋਮਣੀ ਕਮੇਟੀ (ਐੱਸਜੀਪੀਸੀ) ਨਾਲੋਂ ਆਰਐੱਸਐੱਸ ਕਿਤੇ ਚੰਗੀ ਹੈ ਕਿਉਂਕਿ ਕੇਂਦਰ ਸਰਕਾਰ ਜਾਂ ਹੋਰ ਪ੍ਰਾਂਤਾਂ ਵਿਚ ਭਾਜਪਾ ਸਰਕਾਰ ਜਿੱਥੇ ਗ਼ਲਤ ਹੋਵੇ, ਸੰਘ ਉਸ ਨੇਤਾ ਦੇ ਤੁਰੰਤ ‘ਕੰਨ ਮਰੋੜ’ ਕੇ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾ ਦਿੰਦਾ ਹੈ, ਪਰ ਬੇਅਦਬੀ ਕਾਂਡ, ਬਹਿਬਲ ਅਤੇ ਬਰਗਾੜੀ ਕਲਾਂ ਘਟਨਾਵਾਂ ਲਈ ਐੱਸਜੀਪੀਸੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਨੇ ਅਕਾਲੀ ਸਰਕਾਰ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਕੀਤੀ। ਢੀਂਡਸਾ ਨੇ ਦੁਹਰਾਇਆ ਕਿ ਉਹ ਕੋਈ ਚੋਣ ਨਹੀਂ ਲੜਨਗੇ ਪਰ ਪੰਜਾਬ ਨੂੰ ਤਬਾਹੀ ਕੰਢੇ ਖੜ੍ਹਾ ਕਰਨ ਲਈ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਰਾਜਸੀ ਤੌਰ ‘ਤੇ ਖ਼ਤਮ ਕਰਨ ਲਈ ਮੁਹਿੰਮ ਵਿੱਢ ਰਹੇ ਹਨ। ਉਨ੍ਹਾਂ ਮਝੈਲਾਂ ਨੂੰ ਸੱਦਾ ਦਿੱਤਾ ਕਿ ਉਹ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ। ਇਸ ਮੌਕੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਅਤੇ ਹੋਰ ਅਹੁਦੇਦਾਰਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼੍ਰੋਮਣੀ ਅਕਾਲੀ ਦਲ (ਡੀ) ਬਣਾਉਣ ‘ਤੇ ਪਹਿਲੀ ਵਾਰੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਏ ਢੀਂਡਸਾ ਨੇ ਗੁਰਦੁਆਰਾ ਧੁੱਪਸੜੀ ਵਿੱਚ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਜੋ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਲੜੇਗਾ, ਉਹ ਰਾਜਸੀ ਅਹੁਦੇ ਵੱਲ ਝਾਕ ਨਹੀਂ ਰੱਖੇਗਾ। ਬਾਦਲ ਪਰਿਵਾਰ ਵੱਲੋਂ ਬੱਸਾਂ ਪਾਉਣ, ਹੋਟਲ ਬਣਾਉਣ ਅਤੇ ਵੱਡੀਆਂ ਜਾਇਦਾਦਾਂ ਬਣਾਉਣ ਤੋਂ ਸੰਗਤ ਨੂੰ ਜਾਣੂ ਕਰਵਾਉਂਦਿਆਂ ਉਨ੍ਹਾਂ ਦੱਸਿਆ ਕਿ ਹੁਣ ਇਸੇ ਬਾਦਲ ਪਰਿਵਾਰ ਤੋਂ ਸੀਨੀਅਰ ਲੀਡਰ ਕਿਨਾਰਾ ਕਰਨ ਲੱਗੇ ਹਨ। ਉਨ੍ਹਾਂ ਬਾਦਲਾਂ ‘ਤੇ ਪਾਰਟੀ, ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦੁਰਉਪਯੋਗ ਕਰਨ ਦੇ ਇਲਜ਼ਾਮ ਲਾਉਂਦਿਆਂ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਉਹ ਪੰਥਕ ਮਰਿਆਦਾ ਦੀ ਬਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਡੀ) ਦਾ ਸਾਥ ਦੇਣ। ਸੂਬੇ ਸਿਰ ਚੜ੍ਹੇ ਕਰਜ਼ੇ ‘ਤੇ ਚਿੰਤਾ ਜਤਾਉਂਦਿਆਂ ਰਾਜ ਸਭਾ ਮੈਂਬਰ ਨੇ ਦੱਸਿਆ ਕਿ ਸਾਲਾਨਾ 20 ਹਜ਼ਾਰ ਕਰੋੜ ਰੁਪਏ ਤਾਂ ਵਿਆਜ ਦੇ ਰੂਪ ‘ਚ ਜਾ ਰਹੇ ਹਨ। ਕੈਪਟਨ ਸਰਕਾਰ ਵੱਲੋਂ ਨਸ਼ੇ, ਰੇਤ ਮਾਫੀਆ, ਲੈਂਡ ਮਾਫੀਆ ਖ਼ਤਮ ਕਰਨ ਦੇ ਵਾਅਦਿਆਂ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਲੋਕ ਹੁਣ ਕਾਂਗਰਸ ਸਰਕਾਰ ਬਣਾ ਕੇ ਪਛਤਾ ਰਹੇ ਹਨ।
ਸ਼੍ਰੋਮਣੀ ਕਮੇਟੀ ਦੀ ਤੁਲਨਾ ਸੰਘ ਨਾਲ ਨਹੀਂ ਕੀਤੀ : ਢੀਂਡਸਾ
ਬਟਾਲਾ : ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਕਮੇਟੀ ਦੀ ਤੁਲਨਾ ਆਰਐਸਐਸ ਨਾਲ ਕੀਤੇ ਜਾਣ ਦਾ ਖੰਡਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਜਿਹੇ ਸ਼ਬਦ ਨਹੀਂ ਕਹੇ। ਉਨ੍ਹਾਂ ਦੱਸਿਆ ਕਿ ਐਸਜੀਪੀਸੀ ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਹੋਂਦ ਵਿੱਚ ਆਈ ਹੈ ਪਰ ਅਜੋਕੇ ਦੌਰ ਵਿੱਚ ਇਸ ਸੰਸਥਾ ਦੇ ਪ੍ਰਬੰਧਕਾਂ ਦੀਆਂ ਖਾਮੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਐਸਜੀਪੀਸੀ ਪ੍ਰਬੰਧਕਾਂ ਦੇ ਅਵੇਸਲੇ ਹੋਣ ਨਾਲ ਸਿੱਖੀ ਵਿੱਚ ਨਿਘਾਰ ਆਇਆ ਹੈ।
ਢੀਂਡਸਾ ਦੀ ਮਨਸ਼ਾ ਸਪੱਸ਼ਟ ਹੋਈ : ਲੌਂਗੋਵਾਲ
ਸ੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਰ.ਐਸ.ਐਸ. ਨੂੰ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਬਿਹਤਰ ਦੱਸਣ ਨਾਲ ਉਨ੍ਹਾਂ ਦੀ ਮਨਸ਼ਾ ਸਪਸ਼ਟ ਹੋ ਗਈ ਹੈ। ਉਨ੍ਹਾਂ ਢੀਂਡਸਾ ਦੇ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਸੰਸਥਾ ਸਿੱਖ ਕੌਮ ਦੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸੀ ਪਰ ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਕੰਮਾਂ ਦੇ ਸੋਹਲੇ ਗਾਉਣ ਵਾਲੇ ਢੀਂਡਸਾ ਵੱਲੋਂ ਆਰ.ਐਸ.ਐਸ ਨੂੰ ਸ਼੍ਰੋਮਣੀ ਕਮੇਟੀ ਨਾਲੋਂ ਬਿਹਤਰ ਦੱਸਣਾ ਮੰਦਭਾਗਾ ਹੈ। ਉਨ੍ਹਾਂ ਢੀਂਡਸਾ ਨੂੰ ਸਵਾਲ ਕੀਤਾ ਕਿ ਜੇ ਸ਼੍ਰੋਮਣੀ ਕਮੇਟੀ ਨਾਲੋਂ ਆਰ.ਐਸ.ਐਸ. ਹੀ ਚੰਗੀ ਹੈ ਤਾਂ ਉਹ ਆਏ ਦਿਨ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਬਿਆਨ ਕਿਉਂ ਦੇ ਰਹੇ ਹਨ। ਇਕ ਪਾਸੇ ਤਾਂ ਉਹ ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਹਨ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਆਰ.ਐਸ.ਐਸ. ਤੋਂ ਨੀਵਾਂ ਵਿਖਾ ਕੇ ਅਖਬਾਰੀ ਸੁਰਖੀਆਂ ਵਿਚ ਆ ਰਹੇ ਹਨ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …