ਕਿਹਾ – ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਖ਼ਿਲਾਫ਼ ਕਾਰਵਾਈਆਂ ਕਰਦਾ ਸੀ ਮਜੀਠੀਆ ਦਾ ਦਾਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ ਅਤੇ ਕੁਲਜੀਤ ਸਿੰਘ ਨਾਗਰਾ ਨੇ ਮਜੀਠੀਆ ਦੇ ਸਬੂਤਾਂ ਸਾਹਿਤ ਪੋਤੜੇ ਫਰੋਲੇ। ਇਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਦਾਦੇ ਸੁੰਦਰ ਸਿੰਘ ਮਜੀਠੀਆ ਵੱਲੋਂ ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਖ਼ਿਲਾਫ਼ ਕਾਰਵਾਈਆਂ ਕੀਤੀਆਂ ਗਈਆਂ ਜਿਸ ਦੇ ਸਬੂਤ ਉਨ੍ਹਾਂ ਕੋਲ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿਚ ਮਜੀਠੀਆ ਦੇਸ਼ ਭਰ ਦੇ ਸਿੱਖਾਂ ਕੋਲੋਂ ਮੁਆਫ਼ੀ ਮੰਗੇ ਨਹੀਂ ਤਾਂ ਅਸੀ ਇਸ ਨੂੰ ਸਦਨ ਵਿਚ ਬੋਲਣ ਨਹੀਂ ਦਿਆਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਦਨ ਵਿਚ ਮੁਆਫ਼ੀ ਮੰਗੇ। ਇਸ ਦੌਰਾਨ ਉਨ੍ਹਾਂ ਨੇ ਮਜੀਠੀਆ ਪਰਿਵਾਰ ਨੂੰ ਪੰਥ ਦਾ ਗੱਦਾਰ ਦੱਸਿਆ। ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਸਾਕੇ ਲਈ ਜ਼ਿੰਮੇਵਾਰ ਜਨਰਲ ਡਾਇਰ ਨੂੰ ਸੁੰਦਰ ਸਿੰਘ ਮਜੀਠੀਆ ਵਲੋਂ ਸਿਰੋਪਾਓ ਦੇਣ ਤੇ ਭੋਜਨ ਛਕਾਉਣ ਸਮੇਤ ਸਿੱਖ ਕੌਮ ਖ਼ਿਲਾਫ਼ ਕੀਤੀਆਂ ਕਾਰਵਾਈਆਂ ਦੇ ਦੋਸ਼ਾਂ ਦੇ ਸਾਰੇ ਸਬੂਤ ਉਨ੍ਹਾਂ ਕੋਲ ਹਨ। ਸਿੱਧੂ ਨੇ ਕਿਹਾ ਕਿ ਰਾਣੀ ਜਿੰਦਾ ਅਤੇ ਮਹਾਰਾਜ ਦਲੀਪ ਸਿੰਘ ਨੂੰ 1846 ਵਿਚ ਸੁੰਦਰ ਸਿੰਘ ਮਜੀਠੀਆ ਨੇ ਹੀ ਗ੍ਰਿਫ਼ਤਾਰ ਕਰਵਾਇਆ ਸੀ ਜਿਸ ਦੇ ਚਲਦੇ ਉਨ੍ਹਾਂ ਨੂੰ ਜਾਗੀਰ ਵੀ ਇਨਾਮ ਵਜੋਂ ਮਿਲੀ ਸੀ। ਸਿੱਧੂ ਨੇ ਕਿਹਾ ਕਿ ਖੁਸ਼ਵੰਤ ਸਿੰਘ ਆਪਣੇ ਬਚਪਨ ਵਿਚ ਸੁੰਦਰ ਸਿੰਘ ਮਜੀਠੀਆ ਕੋਲ ਇਕ ਕਿਤਾਬ ਤੇ ‘ਆਟੋਗ੍ਰਾਫ’ ਲੈਣ ਲਈ ਗਏ ਸਨ ਪਰ ਉਨ੍ਹਾਂ ਇਹ ਕਹਿ ਕੇ ਉਸ ‘ਤੇ ਆਪਣੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਸ ਵਿਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਮੌਜੂਦ ਹੈ ਜਿਸ ਦਾ ਜ਼ਿਕਰ ਬਾਅਦ ਵਿਚ ਖੁਸ਼ਵੰਤ ਸਿੰਘ ਵਲੋਂ ਕੀਤਾ ਗਿਆ।
ਸੁੰਦਰ ਸਿੰਘ ਮਜੀਠੀਆ ਮਹਾਨ ਵਿਅਕਤੀ ਸਨ : ਬਿਕਰਮ ਮਜੀਠੀਆ
ਬਿਕਰਮ ਮਜੀਠੀਆ ਨੇ ਆਪਣੇ ਪੜਦਾਦੇ ‘ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਕਿਸਾਨਾਂ, ਬੇਰੁਜ਼ਗਾਰ ਅਤੇ ਹੋਰਨਾਂ ਵਾਅਦਿਆਂ ਨੂੰ ਪੂਰਾ ਕਰਨ ‘ਚ ਅਸਫ਼ਲ ਰਹੀ ਹੈ। ਇਸ ਕਰਕੇ ਕਾਂਗਰਸ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਚਿੱਕੜ ਉਛਾਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੁੰਦਰ ਸਿੰਘ ਮਜੀਠੀਆ ਮਹਾਨ ਵਿਅਕਤੀ ਸਨ ਜਿਨ੍ਹਾਂ ਨਾਮੀ ਅਦਾਰਿਆਂ ਦੀ ਨੀਂਹ ਰੱਖੀ ਅਤੇ ਪਰਿਵਾਰ ਨੂੰ ਨਵਜੋਤ ਸਿੰਘ ਸਿੱਧੂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …