Breaking News
Home / ਪੰਜਾਬ / ਬੈਲ ਗੱਡੀਆਂ ਦੀਆਂ ਦੌੜਾਂ ਨੂੰ ਪ੍ਰਵਾਨਗੀ ਸਮੇਤ 5 ਬਿੱਲ ਪਾਸ

ਬੈਲ ਗੱਡੀਆਂ ਦੀਆਂ ਦੌੜਾਂ ਨੂੰ ਪ੍ਰਵਾਨਗੀ ਸਮੇਤ 5 ਬਿੱਲ ਪਾਸ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਨੇ ਪੰਜ ਬਿੱਲ ਪਾਸ ਕਰ ਦਿੱਤੇ ਹਨ। ਇਨ੍ਹਾਂ ਬਿੱਲਾਂ ਵਿੱਚ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਪ੍ਰਵਾਨਗੀ ਦੇਣ ਦਾ ਬਿੱਲ ਵੀ ਸ਼ਾਮਲ ਹੈ। ਸਰਕਾਰ ਵੱਲੋਂ ਜਾਨਵਰਾਂ ‘ਤੇ ਅੱਤਿਆਚਾਰ ਉੱਪਰ ਰੋਕ (ਸੋਧਨਾ ਬਿਲ) 2019 ਪੇਸ਼ ਕਰਦਿਆਂ ਕਿਹਾ ਗਿਆ ਕਿ ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਬਿਲ ਲਿਆਂਦਾ ਗਿਆ ਹੈ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸੋਮਵਾਰ ਨੂੰ ਅਣਮਿਥੇ ਸਮੇਂ ਲਈ ਉਠਾ ਦਿੱਤਾ ਗਿਆ ਹੈ। ਪੰਜਾਬ ਦੇ ਵਿਧਾਇਕਾਂ ਨੂੰ ਜਨਵਰੀ ਮਹੀਨੇ ਅਸਾਸੇ ਐਲਾਨਣ ਸਬੰਧੀ ਕਾਨੂੰਨੀ ਤੌਰ ‘ਤੇ ਪਾਬੰਦ ਕਰਦਿਆਂ ਪੰਜਾਬ ਵਿਧਾਨ ਸਭਾ (ਮੈਂਬਰਾਂ ਦੀਆਂ ਤਨਖਾਹਾਂ ਤੇ ਭੱਤੇ) ਸੋਧਨਾ ਬਿਲ ਵੀ ਪਾਸ ਕਰ ਦਿੱਤਾ ਗਿਆ। ਇਸ ਬਿੱਲ ਵਿੱਚ ਅਚੱਲ ਜਾਇਦਾਦ ਸ਼ਾਮਲ ਕਰਾਉਣ ਦੀ ਮੰਗ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਰੌਲਾ ਵੀ ਪਾਇਆ। ਪੰਜਾਬ ਦੇ ਸ਼ਹਿਰਾਂ ਵਿੱਚ ਅਣ-ਅਧਿਕਾਰਤ ਉਸਾਰੀਆਂ ਨੂੰ ਨਿਯਮਿਤ ਕਰਨ ਲਈ ਲੋਕਾਂ ਨੂੰ ਯਕਮੁਸ਼ਤ ਰਾਹਤ ਦੇਣ ਖਾਤਰ ‘ਪੰਜਾਬ ਬਿਲਡਿੰਗ ਬਾਇ-ਲਾਅਜ਼’ ਦੀ ਉਲੰਘਣਾ ਕਰਕੇ ਉਸਾਰੀਆਂ ਗਈਆਂ ਇਮਾਰਤਾਂ ਦੇ ਇੱਕੋ ਵਾਰ ਸਵੈ-ਪ੍ਰਗਟਾਵਾ ਤੇ ਨਿਪਟਾਰਾ ਬਿੱਲ-2019 ਪਾਸ ਕੀਤਾ ਗਿਆ। ਇਸ ਬਿੱਲ ‘ਤੇ ਬਹਿਸ ਵਿਚ ਹਿੱਸਾ ਲੈਂਦਿਆਂ ਬਲਵਿੰਦਰ ਸਿੰਘ ਬੈਂਸ ਨੇ ਪੰਜਾਬ ਅਪਾਰਟਮੈਂਟ ਨਿਯਮਿਤ ਕਾਨੂੰਨ ਮੁਅੱਤਲ ਕਰਨ ਦੀ ਮੰਗ ਕੀਤੀ। ਅੰਮ੍ਰਿਤਸਰ ਵਿੱਚ ਉਸਾਰੀਆਂ ਨੂੰ ਨਿਯਮਿਤ ਕਰਨ ਲਈ ਅੰਮ੍ਰਿਤਸਰ ਵਾਲਡ ਸਿਟੀ (ਉਦਯੋਗ ਕਰਨ ਦੀ ਮਾਨਤਾ) ਸੋਧ ਬਿਲ 2019 ਵੀ ਪਾਸ ਕਰ ਦਿੱਤਾ ਗਿਆ। ਭਾਜਪਾ ਦੇ ਸੋਮ ਪ੍ਰਕਾਸ਼ ਨੇ ਇਸ ਬਿਲ ਨੂੰ ਗੈਰਕਾਨੂੰਨੀ ਇਮਾਰਤਾਂ ਵਾਲੇ ਕਾਨੂੰਨ ਵਿੱਚ ਹੀ ਸ਼ਾਮਲ ਕਰਨ ਦੀ ਮੰਗ ਕੀਤੀ। ‘ਆਪ’ ਦੇ ਵਿਧਾਇਕਾਂ ਨੇ ਇਮਾਰਤਾਂ ਨਿਯਮਿਤ ਕਰਨ ਲਈ ਲਾਈ ਫੀਸ ਘਟਾਉਣ ਦੀ ਮੰਗ ਕੀਤੀ। ਇਸੇ ਤਰ੍ਹਾਂ ਸਦਨ ਨੇ ਸਟੈਂਪ ਡਿਊਟੀ ਸੋਧ ਬਿੱਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ।

Check Also

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫਾ

ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਬਣੇ ਸਨ ਐਸਜੀਪੀਸੀ ਦੇ ਪ੍ਰਧਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …