ਰਾਜਾ ਵੜਿੰਗ ਅਤੇ ਓਪੀ ਸੋਨੀ ਕੋਲੋਂ ਹੋ ਸਕਦੀ ਹੈ ਪੁੱਛਗਿੱਛ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਦੋ ਸਾਬਕਾ ਕਾਂਗਰਸੀ ਮੰਤਰੀਆਂ ਦੀ ਮੁਸ਼ਕਲ ਵਧ ਸਕਦੀ ਹੈ। ਸੂਬੇ ਦੀ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਸਾਬਕਾ ਕਾਂਗਰਸੀ ਮੰਤਰੀ ਰਾਜਾ ਵੜਿੰਗ ਅਤੇ ਓਪੀ ਸੋਨੀ ਕੋਲੋਂ ਪੁੱਛਗਿੱਛ ਕਰ ਸਕਦੀ ਹੈ। ਪੰਜਾਬ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸਦੀ ਪੁਸ਼ਟੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਸਰਕਾਰੀ ਬੱਸਾਂ ’ਤੇ ਘਟੀਆ ਕੁਆਲਿਟੀ ਦੀ ਬਾਡੀ ਲਗਵਾਈ ਹੈ। ਲਾਲਜੀਤ ਭੁੱਲਰ ਨੇ ਇਹ ਵੀ ਸਵਾਲ ਕੀਤਾ ਹੈ ਕਿ ਬੱਸਾਂ ਦੀ ਬਾਡੀ ਜੈਪੁਰ ਤੋਂ ਹੀ ਕਿਉਂ ਬਣਵਾਈ ਗਈ? ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਹੁੰਦਿਆਂ 825 ਨਵੀਆਂ ਸਰਕਾਰੀ ਬੱਸਾਂ ਦੀ ਖਰੀਦ ਕੀਤੀ ਸੀ। ਇਸੇ ਦੌਰਾਨ ਓਪੀ ਸੋਨੀ ਕਾਂਗਰਸ ਸਰਕਾਰ ਵਿਚ ਡਿਪਟੀ ਸੀਐਮ ਰਹੇ ਹਨ। ਲਾਲਜੀਤ ਭੁੱਲਰ ਨੇ ਕਿਹਾ ਕਿ ਸੋਨੀ ਨੇ ਭਾਈ ਭਤੀਜਾਵਾਦ ਕੀਤਾ ਅਤੇ ਉਨ੍ਹਾਂ ਆਪਣੇ ਭਤੀਜੇ ਦੇ ਨਾਮ ’ਤੇ ਅਰਬਾਂ ਰੁਪਏ ਦੀ ਪ੍ਰਾਪਰਟੀ ਦੀ ਚੰਦ ਪੈਸਿਆਂ ਵਿਚ ਹੀ ਲੀਜ਼ ਕਰ ਦਿੱਤੀ ਸੀ ਅਤੇ ਇਸਦੀ ਵੀ ਜਾਂਚ ਕੀਤੀ ਜਾ ਰਹੀ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।