Breaking News
Home / ਪੰਜਾਬ / ਪੰਜਾਬੀ ਲੇਖਕ ਸਭਾ ਨੇ ਮਨਾਈ ਚੰਨ ਸ਼ਤਾਬਦੀ

ਪੰਜਾਬੀ ਲੇਖਕ ਸਭਾ ਨੇ ਮਨਾਈ ਚੰਨ ਸ਼ਤਾਬਦੀ

ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ ਰੰਗਕਰਮੀ ਇਕੱਤਰ ਸਿੰਘ ਨੂੰ ਭੇਟ
ਚੰਡੀਗੜ੍ਹ : ਸਾਹਿਤਕ ਸੰਸਾਰ ਤੋਂ ਲੈ ਕੇ ਰੰਗਮੰਚ ਦੀ ਦੁਨੀਆ ਤੱਕ ਆਪਣੀ ਧਾਂਕ ਜਮਾਉਣ ਵਾਲੇ ਤੇਰਾ ਸਿੰਘ ਚੰਨ ਦਾ ਸ਼ਤਾਬਦੀ ਸਮਾਗਮ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਆਯੋਜਿਤ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬੀ ਕਲਾ ਭਵਨ ਦੇ ਵਿਹੜੇ ਰਚਾਏ ਗਏ ਚੰਨ ਸ਼ਤਾਬਦੀ ਦੇ ਸਮਾਗਮ ਵਿਚ ਜਿੱਥੇ ਤੇਰਾ ਸਿੰਘ ਚੰਨ ਹੁਰਾਂ ਦੀਆਂ ਲਿਖਤਾਂ ਦੀ, ਉਨ੍ਹਾਂ ਦੀ ਘਾਲਣਾ ਦੀ, ਸਮਾਜਿਕ ਜਾਗ੍ਰਤੀ ਦੀ ਗੱਲ ਹੋਈ, ਉਥੇ ਹੀ ਉਨ੍ਹਾਂ ਦੀ ਸੋਚ ਨੂੰ ਲੈ ਕੇ ਅੱਗੇ ਤੁਰਨ ਵਾਲੀਆਂ ਹਸਤੀਆਂ ਵਿਚੋਂ ਚੋਣ ਕਰਕੇ ਉਘੇ ਤੇ ਨੌਜਵਾਨ ਰੰਗਕਰਮੀ ਇਕੱਤਰ ਸਿੰਘ ਨੂੰ ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਆਯੋਜਿਤ ਇਸ ਸਮਾਗਮ ਦੀ ਪ੍ਰਧਾਨਗੀ ਡਾ. ਰਘਬੀਰ ਸਿੰਘ ਸਿਰਜਣਾ ਨੇ ਕੀਤੀ ਤੇ ਮੁੱਖ ਮਹਿਮਾਨ ਗੁਲਜ਼ਾਰ ਸਿੰਘ ਸੰਧੂ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਸਰਬਜੀਤ ਕੌਰ ਸੋਹਲ, ਦਰਸ਼ਨ ਬੁੱਟਰ ਤੇ ਸੁਖਦੇਵ ਸਿੰਘ ਸਿਰਸਾ ਨੇ ਸ਼ਮੂਲੀਅਤ ਕੀਤੀ। ਮੁੱਖ ਬੁਲਾਰੇ ਵਜੋਂ ਆਪਣੀ ਗੱਲ ਰੱਖਦਿਆਂ ਡਾ. ਕੁਲਦੀਪ ਸਿੰਘ ਦੀਪ ਨੇ ਆਖਿਆ ਕਿ ਤੇਰਾ ਸਿੰਘ ਚੰਨ ਸਮਕਾਲੀ, ਤਤਕਾਲੀ ਤੇ ਚਿਰਕਾਲੀ ਲੇਖਕ ਸਨ। ਜਿਹੜੇ ਰਹਿੰਦੀ ਦੁਨੀਆ ਤੱਕ ਆਪਣੀਆਂ ਲਿਖਤਾਂ ਰਾਹੀਂ ਸਾਨੂੰ ਹਲੂਣਦੇ ਰਹਿਣਗੇ। ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਸਵਾਗਤੀ ਸ਼ਬਦਾਂ ਦੇ ਨਾਲ-ਨਾਲ ਪੰਜਾਬ ’ਚ ਇਪਟਾ ਦਾ ਬੂਟਾ ਲਗਾਉਣ ਵਾਲੇ ਤੇਰਾ ਸਿੰਘ ਚੰਨ ਦੇ ਜੀਵਨ ’ਤੇ ਝਾਤ ਪਾਉਂਦਿਆਂ ਇਹ ਗੱਲ ਮਾਣ ਨਾਲ ਸਾਂਝੀ ਕੀਤੀ ਕਿ ਮੈਂ ਜਿਸ ਸਭਾ ਦਾ ਪ੍ਰਧਾਨ ਹਾਂ ਤੇਰਾ ਸਿੰਘ ਚੰਨ ਉਸ ਸਭਾ ਦੇ ਬਾਨੀ ਸਨ। ਬਲਕਾਰ ਸਿੱਧੂ ਨੇ ਸਨਮਾਨ ਹਾਸਲ ਕਰਨ ਵਾਲੇ ਰੰਗਕਰਮੀ ਇਕੱਤਰ ਸਿੰਘ ਦੀ ਘਾਲਣਾ ਵੀ ਸਾਂਝੀ ਕੀਤੀ। ਇਸ ਮੌਕੇ ਸਵਰਨ ਸਿੰਘ ਸੰਧੂ ਤੇ ਯੁੱਧਵੀਰ ਸਿੰਘ ਹੁਰਾਂ ਨੇ ਤੇਰਾ ਸਿੰਘ ਚੰਨ ਹੁਰਾਂ ਦਾ ਲਿਖਿਆ ਗੀਤ ‘ਪਿਆਰੀ ਭਾਰਤ ਮਾਂ’ ਗਾ ਕੇ ਮਹਿਫ਼ਲ ਨੂੰ ਰੁਸ਼ਨਾਇਆ।
ਇਸੇ ਤਰ੍ਹਾਂ ਡਾ. ਸੁਖਦੇਵ ਸਿੰਘ ਸਿਰਸਾ ਹੁਰਾਂ ਨੇ ਆਖਿਆ ਕਿ ਤੇਰਾ ਸਿੰਘ ਚੰਨ ਕੇਵਲ ਲਿਖਦੇ ਹੀ ਨਹੀਂ ਸਨ ਬਲਕਿ ਉਹ ਲਹਿਰਾਂ ਸਿਰਜਦੇ ਸਨ। ਉਨ੍ਹਾਂ ਕਿਹਾ ਕਿ ਤੇਰਾ ਸਿੰਘ ਚੰਨ ਇਕ ਪਾਸੇ ਸੁਚੇਤ ਰਾਜਨੀਤਿਕ ਲੇਖਕ ਸਨ, ਦੂਜੇ ਪਾਸੇ ਉਹ ਚਿੰਤਕ ਇਤਿਹਾਸਕਾਰ ਵੀ ਸਨ।
ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਐਲਾਨ ਕੀਤਾ ਕਿ ਤੇਰਾ ਸਿੰਘ ਚੰਨ ਹੁਰਾਂ ਦੀਆਂ ਲਿਖਤਾਂ, ਜੀਵਨ ਦਾ ਸਫ਼ਰ, ਉਨ੍ਹਾਂ ਨਾਲ ਬਿਤਾਏ ਵੱਖੋ-ਵੱਖ ਹਸਤੀਆਂ ਵੱਲੋਂ ਪਲ, ਯਾਦਾਂ ਆਦਿ ਨੂੰ ਸਹੇਜਦੇ ਹੋਏ ਪੰਜਾਬ ਸਾਹਿਤ ਅਕਾਦਮੀ ਤੇਰਾ ਸਿੰਘ ਚੰਨ ਨੂੰ ਸਮਰਪਿਤ ਇਕ ਗ੍ਰੰਥ ਪ੍ਰਕਾਸ਼ਿਤ ਕਰੇਗੀ। ਸਰਬਜੀਤ ਕੌਰ ਸੋਹਲ ਨੇ ਆਖਿਆ ਕਿ ਅਸੀਂ ਬਚਪਨ ਵਿਚ ਚੰਨ ਹੁਰਾਂ ਦੀ ਲਿਖਤ ਨੂੰ ਸਕੂਲ ਵਿਚ ਸਵੇਰ ਦੀ ਪ੍ਰਾਰਥਨਾ ਵਿਚ ਗਾਉਂਦੇ ਹੁੰਦੇ ਸਾਂ ਪਰ ਅਫ਼ਸੋਸ ਹੁਣ ਉਨ੍ਹਾਂ ਦੀਆਂ ਲਿਖਤਾਂ ਨੂੰ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਨੂੰ ਸਿਲੇਬਸ ਵਿਚ ਮੁੜ ਸ਼ਾਮਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਉਘੇ ਰੰਗਕਰਮੀ ਸਾਹਿਬ ਸਿੰਘ, ਦਵਿੰਦਰ ਦਮਨ, ਬੰਤ ਬਰਾੜ, ਕਮਲਜੀਤ ਢਿੱਲੋਂ ਤੇ ਡਾ. ਜਸਪਾਲ ਸਿੰਘ ਹੁਰਾਂ ਨੇ ਵੀ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।
ਸਮਾਗਮ ਵਿਚ ਬਤੌਰ ਮੁੱਖ ਬੁਲਾਰੇ ਸ਼ਾਮਲ ਹੋਏ ਗੁਰਨਾਮ ਕੰਵਰ ਹੁਰਾਂ ਨੇ ਜਿੱਥੇ ਤੇਰਾ ਸਿੰਘ ਚੰਨ ਹੁਰਾਂ ਦੀਆਂ ਸਮਾਜਿਕ ਦਾਨਤਦਾਰੀਆਂ ਦਾ ਜ਼ਿਕਰ ਕੀਤਾ, ਉਥੇ ਹੀ ਉਨ੍ਹਾਂ ਦੇ ਪਰਿਵਾਰ ਵੱਲੋਂ ਅੱਜ ਵੀ ਨਿਭਾਈ ਜਾ ਰਹੀ ਸਮਾਜਿਕ ਏਕਤਾ ਤੇ ਅਖੰਡਤਾ ਲਈ ਯਤਨਸ਼ੀਲਤਾ ਨੂੰ ਸਲਾਹਿਆ। ਬਤੌਰ ਮੁੱਖ ਮਹਿਮਾਨ ਆਪਣੀ ਗੱਲ ਰੱਖਦਿਆਂ ਗੁਲਜ਼ਾਰ ਸੰਧੂ ਹੁਰਾਂ ਨੇ ਕਿਹਾ ਕਿ ਮੈਂ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਜਲਦ ਹੀ ਕਿਸਾਨੀ ਨੂੰ ਸਮਰਪਿਤ ਤੇਰਾ ਸਿੰਘ ਚੰਨ ਹੁਰਾਂ ਦੀਆਂ ਲਿਖਤਾਂ ਨੂੰ ਕਿਤਾਬ ਰੂਪ ਵਿਚ ਪ੍ਰਕਾਸ਼ਿਤ ਕਰਵਾਵਾਂਗਾ। ਜ਼ਿਕਰਯੋਗ ਹੈ ਕਿ ਤੇਰਾ ਸਿੰਘ ਚੰਨ ਹੁਰਾਂ ਦੀਆਂ ਸਾਲਾਂ ਪਹਿਲਾਂ ਲਿਖੀਆਂ ਕਿਸਾਨੀ ਸਬੰਧੀ ਲਿਖਤਾਂ ਅਜੋਕੇ ਦੌਰ ਵਿਚ ਤੇ ਅੰਦੋਲਨ ਦੇ ਸਬੰਧ ਵਿਚ ਅੱਜ ਵੀ ਸਾਰਥਕ ਹਨ। ਸਭਾ ਦੀ ਪ੍ਰਧਾਨਗੀ ਕਰ ਰਹੇ ਡਾ. ਰਘਬੀਰ ਸਿੰਘ ਸਿਰਜਣਾ ਹੁਰਾਂ ਨੇ ਆਖਿਆ ਕਿ ਮੈਨੂੰ ਮਾਣ ਹੈ ਕਿ ਮੈਂ ਚੰਨ ਪਰਿਵਾਰ ਦਾ ਹਿੱਸਾ ਹਾਂ। ਰਘਬੀਰ ਸਿੰਘ ਸਿਰਜਣਾ ਨੇ ਕਿਹਾ ਕਿ ਚੰਨ ਜੀ ਲੋਕ ਲਹਿਰ ਖੜ੍ਹੀ ਕਰਨਾ ਵੀ ਜਾਣਦੇ ਸਨ ਤੇ ਉਸ ਨੂੰ ਵਿਸਥਾਰ ਦੇਣਾ ਵੀ। ਅਸੀਂ ਤਾਂ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਕੌਮੀ ਏਕਤਾ ਵੇਖਣੀ ਹੋਵੇ ਤਾਂ ਚੰਨ ਹੁਰਾਂ ਦਾ ਪਰਿਵਾਰ ਦੇਖਿਆ ਜਾ ਸਕਦਾ ਹੈ, ਜਿਸ ਵਿਚ ਦੇਸ਼ ਦੀਆਂ ਸਾਰੀਆਂ ਜਾਤਾਂ, ਸਾਰੇ ਧਰਮ, ਸਾਰੇ ਇਲਾਕੇ ਸਮੋਏ ਹੋਏ ਹਨ ਤੇ ਪਰਿਵਾਰ ਵਿਚ ਔਰਤ ਦਾ ਸਨਮਾਨ ਸਭ ਤੋਂ ਪਹਿਲਾਂ ਹੈ।
ਇਸ ਮੌਕੇ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਮੰਚ ਤੋਂ ਵਾਅਦਾ ਕੀਤਾ ਕਿ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਹਰ ਵਰ੍ਹੇ ਤੇਰਾ ਸਿੰਘ ਚੰਨ ਹੁਰਾਂ ਨੂੰ ਸਮਰਪਿਤ ਇਕ ਸਲਾਨਾ ਸਮਾਗਮ ਆਯੋਜਿਤ ਕਰਿਆ ਕਰੇਗੀ। ਜਿਸ ਵਿਚ ਹਰ ਵਾਰ ਚੰਨ ਹੁਰਾਂ ਦੀ ਸੋਚ ਨੂੰ ਅੱਗੇ ਤੋਰਨ ਵਾਲੀ ਹਸਤੀ ਦਾ ਸਨਮਾਨ ਕੀਤਾ ਜਾਇਆ ਕਰੇਗਾ। ਇਸ ਮੌਕੇ ਸਮੁੱਚੇ ਚੰਨ ਪਰਿਵਾਰ ਨੇ, ਤਿੰਨੋਂ ਸਭਾਵਾਂ ਨੇ ਅਤੇ ਪ੍ਰਮੁੱਖ ਹਸਤੀਆਂ ਨੇ ਤੇਰਾ ਸਿੰਘ ਚੰਨ ਸ਼ਤਾਬਦੀ ਯਾਦਗਾਰੀ ਸਨਮਾਨ ਰੰਗਕਰਮੀ ਇਕੱਤਰ ਸਿੰਘ ਨੂੰ ਭੇਟ ਕੀਤਾ, ਜਿਸ ਵਿਚ ਇਕ ਸ਼ਾਲ, ਗੁਲਦਸਤਾ, ਸਨਮਾਨ ਚਿੰਨ੍ਹ, ਪਰਿਵਾਰ ਵੱਲੋਂ 11000 ਰੁਪਏ ਨਕਦ ਰਾਸ਼ੀ ਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ5100 ਰੁਪਏ ਨਕਦ ਰਾਸ਼ੀ ਭੇਟ ਕਰਕੇ ਸਨਮਾਨ ਕੀਤਾ ਗਿਆ। ਜਦੋਂਕਿ ਪੰਜਾਬੀ ਲੇਖਕ ਸਭਾ ਦੇ ਸਕੱਤਰ ਪਾਲ ਅਜਨਬੀ ਵੱਲੋਂ ਤੇਰਾ ਸਿੰਘ ਚੰਨ ਹੁਰਾਂ ਨੂੰ ਸਮਰਪਿਤ ਲਿਖੀ ਗਈ ਲਿਖਤ ਫਰੇਮ ਵਿਚ ਮੜ੍ਹਾ ਕੇ ਸਮੁੱਚੇ ਚੰਨ ਪਰਿਵਾਰ ਨੂੰ ਭੇਂਟ ਵੀ ਕੀਤੀ ਗਈ।
ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ ਕਰਦਿਆਂ ਕਿਹਾ ਕਿ ਹੁਣ ਇਹ ਲੜੀ ਟੁੱਟਣ ਨਹੀਂ ਦਿਆਂਗੇ। ਤੇਰਾ ਸਿੰਘ ਚੰਨ ਹੁਰਾਂ ਦੀ ਸੋਚ ਤੇ ਲਿਖਤ ਨੂੰ ਅਸੀਂ ਨਵੀਂ ਪੀੜ੍ਹੀ ਤੱਕ ਲੈ ਕੇ ਜਾਵਾਂਗੇ। ਇਸ ਮੌਕੇ ਮਲਕੀਤ ਸਿੰਘ ਰੌਣੀ, ਦਿਲਦਾਰ ਸਿੰਘ, ਪ੍ਰੋ. ਮਨਦੀਪ ਸਿੰਘ, ਜਗਨਮੀਤ ਸਿੰਘ, ਡਾ. ਲਾਭ ਸਿੰਘ ਖੀਵਾ, ਮਨਜੀਤ ਕੌਰ ਮੀਤ, ਸਿਰੀਰਾਮ ਅਰਸ਼, ਸੁਰਿੰਦਰ ਗਿੱਲ, ਡਾ. ਗੁਰਮੇਲ ਸਿੰਘ, ਕਾਹਨਾ ਸਿੰਘ, ਸਵਰਨ ਸਿੰਘ, ਯੁੱਧਵੀਰ ਸਿੰਘ, ਪਾਲ ਅਜਨਬੀ, ਅਵਤਾਰ ਸਿੰਘ ਪਤੰਗ, ਹਰਮਿੰਦਰ ਕਾਲੜਾ, ਪਰਮਜੀਤ ਪਰਮ, ਸੁਨੀਤਾ ਰਾਣੀ, ਅਮਰਜੀਤ ਕੌਰ, ਹਰਚੰਦ ਬਾਠ, ਪ੍ਰਵੀਨ ਸੰਧੂ, ਬਲਵਿੰਦਰ ਸੰਧੂ, ਰਾਜ ਕੁਮਾਰ, ਬਲਜਿੰਦਰ ਚੌਹਾਨ, ਜਗਦੀਪ ਸਿੱਧੂ, ਦੇਵੀ ਦਿਆਲ ਸ਼ਰਮਾ, ਸਰਦਾਰਾ ਸਿੰਘ ਚੀਮਾ, ਡਾ. ਸਰਬਜੀਤ ਸਿੰਘ, ਨਿਤਾਸ਼ਾ, ਭੁਪਿੰਦਰ ਸਿੰਘ ਮਲਿਕ, ਮਲਕੀਅਤ ਬਸਰਾ, ਜਗਦੀਪ ਕੌਰ ਨੂਰਾਨੀ, ਸਿਮਰਜੀਤ ਗਰੇਵਾਲ, ਸੰਜੀਵਨ ਸਿੰਘ, ਗੁਰਪ੍ਰੀਤ ਸਿੰਘ ਸੋਮਲ, ਰੰਜੀਵਨ ਸਿੰਘ, ਕੰਵਲਜੀਤ ਕੌਰ ਢਿੱਲੋਂ, ਸ਼ਵਿੰਦਰਪਾਲ ਕੌਰ ਗਿੱਲ, ਜਸਪਾਲ ਮਾਨਖੇੜਾ, ਰਾਜਿੰਦਰ ਰੋਜ਼ੀ, ਸੁਲੇਖਾ, ਅਮੀਰ ਸੁਲਤਾਨਾ, ਬੰਤ ਬਰਾੜ ਸਣੇ ਵੱਡੀ ਗਿਣਤੀ ਵਿਚ ਲੇਖਕ, ਸਾਹਿਤਕਾਰ, ਬੁੱਧਜੀਵੀ, ਰੰਗਕਰਮੀ ਅਤੇ ਚੰਨ ਪਰਿਵਾਰ ਦੇ ਮੈਂਬਰ ਹਾਜ਼ਰ ਸਨ। ਸਮੁੱਚੇ ਸਮਾਗਮ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ।

Check Also

ਚੰਡੀਗੜ੍ਹ ’ਚ 24 ਘੰਟੇ ਖੁੱਲ੍ਹੇ ਰਹਿਣਗੇ ਬਜ਼ਾਰ

ਯੂਟੀ ਪ੍ਰਸ਼ਾਸਨ ਨੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਪ੍ਰਸ਼ਾਸਨ ਨੇ …