ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਸਮੇਤ 9 ਕਾਂਗਰਸੀ ਵਿਧਾਇਕਾਂ ਨੂੰ ਅੱਜ ਦੀ ਕਾਰਵਾਈ ਤੋਂ ਕੀਤਾ ਮੁਅੱਤਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਬਜਟ ’ਤੇ ਬਹਿਸ ਕਰਵਾਈ ਗਈ ਅਤੇ ਵਿੱਤ ਹਰਪਾਲ ਚੀਮਾ ਵੱਲੋਂ ਵਿਰੋਧੀ ਧਿਰ ਵੱਲੋਂ ਚੁੱਕੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ। ਧਿਆਨ ਰਹੇ ਕਿ ਪੰਜਾਬ ਦੇ ਵਿੱਤ ਹਰਪਾਲ ਚੀਮਾ ਵੱਲੋਂ ਲੰਘੇ ਕੱਲ੍ਹ 2 ਲੱਖ ਕਰੋੜ ਤੋਂ ਜ਼ਿਆਦਾ ਦਾ ਬਜਟ ਪੇਸ਼ ਕੀਤਾ ਗਿਆ ਸੀ। ਸ਼ੈਸ਼ਨ ਦੀ ਸ਼ੁਰੂਆਤ ’ਚ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਜਲਦੀ ਤੋਂ ਜਲਦੀ ਦਲਿਤ ਵਿਅਕਤੀ ਨੂੰ ਡਿਪਟੀ ਸੀਐਮ ਬਣਾਏ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰਾ ਪੈਣ ਅਤੇ ਜੁੱਤੀ ਸੁੰਘਾਉਣ ਵਾਲੇ ਬਿਆਨ ’ਤੇ ਮੁਆਫ਼ੀ ਮੰਗਣ ਦੀ ਮੰਗ ਵੀ ਕੀਤੀ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਸਦਨ ’ਚ ਬੋਲਣ ਲਈ ਹੋਰ ਸਮਾਂ ਮੰਗਿਆ ਪ੍ਰੰਤੂ ਸਪੀਕਰ ਵੱਲੋਂ ਸਮਾਂ ਨਾ ਦਿੱਤੇ ਕਾਰਨ ਕਾਂਗਰਸੀ ਵਿਧਾਇਕਾਂ ਨੇ ਸਦਨ ’ਚ ਹੰਗਾਮਾ ਕਰ ਦਿੱਤਾ। ਭਾਰੀ ਹੰਗਾਮੇ ਚਲਦਿਆਂ ਸਪੀਕਰ ਕੁਲਤਾਰ ਸੰਧਵਾਂ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਸਮੇਤ 9 ਕਾਂਗਰਸੀ ਵਿਧਾਇਕਾਂ ਨੂੰ ਅੱਜ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਅਤੇ ਮਾਰਸ਼ਲਾਂ ਨੇ ਕਾਂਗਰਸੀ ਵਿਧਾਇਕਾਂ ਨੂੰ ਸਦਨ ’ਚੋਂ ਬਾਹਰ ਕੱਢ ਦਿੱਤਾ।