ਕਿਹਾ – ਆਰਥਿਕ ਤੰਗੀ ਕਾਰਨ ਹੋਈਆਂ ਮੌਤਾਂ ਲਈ ਕੈਪਟਨ ਸਰਕਾਰ ਜ਼ਿੰਮੇਵਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਲਜ਼ਾਮ ਲਾਇਆ ਹੈ ਕਿ ਕਰੋਨਾ, ਤਾਲਾਬੰਦੀ ਅਤੇ ਬੇਰੁਜ਼ਗਾਰੀ ਕਾਰਨ ਪੈਦਾ ਹੋਈ ਆਰਥਿਕ ਤੰਗੀ ਕਰਕੇ ਹੋਈਆਂ ਮੌਤਾਂ ਲਈ ਕੈਪਟਨ ਅਮਰਿੰਦਰ ਸਰਕਾਰ ਜ਼ਿੰਮੇਵਾਰ ਹੈ, ਜੋ ਕਰੋਨਾ ਦੇ ਮਾੜੇ ਹਾਲਾਤ ਵਿੱਚ ਸੂਬਾ ਵਾਸੀਆਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸਾਰਾ ਜ਼ੋਰ ਤਾਲਾਬੰਦੀ ਲਾਗੂ ਕਰਨ ਅਤੇ ਲੋਕਾਂ ਦੀ ਕੁੱਟਮਾਰ ਕਰਨ ‘ਤੇ ਹੀ ਲਾਈ ਰੱਖਿਆ ਹੈ। ਕੈਪਟਨ ਸਰਕਾਰ ਦੀ ਪੁਲਿਸ ਕਿਤੇ ਸਬਜ਼ੀ ਵਾਲੇ ਦੀ ਰੇਹੜੀ ‘ਤੇ ਲੱਤਾਂ ਮਾਰਦੀ ਫਿਰਦੀ ਹੈ ਅਤੇ ਕਿਤੇ ਲੋਕਾਂ ਦੇ ਚਲਾਨ ਕੱਟਣ ਅਤੇ ਕੁੱਟਣ ‘ਤੇ ਲੱਗੀ ਹੈ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਦੌਰ ‘ਚ ਸੂਬਾ ਵਾਸੀਆਂ ਦੀ ਕੋਈ ਬਾਂਹ ਨਹੀਂ ਫੜੀ।
ਉਨ੍ਹਾਂ ਦੱਸਿਆ ਕਿ ਸੰਗਰੂਰ ‘ਚ ਇਕ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਖਤਮ ਹੋ ਗਈਆਂ ਅਤੇ ਲੁਧਿਆਣਾ ਵਿੱਚ ਜਿਮ ਦਾ ਕਾਰੋਬਾਰ ਬੰਦ ਹੋਣ ਕਾਰਨ ਪਰੇਸ਼ਾਨ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਤਾਲਾਬੰਦੀ ਕਾਰਨ ਵਪਾਰ ਬੰਦ ਹੋ ਕੇ ਰਹਿ ਗਏ ਪਰ ਦੁਕਾਨਾਂ ਅਤੇ ਹੋਰ ਥਾਵਾਂ ਦੇ ਕਿਰਾਏ, ਖਰਚੇ ਅਤੇ ਬਿਜਲੀ ਦੇ ਬਿੱਲ ਉਸੇ ਤਰ੍ਹਾਂ ਚੱਲ ਰਹੇ ਹਨ।’ਆਪ’ ਦੇ ਸੂਬਾ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਦੇ ਕਾਰੋਬਾਰੀਆਂ ਨੂੰ ਆਪੋ ਆਪਣੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਬਿਜਲੀ ਬਿੱਲ ਅਤੇ ਹੋਰ ਬਿੱਲਾਂ ਸਮੇਤ ਕਰਜ਼ੇ ਦੀਆਂ ਕਿਸ਼ਤਾਂ ਵਿੱਚ ਰਾਹਤ ਦਿੱਤੀ ਜਾਵੇ, ਤਾਂ ਜੋ ਤਾਲਾਬੰਦੀ ਕਾਰਨ ਬਰਬਾਦ ਹੋਏ ਕਾਰੋਬਾਰੀ ਆਪਣੇ ਪੈਰਾਂ ਸਿਰ ਹੋ ਸਕਣ। ਇਸ ਤੋਂ ਇਲਾਵਾ ਪਿੰਡਾਂ ਸ਼ਹਿਰਾਂ ਵਿੱਚ ਰਹਿੰਦੇ ਦਿਹਾੜੀਦਾਰ ਬੇਸਹਾਰਾ ਹੋਏ ਪਰਿਵਾਰਾਂ ਨੂੰ ਆਰਥਿਕ ਮਦਦ ਵੀ ਦਿੱਤੀ ਜਾਵੇ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …