2.4 C
Toronto
Thursday, November 27, 2025
spot_img
Homeਪੰਜਾਬਸ਼੍ਰੋਮਣੀ ਕਮੇਟੀ ਵੱਲੋਂ ਕਰੋਨਾ ਪੀੜਤਾਂ ਲਈ 400 ਬੈੱਡਾਂ ਦਾ ਪ੍ਰਬੰਧ

ਸ਼੍ਰੋਮਣੀ ਕਮੇਟੀ ਵੱਲੋਂ ਕਰੋਨਾ ਪੀੜਤਾਂ ਲਈ 400 ਬੈੱਡਾਂ ਦਾ ਪ੍ਰਬੰਧ

ਵੈਂਟੀਲੇਟਰ ਤੇ ਆਕਸੀਜਨ ਕੰਸਨਟਰੇਟਰ ਵੀ ਕਰਵਾਏ ਮੁਹੱਈਆ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਨੇ ਕਰੋਨਾ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਜਾਬ ਅਤੇ ਹਰਿਆਣਾ ਵਿਚ ਲਗਪਗ 400 ਬੈੱਡਾਂ ਦਾ ਪ੍ਰਬੰਧ ਕਰ ਦਿੱਤਾ ਹੈ, ਜਿੱਥੇ ਕਰੋਨਾ ਪੀੜਤਾਂ ਦੇ ਇਲਾਜ ਲਈ ਮੁਫਤ ਦਵਾਈਆਂ, ਡਾਕਟਰੀ ਅਮਲਾ, ਆਕਸੀਜਨ ਕੰਸਨਟਰੇਟਰ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਹਰਿਆਣਾ ਦੇ ਹਸਪਤਾਲਾਂ ਵਿਚ ਵੈਂਟੀਲੇਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਿੱਖ ਸੰਸਥਾ ਵੱਲੋਂ ਇਹ ਕਰੋਨਾ ਕੇਅਰ ਕੇਂਦਰ ਲੁਧਿਆਣਾ ਦੇ ਆਲਮਗੀਰ, ਬਠਿੰਡਾ ਦੇ ਤਲਵੰਡੀ ਸਾਬੋ, ਕਪੂਰਥਲਾ ਦੇ ਭੁਲੱਥ, ਫਿਰੋਜ਼ਪੁਰ ਦੇ ਬਜੀਦਪੁਰ, ਸੰਗਰੂਰ, ਮਾਨਸਾ ਦੇ ਬੁਢਲਾਡਾ, ਰੋਪੜ, ਜਲੰਧਰ ਦੇ ਆਦਮਪੁਰ ਨੇੜੇ ਪਿੰਡ ਕਾਲੜਾ, ਪਟਿਆਲਾ ਦੇ ਬਹਾਦਰਗੜ੍ਹ ਅਤੇ ਅੰਮ੍ਰਿਤਸਰ ਦੇ ਪਿੰਡ ਕਥੂਨੰਗਲ ਵਿੱਚ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਇਕ ਵਿੱਚ 50 ਬੈੱਡ ਅਤੇ ਬਾਕੀ 9 ਕੇਂਦਰਾਂ ਵਿਚ 25-25 ਬੈੱਡ ਹਨ। ਇੱਥੇ ਕਰੋਨਾ ਦੇ ਲੈਵਲ-ਇਕ ਅਤੇ ਦੋ ਦੇ ਮਰੀਜ਼ਾਂ ਦੇ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਇਨ੍ਹਾਂ ‘ਚ ਲਗਪਗ 200 ਆਕਸੀਜਨ ਕੰਸਨਟਰੇਟਰਾਂ ਦਾ ਪ੍ਰਬੰਧ ਹੈ। ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ 100 ਬੈੱਡਾਂ ਦਾ ਪ੍ਰਬੰਧ ਹੈ। ਇੱਥੇ ਆਕਸੀਜਨ ਕੰਸਨਟਰੇਟਰਾਂ ਤੋਂ ਇਲਾਵਾ ਲਗਪਗ 35 ਵੈਂਟੀਲੇਟਰਾਂ ਦਾ ਵੀ ਪ੍ਰਬੰਧ ਹੈ। ਇਸੇ ਤਰ੍ਹਾਂ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਵਿੱਚ ਮੀਰੀ-ਪੀਰੀ ਮੈਡੀਕਲ ਕਾਲਜ ‘ਚ ਵੀ ਕਰੋਨਾ ਕੇਅਰ ਕੇਂਦਰ ਸਥਾਪਿਤ ਕੀਤਾ, ਜਿੱਥੇ ਆਕਸੀਜਨ ਕੰਸਨਟਰੇਟਰ ਅਤੇ ਵੈਂਟੀਲੇਟਰਾਂ ਦਾ ਵੀ ਪ੍ਰਬੰਧ ਹੈ। ਕਰੋਨਾ ਕੇਅਰ ਕੇਂਦਰਾਂ ਵਿਚ ਮਰੀਜ਼ਾਂ ਦੇ ਇਲਾਜ ਵਾਸਤੇ ਸ਼੍ਰੋਮਣੀ ਕਮੇਟੀ ਦੇ ਹਸਪਤਾਲਾਂ ‘ਚ ਲਗਪਗ 400 ਤੋਂ ਵੱਧ ਕਰਮਚਾਰੀ ਤਾਇਨਾਤ ਹਨ। ਇਨ੍ਹਾਂ ਕਰੋਨਾ ਕੇਅਰ ਕੇਂਦਰਾਂ ‘ਤੇ ਸੰਸਥਾ ਵੱਲੋਂ ਰੋਜ਼ਾਨਾ ਤਕਰੀਬਨ 5 ਲੱਖ ਰੁਪਏ ਖਰਚੇ ਜਾ ਰਹੇ ਹਨ। ਇਸ ਤੋਂ ਇਲਾਵਾ ਸੰਸਥਾ ਨੇ ਮੁਫਤ ਟੀਕਾਕਰਨ ਕੈਂਪ ਵੀ ਸ਼ੁਰੂ ਕੀਤੇ ਹਨ, ਜਿਸ ਲਈ 53 ਲੱਖ ਰੁਪਏ ਦੀ ਲਾਗਤ ਨਾਲ ਕੋਵੈਕਸੀਨ ਦੇ 5 ਹਜ਼ਾਰ ਟੀਕੇ ਖਰੀਦੇ ਗਏ ਹਨ। ਇਸ ਕੈਂਪ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਅਜਿਹੇ ਮੁਫਤ ਟੀਕਾਕਰਨ ਕੈਂਪ ਤਖਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵੀ ਲਾਉਣ ਦੀ ਯੋਜਨਾ ਹੈ। ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼ ਦੇ ਡੀਨ ਡਾ. ਏਪੀ ਸਿੰਘ ਜੋ ਕਰੋਨਾ ਕੇਅਰ ਸੈਂਟਰਾਂ ਦੇ ਸੰਚਾਲਕ ਵੀ ਹਨ, ਨੇ ਦੱਸਿਆ ਕਿ ਇਸ ਨਾਲ ਆਮ ਕਰੋਨਾ ਪੀੜਤਾਂ ਨੂੰ ਵੱਡਾ ਲਾਭ ਹੋਇਆ ਹੈ। ਹੁਣ ਤੱਕ ਇੱਥੋਂ ਸੈਂਕੜੇ ਕਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਟੀਕਾਕਰਨ ਕੈਂਪ ਤੋਂ ਪਹਿਲਾਂ ਵੀ ਸਿੱਖ ਸੰਸਥਾ ਵੱਲੋਂ ਲਗਪਗ 7 ਹਜ਼ਾਰ ਕੋਵੀਸ਼ੀਲਡ ਟੀਕੇ ਲੋਕਾਂ ਨੂੰ ਮੁਫਤ ਲਾਏ ਹਨ ਅਤੇ 5 ਹਜ਼ਾਰ ਤੋਂ ਵੱਧ ਕੋਵੈਕਸੀਨ ਦੇ ਟੀਕੇ ਖਰੀਦੇ ਹਨ।
ਤੀਜੀ ਲਹਿਰ ਦੇ ਟਾਕਰੇ ਲਈ ਵੀ ਕੀਤੇ ਅਗਾਊਂ ਪ੍ਰਬੰਧ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਸਿਹਤ ਮਾਹਿਰਾਂ ਵੱਲੋਂ ਕਰੋਨਾ ਦੀ ਤੀਜੀ ਲਹਿਰ ਦਾ ਖਦਸ਼ਾ ਦਾ ਪ੍ਰਗਟਾਇਆ ਜਾ ਰਿਹਾ ਹੈ ਤੇ ਇਸ ਖਦਸ਼ੇ ਨੂੰ ਧਿਆਨ ਵਿਚ ਰਖਦਿਆਂ ਇਸ ਸਬੰਧੀ ਵੀ ਲੋੜੀਂਦੇ ਪ੍ਰਬੰਧ ਅਗਾਊਂ ਕੀਤੇ ਜਾ ਰਹੇ ਹਨ। ਆਕਸੀਜਨ ਕੰਸਨਟਰੇਟਰਾਂ ਦੀ ਥਾਂ ਹੁਣ ਸਿੱਖ ਸੰਗਤ ਨੂੰ ਵੈਂਟੀਲੇਟਰ ਭੇਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਦਾ ਪ੍ਰਬੰਧ ਕਰਨ ਵਾਸਤੇ ਵੀ ਕੇਂਦਰ ਨੂੰ ਅਪੀਲ ਕੀਤੀ ਹੈ ਪਰ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ। ਇਸ ਦੀ ਵੈਕਸੀਨ ਦੀ ਖਰੀਦ ਵੀ ਸਿੱਖ ਸੰਗਤ ਵੱਲੋਂ ਆਪਣੇ ਤੌਰ ‘ਤੇ ਕੀਤੀ ਜਾਣੀ ਹੈ। ਇਸ ਦੇ ਬਾਵਜੂਦ ਕੇਂਦਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਹੈ।

 

RELATED ARTICLES
POPULAR POSTS