ਗੁਰਦਾਸਪੁਰ ’ਚ 20 ਪੈਕੇਟ ਹੈਰੋਇਨ, 2 ਪਿਸਤੌਲ ਅਤੇ 242 ਰਾਊਂਡ ਗੋਲੀਆਂ ਹੋਈਆਂ ਬਰਾਮਦ
ਅੰਮਿ੍ਰਤਸਰ/ਬਿਊਰੋ ਨਿਊਜ਼ : ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅੱਜ ਸਵੇਰੇ ਪਾਕਿਸਤਾਨੀ ਤਸਕਰਾਂ ਦੀ ਹਥਿਆਰ ਅਤੇ ਹੈਰੋਇਨ ਭੇਜਣ ਦੀ ਇਕ ਨਾਪਾਕ ਹਰਕਤ ਨੂੰ ਬੇਨਕਾਬ ਕਰ ਦਿੱਤਾ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ’ਚ ਪਾਕਿਸਤਾਨੀ ਤਸਕਰਾਂ ਵੱਲੋਂ ਪਾਈਪ ਰਾਹੀਂ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਬੀਐਸਐਫ ਦੇ ਚੌਕਸ ਜਵਾਨਾਂ ਨੇ ਇਸ ਨੂੰ ਨਾਕਾਮ ਕਰ ਦਿੱਤਾ। ਬੀਐਸਐਫ ਦੀ ਕਾਰਵਾਈ ਤੋਂ ਘਬਰਾਏ ਤਸਕਰਾਂ ਨੇ ਬੀਐਸਐਫ ’ਤੇ ਫਾਈਰਿੰਗ ਵੀ ਕੀਤੀ ਅਤੇ ਆਖਰ ਉਹ ਨਸ਼ੇ ਅਤੇ ਹਥਿਆਰ ਸਰਹੱਦ ’ਤੇ ਹੀ ਛੱਡ ਕੇ ਭੱਜ ਗਏ, ਜਿਸ ਨੂੰ ਬੀਐਸਐਫ ਦੇ ਜਵਾਨਾ ਨੇ ਜਬਤ ਕਰ ਲਿਆ। ਜਵਾਨਾਂ ਵੱਲੋਂ ਜਦੋਂ ਇਸ ਦੀ ਸਰਚ ਕੀਤੀ ਗਈ ਤਾਂ 12 ਫੁੱਟ ਲੰਬੀ ਪਾਈਪ ਸੀ, ਜਿਸ ਰਾਹੀਂ ਹੈਰੋਇਨ ਦੀ ਖੇਪ ਨੂੰ ਸਰਹੱਦ ਪਾਰ ਕਰਵਾਇਆ ਜਾ ਰਿਹਾ ਹੈ। ਲੰਬੇ ਕੱਪੜੇ ’ਚ ਖੇਪ ਨੂੰ ਲਪੇਟਿਆ ਗਿਆ ਸੀ ਅਤੇ ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚੋਂ 20 ਪੈਕੇਟ ਹੈਰੋਇਨ, 2 ਪਿਸਤੌਲ, 6 ਮੈਗਜ਼ੀਨ ਅਤੇ 242 ਰਾਊਂਡ ਗੋਲੀਆਂ ਵੀ ਬਰਾਮਦ ਹੋਈਆਂ।