Breaking News
Home / ਪੰਜਾਬ / ‘ਆਪ’ ਲਈ ਘਾਟੇ ਵਾਲਾ ਸਾਲ ਰਿਹਾ 2019

‘ਆਪ’ ਲਈ ਘਾਟੇ ਵਾਲਾ ਸਾਲ ਰਿਹਾ 2019

ਸਾਰਾ ਸਾਲ ਅੰਦਰੂਨੀ ਖਿੱਚੋਤਾਣ ਨਾਲ ਜੂਝਦੀ ਰਹੀ ਆਮ ਆਦਮੀ ਪਾਰਟੀ
ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਤੀਜੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ (ਆਪ) ਲਈ ਖ਼ਤਮ ਹੋ ਰਿਹਾ ਸਾਲ 2019 ਸਿਆਸੀ ਤੌਰ ‘ਤੇ ਘਾਟੇ ਵਾਲਾ ਹੀ ਰਿਹਾ। ‘ਆਪ’ ਨੇ ਜਿਨ੍ਹਾਂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਬਦਲਾਅ ਦੀ ਆਸ ਪੈਦਾ ਕੀਤੀ ਸੀ, ਲੋਕਾਂ ਅਨੁਸਾਰ ਪਾਰਟੀ ਉਨ੍ਹਾਂ ਆਸਾਂ ‘ਤੇ ਖਰੀ ਨਹੀਂ ਉੱਤਰ ਸਕੀ।
ਸਾਲ 2019 ‘ਚ ਦੇਸ਼ ਭਰ ‘ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੇ ਸੂਬੇ ਦੀਆਂ ਸਾਰੀਆਂ 13 ਸੰਸਦੀ ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕੀਤੇ ਸੀ ਪਰ ਇਸ ਵਿੱਚੋਂ ਸਿਰਫ ਭਗਵੰਤ ਮਾਨ ਹੀ ਸੰਗਰੂਰ ‘ਚੋਂ ਜਲਵਾ ਦਿਖਾਉਣ ‘ਚ ਕਾਮਯਾਬ ਹੋ ਸਕੇ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਸਾਲ 2014 ਦੀਆਂ ਚੋਣਾਂ ‘ਚ ਹਰਾ ਕੇ ‘ਆਪ’ ਨੂੰ ਨਵੀਂ ਦਿਸ਼ਾ ਅਤੇ ਪਛਾਣ ਦੇਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ. ਧਰਮਵੀਰ ਗਾਂਧੀ ਪਾਰਟੀ ਤੋਂ ਵੱਖ ਹੋ ਗਏ ਸੀ। ਲੋਕ ਸਭਾ ਚੋਣਾਂ 2019 ‘ਚ ਉਨ੍ਹਾਂ ਆਪਣੀ ਪਾਰਟੀ ਬਣਾ ਕੇ ਚੋਣ ਲੜੀ, ਪਰ ਹਾਰ ਗਏ।
ਸਾਲ 2019 ਦੌਰਾਨ ਸੂਬੇ ‘ਚ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਪਾਰਟੀ ਵੱਲੋਂ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਗਏ ਸੀ ਪਰ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਵਿਧਾਨ ਸਭਾ ਚੋਣਾਂ 2017 ‘ਚ ਦਾਖਾ ਹਲਕੇ ਤੋਂ ਐੱਚਐੱਸ ਫੂਲਕਾ ਨੇ ਜਿੱਤ ਪ੍ਰਾਪਤ ਕੀਤੀ ਸੀ ਪਰ ਜ਼ਿਮਨੀ ਚੋਣਾਂ ‘ਚ ਪਾਰਟੀ ਇਹ ਹਲਕਾ ਵੀ ਜਿੱਤਣ ਵਿੱਚ ਸਫ਼ਲ ਨਹੀਂ ਹੋ ਸਕੀ।
ਵਿਧਾਨ ਸਭਾ ‘ਚੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਹਟਾਏ ਜਾਣ ਮਗਰੋਂ ਖਹਿਰਾ ਨੇ ‘ਆਪ’ ਨਾਲੋਂ ਵੱਖ ਹੋ ਕੇ ਜਨਵਰੀ 2019 ‘ਚ ‘ਪੰਜਾਬ ਏਕਤਾ ਪਾਰਟੀ’ ਬਣਾ ਲਈ। ਇਹ ਪਾਰਟੀ ਸੂਬੇ ‘ਚ ਕੋਈ ਰੁਤਬਾ ਤਾਂ ਹਾਸਲ ਨਹੀਂ ਕਰ ਸਕੀ ਪਰ ਇਸ ਪਾਰਟੀ ਵੱਲੋਂ ਖਹਿਰਾ ਨੇ ਬਠਿੰਡਾ ਹਲਕੇ ਤੋਂ ਅਤੇ ਮਾਸਟਰ ਬਲਦੇਵ ਸਿੰਘ ਨੇ ਫ਼ਰੀਦਕੋਟ ਤੋਂ ਚੋਣ ਲੜੀ ਪਰ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੁਖਪਾਲ ਸਿੰਘ ਖਹਿਰਾ ਨੇ ਪਹਿਲਾਂ ਤਾਂ ਐੱਮਐੱਲਏ ਵਜੋਂ ਅਸਤੀਫਾ ਦਿੱਤਾ ਤੇ ਫਿਰ ਨਾਟਕੀ ਅੰਦਾਜ਼ ਵਿੱਚ ਅਸਤੀਫਾ ਵਾਪਸ ਵੀ ਲੈ ਲਿਆ।
ਇਸੇ ਸਾਲ ਵਿਧਾਨ ਸਭਾ ਹਲਕਾ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ‘ਆਪ’ ਛੱਡ ਕੇ ਕਾਂਗਰਸ ‘ਚ ਸ਼ਮੂਲੀਅਤ ਦਾ ਐਲਾਨ ਕੀਤਾ ਪਰ ਮਗਰੋਂ ਸੰਦੋਆ ਨੇ ਅਸਤੀਫਾ ਵਾਪਸ ਲੈ ਲਿਆ। ਜੇ ਵਿਧਾਨ ਸਭਾ ਸਪੀਕਰ ਵੱਲੋਂ ਸਮੇਂ ਸਿਰ ਉਨ੍ਹਾਂ ਦੇ ਅਸਤੀਫੇ ਪ੍ਰਵਾਨ ਕਰ ਲਏ ਹੁੰਦੇ ਤਾਂ ਸੂਬੇ ‘ਚ ਅੱਜ ‘ਆਪ’ ਦਾ ਵਜੂਦ ਖਤਮ ਹੋਣ ਕਿਨਾਰੇ ਸੀ।
ਚੋਣਾਂ ਤੋਂ ਪਹਿਲਾਂ ਹੀ ‘ਆਪ’ ਧੜੇਬੰਦੀ ਦਾ ਸ਼ਿਕਾਰ ਹੋ ਗਈ ਸੀ। ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਵੀ ਕਾਫੀ ਨਾਰਾਜ਼ ਚੱਲੇ ਆ ਰਹੇ ਹਨ, ਜਿਨ੍ਹਾਂ ਨੇ ਪਾਰਟੀ ‘ਚ ਅੰਦਰੂਨੀ ਪੱਧਰ ‘ਤੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਹੋਰ ਵੀ ਕਈ ਵਿਧਾਇਕਾਂ ਵੱਲੋਂ ਪਾਰਟੀ ਤੋਂ ਸਮੇਂ-ਸਮੇਂ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਦੇ ਅਸਤੀਫ਼ੇ ਦਿੱਤੇ ਗਏ ਅਤੇ ਕਦੇ ਵਾਪਸ ਲੈ ਲਏ ਗਏ। ਪਾਰਟੀ ‘ਚ ਪੈਦਾ ਹੋਈ ਇਸ ਅੰਦਰੂਨੀ ਫੁੱਟ ਨੂੰ ਸੂਬਾ ਪ੍ਰਧਾਨ ਭਗਵੰਤ ਮਾਨ ਵੀ ਸੁਲਝਾਉਣ ‘ਚ ਕਾਮਯਾਬ ਨਹੀਂ ਹੋ ਸਕੇ।
‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੀ ਪਾਰਟੀ ਦੇ ਵਿਸਥਾਰ ਨੂੰ ਲੈ ਕੇ ਵਧੇਰੇ ਕਾਰਜ ਨਹੀਂ ਕਰ ਸਕੇ। ਪਾਰਟੀ ਦੇ ਹੋਰ ਸੂਬਾ ਪੱਧਰੀ ਅਹੁਦੇਦਾਰ ਵੀ ਕੋਈ ਸਰਗਰਮ ਭੂਮਿਕਾ ਨਿਭਾਉਂਦੇ ਨਜ਼ਰ ਨਹੀਂ ਦਿੱਤੇ। ਏਨਾ ਹੀ ਨਹੀਂ ਪਾਰਟੀ ਤੋਂ ਜਿੱਤੇ ਹੋਏ ਵਿਧਾਇਕ ਵੀ ਆਪਣੇ ਹਲਕੇ ਦੇ ਲੋਕਾਂ ‘ਚ ਬਹੁਤਾ ਸਮਾਂ ਨਹੀਂ ਗੁਜ਼ਾਰਦੇ, ਜਿਸ ਕਾਰਨ ਲੋਕਾਂ ‘ਚ ਵੀ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।
ਸਾਲ ਦੇ ਆਖਰੀ ਦਿਨਾਂ ‘ਚ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈਸ ਮਿਲਣੀ ਦੌਰਾਨ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਪੱਤਰਕਾਰਾਂ ਨਾਲ ਉਲਝਦੇ ਵਿਖਾਈ ਦਿੱਤੇ, ਜੋ ਪਾਰਟੀ ਲਈ ਚੰਗਾ ਸੰਕੇਤ ਨਹੀਂ। ਪੱਤਰਕਾਰਾਂ ਨਾਲ ਹੋਈ ਉਨ੍ਹਾਂ ਦੀ ਇਸ ਤਕਰਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋਈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …