
ਨਵੀਂ ਦਿੱਲੀ/ਬਿਊਰੋ ਨਿਊਜ਼
ਆਸਟਰੀਆ ਦੇ ਗ੍ਰਾਜ ਸ਼ਹਿਰ ਵਿਚ ਅੱਜ ਮੰਗਲਵਾਰ ਸਵੇਰੇ ਇਕ ਹਾਈ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ਦੀ ਘਟਨਾ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਪੁਲਿਸ ਨੇ ਇਸ ਇਲਾਕੇ ਵਿਚ ਵੱਡਾ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਇਥੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਆਸਟਰੀਆ ਦੇ ਮੀਡੀਆ ਦੀ ਰਿਪੋਰਟ ਮੁਤਾਬਕ, ਸਵੇਰੇ ਕਰੀਬ 10 ਵਜੇ ਸਕੂਲ ਦੇ ਅੰਦਰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਇਸ ਤੋਂ ਤੁਰੰਤ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ। ਮੀਡੀਆ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਵਿਚ ਕਈ ਵਿਦਿਆਰਥੀ ਅਤੇ ਅਧਿਆਪਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਸ਼ੱਕੀ ਹਮਲਾਵਰ ਸ਼ਾਇਦ ਉਸੇ ਸਕੂਲ ਦਾ ਵਿਦਿਆਰਥੀ ਸੀ ਅਤੇ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਧਿਆਨ ਰਹੇ ਕਿ ਗ੍ਰਾਜ ਆਸਟਰੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜੋ ਦੇਸ਼ ਦੇ ਦੱਖਣ ਪੂਰਬ ਵਿਚ ਸਥਿਤ ਹੈ।