Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ ਵਿਚ ਪ੍ਰੋ.ਨਾਹਰ ਸਿੰਘ ਨਾਲ ਰੂਬਰੂ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ ਵਿਚ ਪ੍ਰੋ.ਨਾਹਰ ਸਿੰਘ ਨਾਲ ਰੂਬਰੂ

ਕੁਲਜੀਤ ਮਾਨ ਦਾ ਨਵਾਂ ਨਾਵਲ, ‘ਮਾਂ ਦਾ ਘਰ’ ਤੇ ਸੰਤੋਖ ਸਿੰਘ ਸੰਘਾ ਦੀ ਕਹਾਣੀਆਂ ਦੀ ਕਿਤਾਬ ਲੋਕ ਅਰਪਿਤ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ ਇਕੱਤਰਤਾ ਐੱਫ਼.ਬੀ.ਆਈ. ਸਕੂਲ ਵਿਚ ਹੋਈ ਜਿਸ ਵਿਚ ਉੱਘੇ ਪੰਜਾਬੀ ਲੋਕਧਾਰਾ ਚਿੰਤਕ ਪ੍ਰੋ.ਨਾਹਰ ਸਿੰਘ ਨਾਲ ਰੂ-ਬ-ਰੂ ਹੋਇਆ।
ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਪ੍ਰੋ. ਨਾਹਰ ਸਿੰਘ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਨਾਹਰ ਸਿੰਘ ਪੰਜਾਬੀ ਦੇ ਉਨ੍ਹਾਂ ਵਿਰਲੇ ਚਿੰਤਕਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਸਾਰੀ ਉਮਰ ਅਧਿਐਨ ਅਤੇ ਅਧਿਆਪਨ ਨੂੰ ਸਿਰੜ ਤੇ ਸਿਦਕ ਨਾਲ ਸਮਾਂ ਦਿੱਤਾ ਹੈ ਅਤੇ ਬਾਰਾਂ ਜਿਲਦਾਂ ਵਿਚ ਲੋਕਧਾਰਾ ਨੂੰ ਕਲਮਬੰਦ ਕਰਕੇ ਪੰਜਾਬੀ ਦੀ ਰੂਹ ਨੂੰ ਸ਼ਿੰਗਾਰਿਆ ਹੈ। ਉਨ੍ਹਾਂ ਯੂਨੀਵਰਸਿਟੀਆਂ ਵਿਚ ਜਾਂ ਬਾਹਰ ਪੁਜੀਸ਼ਨਾਂ ਹਾਸਲ ਕਰਨ ਦੀ ਹੋੜ ਤੋਂ ਸਾਰੀ ਉਮਰ ਪਾਸਾ ਵੱਟੀ ਰੱਖਿਆ। ਇਹੀ ਉਹ ਮੁੱਢਲਾ ਕਾਰਨ ਹੈ ਕਿ ਉਨ੍ਹਾਂ ਦਾ ਖੋਜ-ਕਾਰਜ ਨਿਰੰਤਰ ਚੱਲਦਾ ਰਿਹਾ। ਪਿੱਛੇ ਜਿਹੇ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਲੋਕ-ਕਾਵਿ ਦੇ ਛਾਪੇ ਜਾ ਰਹੇ ਪ੍ਰੋਜੈਕਟ ਦੀਆਂ ਤਿੰਨ ਹੋਰ ਸੈਂਚੀਆਂ ਜਮ੍ਹਾਂ ਕਰਵਾਈਆਂ ਹਨ ਅਤੇ ਦੋ ਹੋਰਨਾਂ ਉੱਤੇ ਕੰਮ ਚੱਲ ਰਿਹਾ ਹੈ।
ਯੂਨੀਵਰਸਿਟੀ ਇਨ੍ਹਾਂ ਜਮ੍ਹਾਂ ਹੋਈਆਂ ਤਿੰਨ ਖਰੜਿਆਂ ਨੂੰ ਕਦੋਂ ਛਾਪੇਗੀ, ਇਹ ਤਾਂ ਸਮਾਂ ਹੀ ਦੱਸੇਗਾ ਪਰ ਏਨਾ ਜ਼ਰੂਰ ਹੈ ਕਿ ਡਾ. ਨਾਹਰ ਸਿੰਘ ਦੀ ਇਕ ਹੋਰ ਪੁਸਤਕ ‘ਪੰਜਾਬ ਦੀ ਲੋਕਧਾਰਾ: ਚਿੰਤਨ ਤੇ ਚੇਤਨਾ’ ਛਪ ਕੇ ਆ ਗਈ ਹੈ ਅਤੇ ਉਮੀਦ ਹੈ ਕਿ ਇਹ ਕਿਤਾਬ ਵੀ ਪੰਜਾਬ, ਪੰਜਾਬੀਅਤ ਤੇ ਪੰਜਾਬ ਦੇ ਲੋਕ-ਜੀਵਨ ਨੂੰ ਸਮਝਣ ਵਿਚ ਦਿਲਚਸਪੀ ਰੱਖਣ ਵਾਲਿਆਂ ਨੂੰ ਜ਼ਰੂਰ ਪਸੰਦ ਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੋ. ਨਾਹਰ ਸਿੰਘ ਜੀ ਨੂੰ ਮਾਇਕ ‘ਤੇ ਆਉਣ ਦਾ ਸੱਦਾ ਦਿੱਤਾ। ਪ੍ਰੋ. ਨਾਹਰ ਸਿੰਘ ਨੇ ਆਪਣੇ ਸਾਹਿਤਕ ਸਫ਼ਰ ਦਾ ਵਿਸਤਾਰ ਨਾਲ ਵਰਣਨ ਕਰਦਿਆਂ ਸਰੋਤਿਆਂ ਨਾਲ ਸਾਂਝ ਪਾਈ। ਉਨ੍ਹਾਂ ਦੱਸਿਆ ਕਿ ਲੋਕਧਾਰਾ ਬਾਰੇ ਜਾਣਕਾਰੀ ਉਨ੍ਹਾਂ ਨੇ ਲੋਕਧਾਰਾ ਦੇ ਧਰਾਤਲ ਤੇ ਜਾ ਕੇ ਇਕੱਠੀ ਕੀਤੀ। ਉਨ੍ਹਾਂ ਨੇ ਪਿੰਡਾਂ ਵਿਚ ਜਾ ਕੇ ਲੋਕਾਂ ਕੋਲੋਂ ਪਤਾ ਕਰਕੇ ਹਰ ਉਸ ਵਿਅੱਕਤੀ ਨਾਲ ਸੰਪਰਕ ਸਾਧਿਆ ਜੋ ਲੋਕ-ਗੀਤਾਂ ਦਾ ਮੌਲਿਕ ਗਿਆਤਾ ਸੀ। ਉਨ੍ਹਾਂ ਦੇ ਨਾਮ ਲੈ ਲੈ ਕੇ ਪ੍ਰੋ. ਨਾਹਰ ਸਿੰਘ ਨੇ ਕਿਸੇ ਪਿੰਡ ਦੀ ਸੱਥ ਦਾ ਰੰਗ ਬੰਨ ਦਿੱਤਾ। ਸੱਚਮੁੱਚ ਹੀ ਲੋਕ-ਵੇਦੀ ਪ੍ਰੋ. ਨਾਹਰ ਸਿੰਘ ਨੂੰ ਸੁਣ ਕੇ ਲੱਗਿਆ ਕਿ ਉਨ੍ਹਾਂ ਨੇ ਆਪਣੀ ਉਮਰ ਦੇ ਬਹੁਤ ਹੀ ਕੀਮਤੀ ਵਰ੍ਹੇ ਪੰਜਾਬੀ ਲੋਕਧਾਰਾ ਦੀ ਸੇਵਾ ‘ਚ ਲਾਏ ਹਨ। ਨਿਰਸੰਦੇਹ ਪ੍ਰੋ. ਸਾਹਿਬ ਪੰਜਾਬੀ ਲੋਕਧਾਰਾ ਦੇ ਥੰਮ੍ਹ ਹਨ। ਉਨ੍ਹਾਂ ਤੋਂ ਬਾਅਦ ਕੁਲਜੀਤ ਮਾਨ ਦਾ ਨਵਾਂ ਨਾਵਲ, ‘ਮਾਂ ਦਾ ਘਰ’ ਲੋਕ-ਅਰਪਿਤ ਕੀਤਾ ਗਿਆ। ਕੁਲਜੀਤ ਮਾਨ ਬਾਰੇ ਰਸਮੀ ਜਾਣਕਾਰੀ ਸਤਿਕਾਰਤ ਕਵਿੱਤਰੀ ਸੁਰਜੀਤ ਕੌਰ ਨੇ ਦਿੱਤੀ ਤੇ ਸੰਖੇਪ ਵਿਚ ਕੁਲਜੀਤ ਮਾਨ ਨੇ ਆਪਣੇ ਨਾਵਲ ਦੇ ਆਸ਼ਿਆਂ ਬਾਰੇ ਗੱਲ ਕੀਤੀ। ਇਸ ਮੌਕੇ ਕੁਲਜੀਤ ਮਾਨ ਦਾ ਪਰਿਵਾਰ ਵੀ ਹਾਜ਼ਰ ਸੀ। ਉਪਰੰਤ, ਸੰਤੋਖ ਸਿੰਘ ਸੰਘਾ ਦੀ ਕਹਾਣੀਆਂ ਦੀ ਕਿਤਾਬ ਲੋਕ-ਅਰਪਿਤ ਕੀਤੀ ਗਈ। ਸੰਤੋਖ ਸਿੰਘ ਸੰਘਾ ਬਾਰੇ ਸੰਖੇਪ ਜਾਣਕਾਰੀ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਸਾਂਝੀ ਕੀਤੀ। ਇਸ ਸਮੇਂ ਸੰਤੋਖ ਸਿੰਘ ਸੰਘਾ ਦਾ ਵੀ ਸਾਰਾ ਪਰਿਵਾਰ ਹਾਜ਼ਰ ਸੀ। ਮਾਈਕ ਤੇ ਜਜ਼ਬਾਤੀ ਗੱਲਾਂ ਕਰਦਿਆਂ ਸੰਤੋਖ ਸਿੰਘ ਸੰਘਾ ਜੀ ਖ਼ੁਦ ਜਜ਼ਬਾਤੀ ਹੋ ਗਏ ਅਤੇ ਉਨ੍ਹਾਂ ਦਾ ਪਰਿਵਾਰ ਵੀ ਭਾਵਕ ਹੋ ਗਿਆ ਤੇ ਨਾਲ ਹੀ ਸਰੋਤੇ ਵੀ। ਇਸ ਤੋਂ ਬਾਅਦ ਸਮਾਗ਼ਮ ਦੇ ਦੂਸਰੇ ਸੈਸ਼ਨ ਵਿਚ ਮੰਚ ਪਰਮਜੀਤ ਢਿੱਲੋਂ ਨੇ ਸੰਭਾਲਿਆ ਅਤੇ ਸਮੇਂ ਦੀ ਘਾਟ ਕਾਰਨ ਬੜੇ ਸਲੀਕੇ ਨਾਲ ਸੀਮਤ ਕਵੀ-ਦਰਬਾਰ ਸੰਚਾਰਨ ਕੀਤਾ ਜਿਸ ਵਿਚ ਇਕਬਾਲ ਬਰਾੜ, ਸੰਨੀ ਸ਼ਿਵਰਾਜ ਤੇ ਉਪਕਾਰ ਸਿੰਘ ਪਾਤਰ ਜੀ ਨੇ ਤਰੰਨਮ ਵਿਚ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ।
ਇਸ ਦੌਰਾਨ ਭੁਪਿੰਦਰ ਦੁਲੇ, ਸੁਰਜੀਤ, ਮਨਦੀਪ, ਕੰਵਲਜੀਤ ਨੱਤ, ਪਰਮਜੀਤ ਢਿੱਲੋਂ ਤੇ ਹੋਰ ਕਵੀਆਂ ਨੇ ਵੀ ਆਪਣੇ ਕਲਾਮ ਪੇਸ਼ ਕੀਤੇ। ਇਸ ਗਹਿਮਾ ਗਹਿਮੀ ਦੌਰਾਨ ਹੀ ਸੁਰਜਨ ਜ਼ੀਰਵੀ ਵੀ ਆ ਗਏ ਪਰ ਸਮਾਗ਼ਮ ਦੂਜੀ ਮੰਜ਼ਲ ‘ਤੇ ਹੋਣ ਕਰਕੇ ਉਨ੍ਹਾਂ ਨੇ ਕੁਲਜੀਤ ਮਾਨ ਨੂੰ ਮੁਬਾਰਕਬਾਦ ਦੇਣ ਥੱਲੇ ਹੀ ਸੱਦ ਲਿਆ। ਮਲੂਕ ਸਿੰਘ ਕਾਹਲੋਂ ਅਤੇ ਤਲਵਿੰਦਰ ਸਿੰਘ ਮੰਡ ਨੇ ਉਨ੍ਹਾਂ ਦੇ ਨਾਲ ਜਾ ਕੇ ਇਹ ਵਧਾਈ ਕਬੂਲ ਕੀਤੀ। ਇਸ ਸਮੇਂ ਬਲਜਿੰਦਰ ਤੇ ਮਨਮੋਹਨ ਸਿਘ ਗੁਲਾਟੀ ਵੀ ਉਨ੍ਹਾਂ ਦੇ ਨਾਲ ਸਨ। ਕੁਲ ਮਿਲਾ ਕੇ ਸਭਾ ਦਾ ਇਸ ਸਾਲ ਦਾ ਇਹ ਇਕ ਹੋਰ ਬੇਹੱਦ ਸਫ਼ਲ ਸਮਾਗ਼ਮ ਹੋ ਨਿੱਬੜਿਆ।

Check Also

ਕਰੋਨਾ ਦੇ ਕਹਿਰ ਦੌਰਾਨ ਓ.ਏ.ਐੱਸ. ਨਾ ਲੈਣ ਵਾਲਿਆਂ ਨੂੰ ਵਿੱਤੀ ਸਹਾਇਤਾ ਦਿਓ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼

ਬਰੈਂਪਟਨ/ਡਾ. ਝੰਡ ਐਸੋਸੀਏਸ਼ਨ ਆਫ਼ ਸੀਨੀਅਜ਼ ਕਲੱਬਜ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਤੋਂ ਪ੍ਰਾਪਤ ਸੂਚਨਾ …