ਬਰੈਂਪਟਨ : ਹਰ ਸਾਲ ਦੀ ਤਰ੍ਹਾਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੱਲੋਂ ਲੰਘੇ ਸ਼ਨੀਵਾਰ 5 ਜਨਵਰੀ ਨੂੰ ਬਾਅਦ ਦੁਪਹਿਰ 1.00 ਵਜੇ ਤੋਂ 4.00 ਵਜੇ ਤੀਕ ਚੌਥੇ ਸਲਾਨਾ ਓਪਨ ਹਾਊਸ ਦਾ ਉਨ੍ਹਾਂ ਦੇ ਬਰੈਂਪਟਨ ਸਥਿਤ ਦਫ਼ਤਰ ਦੀ ਲੌਬੀ ਵਿਚ ਸਫ਼ਲਤਾ-ਪੂਰਵਕ ਆਯੋਜਨ ਕੀਤਾ ਗਿਆ ਜਿਸ ਵਿਚ ਬਰੈਂਪਟਨ ਸਾਊਥ ਏਰੀਏ ਦੇ ਸੈਂਕੜੇ ਲੋਕਾਂ ਅਤੇ ਕਈ ਵੱਖ-ਵੱਖ ਬਿਜ਼ਨੈਸ ਅਦਾਰਿਆਂ ਨਾਲ ਜੁੜੇ ਵਿਅਕਤੀਆਂ ਨੇ ਭਾਗ ਲਿਆ। ਇਨ੍ਹਾਂ ਵਿਚ ਪੰਜਾਬੀ ਕਮਿਊਨਿਟੀ ਤੋਂ ਇਲਾਵਾ ਹੋਰ ਕਮਿਊਨਿਟੀਆਂ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।
ਜ਼ਿਕਰਯੋਗ ਹੈ ਕਿ ਬਰੈਂਪਟਨ ਸਾਊਥ ਹਲਕੇ ਦੇ ਲੋਕਾਂ ਨੂੰ ਇਸ ਓਪਨ ਹਾਊਸ ਲਈ ਪਹੁੰਚਣ ਲਈ ਸੋਨੀਆ ਸਿੱਧੂ ਵੱਲੋਂ ਖੁੱਲ੍ਹਾ-ਸੱਦਾ ਦਿੱਤਾ ਗਿਆ ਸੀ ਜਿਸ ਨੂੰ ਉਨ੍ਹਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਅਤੇ ਉਹ ਵੱਡੀ ਗਿਣਤੀ ਵਿਚ ਹੁੰਮ-ਹੁਮਾ ਕੇ ਇਸ ਵਿਚ ਸ਼ਾਮਲ ਹੋਏ। ਉਨ੍ਹਾਂ ਆਪਣੀਆਂ ਮੁਸ਼ਕਲਾਂ ਸੋਨੀਆ ਸਿੱਧੂ ਨਾਲ ਸਾਂਝੀਆਂ ਕੀਤੀਆਂ ਅਤੇ ਹਲਕੇ ਵਿਚ ਹੋਰ ਬਿਹਤਰ ਸੇਵਾਵਾਂ ਦੀ ਸ਼ੁਰੂਆਤ ਲਈ ਆਪਣੇ ਵਿਚਾਰ ਸੋਨੀਆ ਸਿੱਧੂ ਨਾਲ ਸਾਂਝੇ ਕੀਤੇ ਜਿਨ੍ਹਾਂ ਨੂੰ ਬਾ-ਕਾਇਦਾ ਨੋਟ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਓਪਨ ਹਾਊਸ ਵਿਚ 500 ਤੋਂ ਵਧੇਰੇ ਲੋਕਾਂ ਨੇ ਉਤਸ਼ਾਹ ਪੂਰਵਕ ਭਾਗ ਲਿਆ।
ਐੱਮ.ਪੀ. ਸੋਨੀਆ ਸਿੱਧੂ ਵੱਲੋਂ ਬਰੈਂਪਟਨ ਦੇ ਵਿਕਾਸ ਅਤੇ ਇਸ ਦੀ ਖ਼ੁਸ਼ਹਾਲੀ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ, ਪਾਲਸੀਆਂ ਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਬਾਰੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਆਪਣੇ ਦੇਸ਼ ਕੈਨੇਡਾ ਨੂੰ ਹੋਰ ਬੁਲੰਦੀਆਂ ‘ਤੇ ਲਿਜਾ ਸਕਦੇ ਹਾਂ। ਇਸ ਦੇ ਲਈ ਸਾਰੇ ਲੋਕਾਂ ਦੇ ਭਰਪੂਰ ਸਹਿਯੋਗ ਦੀ ਜ਼ਰੂਰਤ ਹੈ ਜੋ ਸਾਨੂੰ ਇਸ ਵੇਲੇ ਮਿਲ ਰਿਹਾ ਹੈ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ”ਪਿਛਲੇ ਤਿੰਨ ਸਾਲਾਂ ਤੋਂ ਵਧੇਰੇ ਬਰੈਂਪਟਨ ਸਾਊਥ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਅਤੇ ਮੈਂ ਹਮੇਸ਼ਾ ਹੀ ਲੋਕਾਂ ਦੇ ਮਸਲੇ ਸੁਣਨ ਤੇ ਉਨ੍ਹਾਂ ਦੇ ਹੱਲ ਲੱਭਣ ਨੂੰ ਤਰਜੀਹ ਦਿੱਤੀ ਹੈ ਅਤੇ ਬਰੈਂਪਟਨ ਦੀ ਖੁਸ਼ਹਾਲੀ ਤੇ ਵਿਕਾਸ ਲਈ ਉਨ੍ਹਾਂ ਦੇ ਵਿਚਾਰ ਪ੍ਰਾਪਤ ਕੀਤੇ ਹਨ। ਅਸੀਂ ਖ਼ੁਸਕਿਸਮਤ ਹਾਂ ਕਿ ਇੱਥੇ ਬਰੈਂਪਟਨ ਵਿਚ ਸਾਡਾ ਵਿਭਿੰਨਤਾ ਨਾਲ ਭਰਪੂਰ ਅਮੀਰ ਇਤਿਹਾਸ ਤੇ ਸੱਭਿਆਚਾਰ ਹੈ ਅਤੇ ਲੋਕਾਂ ਦੇ ਦਿਲਾਂ ਵਿਚ ਕੈਨੇਡਾ ਨੂੰ ਹੋਰ ਬੇਹਤਰ ਬਨਾਉਣ ਦੀ ਪ੍ਰਬਲ ਭਾਵਨਾ ਹੈ। ਮੈਂ ਬਰੈਂਪਟਨ-ਵਾਸੀਆਂ ਦੀ ਧੰਨਵਾਦੀ ਹਾਂ ਕਿ ਮੈਨੂੰ ਹਰ ਸਾਲ ਅਜਿਹੇ ਓਪਨ ਹਾਊਸ ਵਿਚ ਸਰਦ-ਰੁੱਤ ਦੀਆਂ ਛੁੱਟੀਆਂ ਤੋਂ ਬਾਅਦ ਜਨਵਰੀ ਵਿਚ ਔਟਵਾ ਜਾਣ ਤੋਂ ਪਹਿਲਾਂ ਨਵੀਂ ਊਰਜਾ ਮਿਲਦੀ ਹੈ।”
ਉਨ੍ਹਾਂ ਹੋਰ ਦੱਸਿਆ,”ਮੈਨੂੰ ਇਸ ਅਗਾਂਹ-ਵਧੂ ਸਰਕਾਰ ਦਾ ਅੰਗ ਹੋਣ ਦਾ ਮਾਣ ਹਾਸਲ ਹੈ ਜਿਸ ਨੇ ਮਿਡਲ ਕਲਾਸ ਦੀ ਸਹਾਇਤਾ ਕਰਨ ਲਈ ਕੈਨੇਡਾ ਚਾਈਲਡ ਬੈਨੀਫ਼ਿਟ, ਸੇਵਾ-ਮੁਕਤੀ ਦੀ ਉਮਰ ਮੁੜ 65 ਸਾਲ ਕਰਨ ਅਤੇ ਪਰਿਵਾਰਾਂ ਤੇ ਛੋਟੇ ਕਾਰੋਬਾਰਾਂ ਉੱਪਰ ਬੋਝ ਘਟਾਉਣ ਵਰਗੇ ਲੋਕ-ਪੱਖੀ ਕਦਮ ਚੁੱਕੇ ਹਨ। ਇਸ ਦੇ ਨਾਲ ਹੀ ਮੈਂ ਭਲੀ-ਭਾਂਤ ਜਾਣਦੀ ਹਾਂ ਕਿ ਅਜੇ ਹੋਰ ਬਹੁਤ ਕੁਝ ਕਰਨ ਵਾਲਾ ਹੈ ਅਤੇ ਉਸ ਦੇ ਲਈ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਮੈਂ ਇਸ ਨਵੇਂ ਸਾਲ 2019 ਵਿਚ ਨਵੀਆਂ ਆਸਾਂ, ਉਮੀਦਾਂ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੀ ਹਾਂ।” ਉਨ੍ਹਾਂ ਇਸ ਓਪਨ ਹਾਊਸ ਵਿਚ ਆਏ ਸਮੂਹ ਹਾਜ਼ਰੀਨ ਦਾ ਧੰਨਵਾਦ ਵੀ ਕੀਤਾ।
ਇਸ ਓਪਨ ਹਾਊਸ ਵਿਚ ਬਰੈਂਪਟਨ ਸਿਟੀ ਕਾਊਂਸਲ ਦੇ ਚੁਣੇ ਹੋਏ ਕਾਊਂਸਲਰਾਂ ਜੈੱਫ਼ ਬੋਮਨ, ਪਾਲ ਬਿਸੰਤੇ, ਰੌਬੀਨਾ ਸੈਂਟੋਜ਼ ਤੇ ਮਾਰਟਿਨ ਮੈਡਿਓਸ ਵੱਲੋਂ ਅਤੇ ਸ਼ਹਿਰ ਦੇ ਪਤਵੰਤੇ ਆਗੂਆਂ ਅਤੇ ਮੀਡੀਆ ਵੱਲੋਂ ਇਸ ਓਪਨ ਹਾਊਸ ਵਿਚ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲੁਆਈ ਗਈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …