Breaking News
Home / ਪੰਜਾਬ / ਸਿਆਸੀ ਤੌਰ ‘ਤੇ ਕਾਫੀ ਉਤਰਾਅ-ਚੜ੍ਹਾਅ ਵਾਲਾ ਰਿਹਾ ਸਾਲ 2019

ਸਿਆਸੀ ਤੌਰ ‘ਤੇ ਕਾਫੀ ਉਤਰਾਅ-ਚੜ੍ਹਾਅ ਵਾਲਾ ਰਿਹਾ ਸਾਲ 2019

ਸੱਤਾ ਪੱਖ ਤੇ ਵਿਰੋਧੀ ਪੱਖ ਵਿਚਕਾਰ ਚੱਲਦੇ ਰਹੇ ਦੋਸ਼-ਪ੍ਰਤੀਦੋਸ਼ ਦੇ ਬਾਣ
ਪੰਜਾਬ ਲਈ ਸਾਲ 2019 ਸਿਆਸੀ ਤੌਰ ‘ਤੇ ਕਾਫੀ ਅਹਿਮ ਰਿਹਾ। ਪੂਰਾ ਸਾਲ ਸਿਆਸੀ ਉਤਰਾਅ-ਚੜ੍ਹਾਅ ਕਾਰਨ ਸੱਤਾ ਪੱਖ ਤੇ ਵਿਰੋਧੀ ਧਰ ਵਿਚਕਾਰ ਦੋਸ਼-ਪ੍ਰਤੀਦੋਸ਼ ਦਾ ਦੌਰ ਸਾਲ ਦੇ ਅੰਤ ਤੱਕ ਖੂਬ ਚੱਲਿਆ। ਇਸੇ ਸਾਲ ਦੌਰਾਨ ਲੋਕ ਸਭਾ ਦੀਆਂ ਆਮ ਚੋਣਾਂ ਤੇ ਉਸ ਤੋਂ ਬਾਅਦ 4 ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਦੇ ਇਲਾਵਾ ਹੋਈਆਂ ਹੋਰ ਥਾਵਾਂ ‘ਤੇ ਚੋਣਾਂ ਵਿਚ ਜਿੱਥੇ ਕਾਂਞਰਸ ਦੀ ਜਿੱਤ ਦਾ ਸਿਲਸਿਲਾ ਬਰਕਰਾਰ ਰਿਹਾ, ਉਥੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗ੍ਰਾਫ ਵਿਚ ਗਿਰਾਵਟ ਜਾਰੀ ਰਹੀ। ਅਕਾਲੀ ਦਲ ਵਿਚ ਲੋਕ ਸਭਾ ਚੋਣਾਂ ਦੌਰਾਨ ਸਿਰਫ ਸੁਖਬੀਰ ਬਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਜੋੜੀ ਦੇ ਇਲਾਵਾ ਵਿਧਾਨ ਸਭਾ ਉਪ ਚੋਣਾਂ ਵਿਚ 4 ਵਿਚੋਂ ਸਿਰਫ 1 ਸੀਟ ਜਿੱਤਣ ਦੇ ਇਲਾਵਾ ਪਾਰਟੀ ਨੂੰ ਸਫਲਤਾ ਨਹੀਂ ਮਿਲੀ। ਕਾਂਗਰਸ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹੋਰ ਰਾਜਾਂ ਵਿਚ ਹੋਈ ਦੁਰਦਸ਼ਾ ਦੇ ਬਾਵਜੂਦ ਪੰਜਾਬ ਦੀਆਂ 13 ਸੀਟਾਂ ਵਿਚੋਂ 8 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ। ਆਮ ਆਦਮੀ ਪਾਰਟੀ 4 ਸੀਟਾਂ ਤੋਂ ਸਿਮਟ ਕੇ ਇਕ ਸੀਟ ਹੀ ਜਿੱਤ ਸਕੀ ਅਤੇ ਉਹ ਵੀ ਸੰਗਰੂਰ ਤੋਂ ਭਗਵੰਤ ਮਾਨ ਆਪਣੇ ਬਲਬੂਤੇ ਜਿੱਤੇ। ਭਾਜਪਾ ਦੋ ਲੋਕ ਸਭਾ ‘ਤੇ ਜਿੱਤ ਦਾ ਅੰਕੜਾ ਬਰਕਰਾਰ ਰੱਖ ਸਕੀ। ਇਨ੍ਹਾਂ ਵਿਚੋਂ ਗੁਰਦਾਸਪੁਰ ਤੋਂ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਹਰਾ ਕੇ ਫਿਲਮ ਸਟਾਰ ਸੰਨੀ ਦਿਓਲ ਨੇ ਭਾਜਪਾ ਵਲੋਂ ਅਹਿਮ ਜਿੱਤ ਪ੍ਰਾਪਤ ਕੀਤੀ। ਸਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਵਾਦ ਲੰਮਾ ਸਮਾਂ ਛਾਇਆ ਰਿਹਾ। ਇਸ ਸਾਲ ਐਸ.ਜੀ.ਪੀ.ਸੀ. ਪ੍ਰਧਾਨ ਚੋਣ ਵਿਚ ਗੋਬਿੰਦ ਸਿੰਘ ਲੌਂਗੋਵਾਲ ਤੀਜੀ ਵਾਰ ਜੇਤੂ ਹੋਏ। ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਸਰਗਰਮ ਸਿਆਸਤ ਤੋਂ ਵੱਖ ਹੋ ਕੇ ਬੈਠੇ ਰਾਜ ਸਭਾ ਮੈਂਬਰ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵਲੋਂ ਅਕਾਲੀ ਦਲ ਦੇ ਸਥਾਪਨਾ ਦਿਵਸ ‘ਤੇ 14 ਦਸੰਬਰ ਨੂੰ ਸ਼੍ਰੋਮਣੀਅਕਾਲੀ ਦਲ ਤੋਂ ਵੱਖ ਹੋਏ ਅਕਾਲੀ ਦਲ ਟਕਸਾਲੀ ਨਾਲ ਹੱਥ ਮਿਲਾਉਣ ਨਾਲ ਵੀ ਸਿਆਸਤ ਵਿਚ ਨਵਾਂ ਮੋੜ ਆਇਆ। ਇਸੇ ਸਾਲ ਦੌਰਾਨ ਕਰਤਾਰਪੁਰ ਸਾਹਿਬ ਕੌਰੀਡੋਰ ਦੀ ਸਥਾਪਨਾ ਵੀ ਸੂਬੇ ਦੇ ਲੋਕਾਂ ਲਈ ਇਕ ਵੱਡੀ ਉਪਲਬਧੀ ਰਹੀ।
ਛਾਇਆ ਰਿਹਾ ਸਿੱਧੂ-ਕੈਪਟਨ ਵਿਵਾਦ
2019 ਦੇ ਸਿਆਸੀ ਘਟਨਾਕ੍ਰਮ ਵਿਚਕਾਰ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਛਿੜਿਆ ਵਿਵਾਦ ਖੂਬ ਛਾਇਆ ਰਿਹਾ। ਕਈ ਮਹੀਨਿਆਂ ਤੱਕ ਇਹੀ ਵਿਵਾਦ ਸੁਰਖੀਆਂ ਵਿਚ ਕਿਹਾ। ਲੋਕ ਸਭਾ ਚੋਣਾਂ ਵਿਚ ਪ੍ਰਚਾਰ ਦੌਰਾਨ ਵਿਵਾਦ ਉਸ ਸਮੇਂ ਸਿਖਰਾਂ ‘ਤੇ ਪਹੁੰਚ ਗਿਆ, ਜਦ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਉਮੀਦਵਾਰ ਦੇ ਪੱਖ ਵਿਚ ਹੋਈ ਰੈਲੀ ਵਿਚ ਜਨਤਕ ਤੌਰ ‘ਤੇ ਮੁੱਖ ਮੰਤਰੀ ‘ਤੇ ਨਿਸ਼ਾਨਾ ਲਾਉਂਦੇ ਹੋਏ ਬੇਅਦਬੀ ਦੇ ਮਾਮਲਿਆਂ ਵਿਚ ਕਾਰਵਾਈ ਨਾ ਹੋਣ ਦੀ ਗੱਲ ਕਰਦੇ ਹੋਏ ਬਾਦਲਾਂ ਨਾਲ ਮਿਲੀਭੁਗਤ ਤੱਕ ਦੇ ਦੋਸ਼ ਲਾ ਦਿੱਤੇ। ਇਸ ਤੋਂ ਬਾਅਦ ਚੋਣ ਨਤੀਜੇ ਵਾਲੇ ਦਿਨ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਇਸ ਤੋਂ ਬਾਅਦ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਘੱਟ ਮਹੱਤਵ ਵਾਲਾ ਵਿਭਾਗ ਦਿੱਤਾ ਗਿਆ। ਇਸ ਕਾਰਵਾਈ ਤੋਂ ਨਾਰਾਜ਼ ਸਿੱਧੂ ਨੇ ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪ ਦਿੱਤਾ ਅਤੇ ਇਸ ਦੇ ਜਨਤਕ ਹੋਣ ‘ਤੇ ਮੁੱਖ ਮੰਤਰੀ ਵਲੋਂ ਇਸ ਨੂੰ ਸਵੀਕਾਰ ਕਰ ਲਿਆ ਗਿਆ। ਅਸਤੀਫਾ ਦੇਣ ਦੇ 6 ਮਹੀਨੇ ਬਾਅਦ ਵੀ ਹੁਣ ਸਿੱਧੂ ਨੇ ਸਰਗਰਮ ਸਿਆਸਤ ਤੋਂ ਵੱਖ ਹੋ ਕੇ ਚੁੱਪੀ ਧਾਰ ਰੱਖੀ ਹੈ ਅਤੇ ਉਹ ਆਪਣੇ ਖੇਤਰ ਅੰਮ੍ਰਿਤਸਰ ਤੱਕ ਸੀਮਤ ਹਨ।
ਕਰਮਚਾਰੀਆਂ ਨੂੰ ਤਨਖਾਹ ਦੇਣ ‘ਚ ਅਸਮਰੱਥ ਰਹੀ ਸਰਕਾਰ
ਸਾਲ 2019 ਦੌਰਾਨ ਸੂਬੇ ਦਾ ਵਿੱਤੀ ਸੰਕਟ ਵੀ ਚਰਚਾ ਵਿਚ ਰਿਹਾ। ਨਵੰਬਰ ਮਹੀਨੇ ਵਿਚ ਤਾਂ ਸਥਿਤੀ ਅਜਿਹੀ ਹੋ ਗਈ ਕਿ ਕਰਮਚਾਰੀਆਂ ਨੂੰ ਤਨਖਾਹ ਦੇਣ ਦੀ ਹਾਲਤ ਵਿਚ ਵੀ ਸਰਕਾਰ ਨਹੀਂ ਸੀ ਅਤੇ ਕਿਸੇ ਤ੍ਹਾਂ ਜੁਗਾੜ ਕਰਕੇ ਦੇਰੀ ਨਾਲ ਤਨਖਾਹਾਂ ਦੀ ਅਦਾਇਗੀ ਕੀਤੀ ਗਈ। ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੁਦ ਵਿੱਤੀ ਸੰਕਟ ਦੀ ਗੱਲ ਜਨਤਕ ਤੌਰ ‘ਤੇ ਕਬੂਲ ਕੀਤੀ ਅਤੇ ਕੇਂਦਰ ਸਰਕਾਰ ਤੋਂ ਸਹਾਇਤਾ ਦੀ ਗੁਹਾਰ ਲਾਈ। ਉਹ ਖੁਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲੇ ਅਤੇ ਸੂਬੇ ਦੀ 4100 ਕਰੋੜ ਰੁਪਏ ਦੀ ਬਦਾਇਆ ਜੀ.ਐਸ.ਟੀ. ਰਾਸ਼ੀ ਦੀ ਅਦਾਇਗੀ ਕਰਨ ਦੀ ਮੰਗ ਰੱਖੀ। ਮਨਪ੍ਰੀਤ ਨੇ ਕੇਂਦਰੀ ਵਿੱਤ ਮੰਤਰੀ ਨੂੰ ਸੂਬੇ ਦੀ ਵਿੱਤੀ ਹਾਲਤ ਦੇ ਬਾਰੇ ਵਿਚ ਦੱਸਦੇ ਹੋਏ ਤੱਥਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਓਵਰ ਡਰਾਫਟ ਦੀ ਸਥਿਤੀ ਹਹੈ ਅਤੇ ਕਰਮਚਾਰੀਆਂ ਦੀ ਤਨਖਾਹ ਦੀ ਅਦਾਇਗੀ ਤੱਕ ਲਈ ਸਰਕਾਰ ਅਸਮਰਥ ਹੋ ਰਹੀ ਹੈ। ਇਸੇ ਸਾਲ ਦੇ ਅੰਤ ਵਿਚ ਕੇਂਦਰੀ ਵਿੱਤ ਮੰਤਰੀ ਵਲੋਂ ਸੂਬੇ ਨੂੰ 2228 ਕਰੋੜ ਰੁਪਏ ਦੀ ਬਕਾਇਆ ਜੀ.ਐਸ.ਟੀ. ਰਾਸ਼ੀ ਦੇ ਕੇ ਕੁਝ ਰਾਹਤ ਦੇਣ ਦਾ ਯਤਨ ਕੀਤਾ ਗਿਆ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਤਾਂ ਸਿੱਧੇ ਤੌਰ ‘ਤੇ ਵਿੱਤੀ ਹਾਲਤ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਦੇ ਨਿਵਾਸ ਸਾਹਮਣੇ ਧਰਨਾ ਲਾਉਣ ਤੱਕ ਦੀ ਸੂਬਾ ਸਰਕਾਰ ਨੂੰ ਸਲਾਹ ਵੀ ਦਿੱਤੀ ਸੀ।
ਸੁਖਬੀਰ ਤੇ ਢੀਂਡਸਾ ਦਰਮਿਆਨ ਖਿੱਚੀਆਂ ਗਈਆਂ ਸਿਆਸੀ ਤਲਵਾਰਾਂ
ਸਾਲ ਦੇ ਅਖੀਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸੀਨੀਅਰ ਬਾਗੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਦਰਮਿਆਨ ਸਿਆਸੀ ਤਲਵਾਰਾਂ ਪੂਰੀ ਤਰ੍ਹਾਂ ਖਿੱਚੀਆਂ ਗਈਆਂ ਹਨ। ਸੁਖਬੀਰ ਦਾ ਸਾਥ ਛੱਡ ਕੇ ਦਸੰਬਰ 2018 ਵਿਚ ਅਕਾਲੀ ਦਲ ਟਕਸਾਲੀ ਦਾ ਗਠਨ ਕਰਨ ਵਾਲੇ ਸੀਨੀਅਰ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਦੇ ਨਾਲ ਹੁਣ ਢੀਂਡਸਾ ਖੁੱਲ੍ਹ ਕੇ ਸਾਹਮਣੇ ਆ ਚੁੱਕੇ ਹਨ। ਅਕਾਲੀ ਦਲ (1920) ਦੇ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਰਵੀਇੰਦਰ ਸਿੰਘ ਦਾ ਵੀ ਉਨ੍ਹਾਂ ਨੂੰ ਸਾਥ ਮਿਲਿਆ ਹੈ। ਬੇਸ਼ੱਕ ਉਹ ਟਕਸਾਲੀ ਦਲ ‘ਚ ਸ਼ਾਮਲ ਨਹੀਂ ਹੋਏ, ਪਰ ਸੁਖਬੀਰ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ, ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਨੂੰ ਬਾਦਲ ਪਰਿਵਾਰ ਦੇ ਕਬਜ਼ੇ ‘ਚੋਂ ਮੁਕਤ ਕਰਾਉਣ ਦੇ ਏਜੰਡੇ ਨੂੰ ਲੈ ਕੇ ਮਿਲ ਕੇ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਟਕਸਾਲੀ ਦਲ ਵਲੋਂ ਵੱਖ ਪੰਥਕ ਦਲਾਂ ਦਾ ਤੀਜਾ ਫਰੰਟ ਵੀ ਸਰਗਰਮ ਹੈ, ਜਿਸ ਵਿਚ ਮੁੱਖ ਤੌਰ ‘ਤੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਸ਼ਾਮਲ ਹੈ। ਗਰਮਦਲੀਏ ਆਗੂਆਂ ਦੇ ਇਸ ਫਰੰਟ ਦਾ ਮੁੱਖ ਟੀਚਾ ਵੱਖਰੇ ਖਾਲਸਾ ਰਾਜ ਦੀ ਸਥਾਪਨਾ ਕਰਨਾ ਹੈ ਅਤੇ ਇਨ੍ਹਾਂ ਨੇ ਦੋਵਾਂ ਦਲਾਂ ਤੋਂ ਵੱਖ ਚੰਡੀਗੜ੍ਹ ‘ਚ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ‘ਚ ਸਥਾਪਨਾ ਦਿਵਸ ਮਨਾਇਆ।
6 ਸਿਆਸੀ ਸਲਾਹਕਾਰਾਂ ਦੀ ਨਿਯੁਕਤੀ ਰਹੀ ਵਿਵਾਦਾਂ ‘ਚ
ਇਸੇ ਸਾਲ ਦੌਰਾਨ ਪਿਛਲੇ ਸਮੇਂ ਵਿਚ ਕੁਝ ਵਿਧਾਇਕਾਂ ਦੀ ਨਰਾਜ਼ਗੀ ਦੂਰ ਕਰਨ ਦੇ ਯਤਨਾਂ ਦੇ ਤਹਿਤ ਮੁੱਖ ਮੰਤਰੀ ਵਲੋਂ 6 ਸਲਾਹਕਾਰ ਬਣਾਏ ਗਏ। ਇਨ੍ਹਾਂ ਵਿਚ ਵਿਧਾਇਕ ਕੁਲਜੀਤ ਨਾਗਰਾ, ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਇੰਦਰਬੀਰ ਸਿੰਘ ਬੁਲਾਰੀਆ, ਤਰਸੇਮ ਸਿੰਘ ਡੀਸੀ ਤੇ ਕੁਸ਼ਲਦੀਪ ਸਿੰਘ ਢਿੱਲੋਂ ਸ਼ਾਮਲ ਹਨ। ਵਿਧਾਇਕਾਂ ਨੂੰ ਮੰਤਰੀ ਜਿਹੀਆਂ ਸਹੂਲਤਾਂ ਦੇ ਕੇ ਇਹ ਅਹੁਦੇ ਦੇਣ ਨੂੰ ਲੈ ਕੇ ਅਜੇ ਤੱਕ ਵਿਵਾਦ ਚੱਲ ਰਿਹਾ ਹੈ। ਵਿਰੋਧੀ ਧਿਰ ਇਸ ਨੂੰ ਅਸੰਵਿਧਾਨਕ ਕਦਮ ਦੱਸ ਕੇ ਸੱਤਾ ਪੱਖ ਨੂੰ ਘੇਰ ਰਹੀ ਹੈ। ਉਸਦਾ ਇਹ ਵੀ ਤਰਕ ਹੈ ਕਿ ਇਕ ਪਾਸੇ ਸੂਬਾ ਵਿੱਤੀ ਐਮਰਜੈਂਸੀ ਦੀ ਕਗਾਰ ‘ਤੇ ਹੈ, ਦੂਜੇ ਪਾਸੇ ਬਿਨਾ ਜ਼ਰੂਰਤ ਦੇ ਸਲਾਹਕਾਰ ਲਗਾ ਕੇ ਫਜ਼ੂਲਖਰਚੀ ਕੀਤੀ ਜਾ ਰਹੀ ਹੈ, ਜਦਕਿ ਮੁੱਖ ਮੰਤਰੀ ਦੇ ਨਾਲ ਪਹਿਲਾਂ ਹੀ ਵੱਡੀ ਗਿਣਤੀ ਵਿਚ ਓਐਸਡੀ ਸਿਆਸੀ ਪੋਸਟਾਂ ‘ਤੇ ਨਿਯੁਕਤ ਕੀਤੇ ਹੋਏ ਹਨ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …