ਆਡੀਓ ’ਚ ਕਿਹਾ : ਪੰਜ ਲੱਖ ਰੁਪਏ ਦੇ ਦਿਓ, ਪੈਂਡਿੰਗ ਕੰਮ ਵੀ ਹੋ ਜਾਣਗੇ
ਬਠਿੰਡਾ/ਬਿਊਰੋ ਨਿਊਜ਼ : 5 ਲੱਖ ਰੁਪਏ ਰਿਸ਼ਵਤ ਮਾਮਲੇ ਵਿਚ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਕਲੀਨ ਚਿੱਟ ਪ੍ਰਾਪਤ ਕਰ ਚੁੱਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਆਡੀਓ ਸ਼ਿਕਾਇਤਕਰਤਾ ਪਿ੍ਰਤਪਾਲ ਸਿੰਘ ਨੇ ਰਿਲੀਜ਼ ਕਰ ਦਿੱਤੀ ਹੈ। ਵਾਇਰਲ ਆਡੀਓ ’ਚ ਸਪੱਸ਼ਟ ਸੁਣਨ ਨੂੰ ਮਿਲ ਰਿਹਾ ਹੈ ਕਿ ਵਿਧਾਇਕ ਅਤੇ ਫੜਿਆ ਗਿਆ ਆਰੋਪੀ ਰਿਸ਼ਮ ਗਰਗ ਪੈਸਿਆਂ ਦੀ ਮੰਗ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਇਸ ਆਡੀਓ ਦੇ ਰਿਲੀਜ਼ ਹੋਣ ਮਗਰੋਂ ਪੰਜਾਬ ਵਿਚ ਸਿਆਸਤ ਵਿਚ ਹੜਕੰਪ ਮਚ ਗਿਆ ਅਤੇ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਿਧਾਇਕ ਨੂੰ ਬਚਾਉਣ ਦੇ ਆਰੋਪ ਲਗਾਏ ਜਾ ਰਹੇ ਹਨ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਧਾਇਕ ਨੂੰ ਸਰਕਟ ਹਾਊਸ ਦੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਕੱਢਣ ’ਤੇ ਸਵਾਲ ਚੁੱਕੇ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਉਹ ਭਿ੍ਰਸ਼ਟਾਚਾਰੀਆਂ ਨੂੰ ਕਿਉਂ ਬਚਾਅ ਹਨ? ਕੀ ਉਨ੍ਹਾਂ ਤੱਕ ਵੀ ਪੈਸਾ ਪਹੁੰਚ ਰਿਹਾ ਹੈ। ਉਧਰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇਕ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਅਮਿਤ ਰਤਨ ਦੀ ਗਿ੍ਰਫ਼ਤਾਰੀ ਨੂੰ ਲੈ ਕੇ ਭਗਵੰਤ ਮਾਨ ਅਤੇ ਰਾਘਵ ਚੱਢਾ ਦਰਮਿਆਨ ਝਗੜਾ ਹੋਣ ਦੀ ਗੱਲ ਆਖੀ ਹੈ। ਕਿਉਂਕਿ ਅਮਿਤ ਰਤਨ ਦਿੱਲੀ ਤੋਂ ਪੈਸੇ ਦੇ ਕੇ ਸਿੱਧੀ ਟਿਕਟ ਪ੍ਰਾਪਤ ਕੀਤੀ ਸੀ, ਜਿਸ ਕਰਕੇ ਸ਼ਿਕਾਇਤ ਕਰਤਾ ਵੱਲੋਂ ਸਭ ਕੁੱਝ ਸਪੱਸ਼ਟ ਕੀਤੇ ਜਾਣ ਮਗਰੋਂ ਵੀ ਵਿਧਾਇਕ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਜਾ ਰਿਹਾ।