ਕਿਹਾ : ਆਪਣਾ 18 ਹਜ਼ਾਰ ਕਿਊਸਿਕ ਪਾਣੀ ਹੀ ਵਰਤੇ ਰਾਜਸਥਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਸਥਾਨ ਨੂੰ ਵਾਧੂ ਪਾਣੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਆਪਣੇ 18 ਹਜ਼ਾਰ ਕਿਊਸਿਕ ਪਾਣੀ ਦਾ ਹੀ ਇਸਤੇਮਾਲ ਕਰੇ, ਕਿਉਂਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਨਹਿਰ ਦੀ ਰਿਪੇਅਰ ਕਰਵਾਉਣ ਦੇ ਚਲਦਿਆਂ ਮਈ-ਜੂਨ ਮਹੀਨੇ ’ਚ ਨਹਿਰ ਦੀ ਬੰਦੀ ਲੈ ਕੇ ਆਪਣਾ 18 ਹਜ਼ਾਰ ਕਿਊਸਿਕ ਪਾਣੀ ਬੰਦ ਕੀਤਾ ਹੋਇਆ। ਉਨ੍ਹਾਂ ਕਿਹਾ ਕਿ 30 ਕਿਲੋਮੀਟਰ ਦੇ ਖੇਤਰ ’ਚ ਜਿੱਥੇ 70 ਸਾਲ ਤੋਂ ਨਹਿਰ ਚੱਲ ਰਹੀ ਹੈ, ਉਥੇ ਹੀ ਇਸ ਨੂੰ 2 ਮਹੀਨੇ ਹੋਰ ਚਲਦਾ ਰੱਖਿਆ ਜਾ ਸਕਦਾ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਹਿਰ ਬੰਦੀ ਅਕਤੂਬਰ ਮਹੀਨੇ ’ਚ ਵੀ ਲਈ ਜਾ ਸਕਦੀ ਸੀ, ਕਿਉਂਕਿ ਉਨ੍ਹਾਂ ਦਿਨਾਂ ’ਚ ਪਾਣੀ ਦੀ ਮੰਗ ਕਾਫ਼ੀ ਘਟ ਜਾਂਦੀ ਹੈ ਪ੍ਰੰਤੂ ਰਾਜਸਥਾਨ ਗਰਮੀ ਦੇ ਸੀਜਨ ’ਚ ਅਪਣਾ 18 ਹਜ਼ਾਰ ਕਿਊਸਿਕ ਪਾਣੀ ਬੰਦ ਕਰਕੇ ਪੰਜਾਬ ਕੋਲੋਂ ਪਾਣੀ ਮੰਗ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਕੋਲ ਪਹਿਲੀ ਵਾਰ ਨਰਮੇ ਦੀ ਬਿਜਾਈ ਲਈ ਸਮੇਂ ਸਿਰ ਪਾਣੀ ਪਹੁੰਚਿਆ ਹੈ ਅਤੇ ਨਹਿਰੀ ਪਾਣੀ ਦੇ ਮੱਦੇਨਜ਼ਰ ਪੰਜਾਬ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਰਾਜਸਥਾਨ ਅਤੇ ਕੇਂਦਰ ਸਰਕਾਰ ਨੂੰ 18 ਹਜ਼ਾਰ ਕਿਊਸਿਕ ਪਾਣੀ ਦੀ ਵਰਤੋਂ ਕਰਨ ਲਈ ਵੀ ਆਖਿਆ, ਕਿਉਂਕਿ ਪੰਜਾਬ ਕੋਲ ਮੌਜੂਦ ਪਾਣੀ ਨਾਲ ਸੂਬੇ ਦੀ ਮੰਗ ਵੀ ਪੂਰੀ ਨਹੀਂ ਹੋ ਪਾ ਰਹੀ ਇਸ ਲਈ ਕਿਸੇ ਹੋਰ ਸੂਬੇ ਨੂੰ ਵਾਧੂ ਪਾਣੀ ਨਹੀਂ ਦਿੱਤਾ ਜਾ ਸਕਦਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ 98 ਐਮਰਜੈਂਸੀ ਰਿਸਪਾਂਸ ਵਾਹਨ ਵੀ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਵਾਹਨਾਂ ਦੇ ਮਿਲਣ ਨਾਲ ਪੰਜਾਬ ਪੁਲਿਸ ਹੋਰ ਮਜ਼ਬੂਤ ਹੋਵੇਗੀ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …