Breaking News
Home / ਪੰਜਾਬ / ਪੰਜਾਬ ਵਿਚ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ

ਪੰਜਾਬ ਵਿਚ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ

ਕਿਸਾਨਾਂ ਵਲੋਂ ਹਰਜੀਤ ਗਰੇਵਾਲ ਦਾ ਡਟਵਾਂ ਵਿਰੋਧ
ਚੰਡੀਗੜ੍ਹ : ਕਾਲੇ ਖੇਤੀ ਕਾਨੂੰਨਾਂ ਦੇ ਚੱਲਦਿਆਂ ਪੰਜਾਬ ਵਿਚ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸਦੇ ਚੱਲਦਿਆਂ ਮੁਹਾਲੀ ਵਿਚ ਪੈਂਦੇ ਕਸਬਾ ਬਨੂੜ ਵਿਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਨੌਜਵਾਨ ਕਿਸਾਨਾਂ ਵਲੋਂ ਡਟਵਾਂ ਵਿਰੋਧ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਦੀ ਨੌਜਵਾਨਾਂ ਨਾਲ ਬਹਿਸ ਵੀ ਹੋਈ, ਪਰ ਗਰੇਵਾਲ ਨੇ ਉਥੋਂ ਜਾਣ ਵਿਚ ਹੀ ਭਲਾਈ ਸਮਝੀ। ਭਾਜਪਾ ਆਗੂ ਦੇ ਬਨੂੜ ਪਹੁੰਚਣ ਦਾ ਪਤਾ ਲੱਗਦਿਆਂ ਹੀ ਟੌਲ ਪਲਾਜੇ ‘ਤੇ ਧਰਨੇ ਦੇ ਰਹੇ ਕਿਸਾਨ ਵੀ ਉਥੇ ਪਹੁੰਚ ਗਏ। ਕਿਸਾਨਾਂ ਨੇ ਭਾਜਪਾ ਆਗੂ ਨਾਲ ਗਏ ਸ਼ਹਿਰ ਦੇ ਦੋ ਦੁਕਾਨਦਾਰਾਂ ਨੂੰ ਵੀ ਸਖਤ ਤਾੜਨਾ ਕਰਦਿਆ ਕਿਹਾ ਕਿ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਵੀ ਧਰਨੇ ਲਗਾ ਦਿੱਤੇ ਜਾਣਗੇ।
ਜਿਆਣੀ ਦੇ ਆਉਣ ਦੀ ਸੂਹ ਮਿਲਣ ‘ਤੇ ਭਾਜਪਾ ਆਗੂ ਦਾ ਘਰ ਘੇਰਿਆ
ਪਟਿਆਲਾ : ਭਾਜਪਾ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਪਿਛਲੇ ਦਿਨੀਂ ਪਟਿਆਲਾ ਵਿੱਚ ਭਾਜਪਾ ਆਗੂ ਭੁਪੇਸ਼ ਅਗਰਵਾਲ ਦੇ ਘਰ ਆਏ ਸਨ। ਭਾਵੇਂ ਉਹ ਦੁਪਹਿਰ ਵੇਲੇ ਹੀ ਚਲੇ ਗਏ ਸਨ, ਪਰ ਉਨ੍ਹਾਂ ਦੇ ਇੱਥੇ ਹੀ ਹੋਣ ਦੇ ਭੁਲੇਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਰਾਤ ਸਾਢੇ ਅੱਠ ਵਜੇ ਅਗਰਵਾਲ ਦਾ ਘਰ ਘੇਰ ਲਿਆ। ਇਸ ਦੌਰਾਨ ਜਿਆਣੀ ਅਤੇ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਸੁਰਜੀਤ ਜਿਆਣੀ ਇੱਥੇ ਆਏ ਜ਼ਰੂਰ ਸਨ ਪਰ ਉਹ ਚਲੇ ਗਏ ਹਨ। ਇਸ ‘ਤੇ ਕਿਸਾਨਾਂ ਨੇ ਨੌਂ ਵਜੇ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ।
ਭਾਜਪਾ ਨੇਤਾ ਸੁਰਜੀਤ ਜਿਆਣੀ ਨੂੰ ਕਿਸਾਨਾਂ ਨੇ ਘੇਰਿਆ
ਬਠਿੰਡਾ : ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਕੈਬਨਿਟ ਵਜ਼ੀਰ ਸੁਰਜੀਤ ਕੁਮਾਰ ਜਿਆਣੀ ਦਾ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਰਕੇ ਜਿਆਣੀ ਨੂੰ ਬਠਿੰਡਾ ਵਿਚ ਰੱਖੀ ਪ੍ਰੈਸ ਕਾਨਫਰੰਸ ਲਈ ਜਗ੍ਹਾ ਅਤੇ ਸਮਾਂ ਦੋ ਵਾਰ ਬਦਲਣਾ ਪਿਆ ਅਤੇ ਜਿਆਣੀ ਅੱਗੇ-ਅੱਗੇ ਤੇ ਕਿਸਾਨ ਉਸਦੇ ਪਿੱਛੇ-ਪਿੱਛੇ ਪਹੁੰਚਦੇ ਰਹੇ। ਪਹਿਲਾਂ ਜਿਆਣੀ ਦੀ ਸਰਕਟ ਹਾਊਸ ਵਿਚ ਪ੍ਰੈੱਸ ਕਾਨਫਰੰਸ ਸੀ, ਜਿਥੇ ਕਿਸਾਨਾਂ ਨੇ ਸਰਕਟ ਹਾਊਸ ਦਾ ਘਿਰਾਓ ਕਰ ਲਿਆ। ਬਾਅਦ ‘ਚ ਜਿਆਣੀ ਨੇ ਪ੍ਰੋਗਰਾਮ ਬਦਲ ਕੇ ਕਿਸੇ ਹੋਟਲ ਵਿਚ ਰੱਖ ਲਿਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਤੇ ਵਰਕਰ ਉਥੇ ਵੀ ਪਹੁੰਚ ਗਏ। ਕਿਸਾਨਾਂ ਨੇ ਉਸ ਹੋਟਲ ਦਾ ਵੀ ਘਿਰਾਓ ਕਰ ਦਿੱਤਾ, ਜਿਥੇ ਜਿਆਣੀ ਨੇ ਪ੍ਰੈਸ ਕਾਨਫਰੰਸ ਕਰਨੀ ਸੀ। ਇਸੇ ਦੌਰਾਨ ਰੋਪੜ ਵਿਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਵਰਕਰਾਂ ਨੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ।
ਭਾਜਪਾ ‘ਚ ਵੀ ਉਠਣ ਲੱਗੀ ਕਿਸਾਨਾਂ ਦੇ ਹੱਕ ਵਿਚ ਆਵਾਜ਼
ਅਨਿਲ ਜੋਸ਼ੀ ਬੋਲੇ – ਕਿਸਾਨਾਂ ਦੀ ਸਮੱਸਿਆ ਦਾ ਜਲਦ ਹੋਵੇ ਹੱਲ
ਚੰਡੀਗੜ੍ਹ : ਪੰਜਾਬ ਵਿਚ ਭਾਰਤੀ ਜਨਤਾ ਪਾਰਟੀ 2022 ਦੀਆਂ ਤਿਆਰੀਆਂ ‘ਚ ਤਾਂ ਜੁਟੀ ਹੋਈ ਹੈ ਪਰ ਉਨ੍ਹਾਂ ਦੇ ਨੇਤਾਵਾਂ ਨੂੰ ਕਿਸਾਨਾਂ ਦਾ ਗੁੱਸਾ ਡਰਾ ਵੀ ਰਿਹਾ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੀ ਮੰਗ ਨੂੰ ਗਲ਼ਤ ਠਹਿਰਾਉਣ ਵਾਲੀ ਭਾਜਪਾ ਵਿਚ ਵੀ ਹੁਣ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਉੱਠਣ ਲੱਗੀ ਹੈ। ਭਾਜਪਾ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਵਿਚ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਕਹਿ ਦਿੱਤਾ ਕਿ ਸਾਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਧਿਆਨ ਰਹੇ ਕਿ ਭਾਜਪਾ ਦਾ ਇਕ ਵੱਡਾ ਵਰਗ ਇਹ ਵੀ ਮੰਨਦਾ ਹੈ ਕਿ ਕਿਸਾਨਾਂ ਦੇ ਮਸਲੇ ਹੱਲ ਕੀਤੇ ਬਿਨਾ ਭਾਜਪਾ ਪੰਜਾਬ ਵਿਚ ਜਿੱਤ ਨਹੀਂ ਸਕਦੀ।

Check Also

ਬਾਬੇ ਨਾਨਕ ਦਾ ਵਿਆਹ ਪੁਰਬ ਸ਼ਰਧਾ ਨਾਲ ਮਨਾਇਆ

ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦਾ 534ਵਾਂ ਵਿਆਹ ਪੁਰਬ ਸੰਗਤ …