ਡਾ. ਗੁਰਵਿੰਦਰ ਸਿੰਘ
ਅਸੀਂ ਵਰ੍ਹੇ 2025 ਦੀਆਂ ਬਰੂਹਾਂ ‘ਤੇ ਖੜ੍ਹੇ ਹਾਂ। ਇਸ ਸਮੇਂ ਆਪਣੇ ਆਪ ਨਾਲ ਇਹ ਗੰਭੀਰ ਵਿਚਾਰ ਕਰਨਾ ਲਾਹੇਵੰਦ ਹੋਏਗਾ ਕਿ ਕਿਤਾਬ ਦੀ ਸਾਡੇ ਜੀਵਨ ਵਿਚ ਕੀ ਅਹਿਮੀਅਤ ਹੈ। ਸੰਸਾਰ ਪ੍ਰਸਿੱਧ ਲੇਖਕ ਹੈਨਰੀ ਮਿਲਰ ਦਾ ਕਥਨ ਹੈ ਕਿ ਕਿਤਾਬ ਤੁਹਾਡੀ ਸਭ ਤੋਂ ਵਧੀਆ ਮਿੱਤਰ ਹੀ ਨਹੀਂ ਹੁੰਦੀ, ਸਗੋਂ ਇਹ ਤੁਹਾਡੇ ਮਿੱਤਰ ਬਣਾਉਂਦੀ ਵੀ ਹੈ। ਕਈ ਵਾਰ ਗੰਭੀਰ ਸਮੱਸਿਆਵਾਂ ਮੌਕੇ, ਕਿਤਾਬ ਹੀ ਸਾਨੂੰ ਢਾਰਸ ਦਿੰਦੀ ਹੈ। ਰੋਗੀਆਂ ਦੇ ਇਲਾਜ ਲਈ ਵੀ ‘ਕਿਤਾਬ ਦੁੱਖਾਂ ਦੀ ਦਾਰੂ’ ਹੈ। ਮਨੋਰੋਗਾਂ ਵਿਚ ਡੁਬਦੇ ਮਨੁੱਖ ਲਈ ਕਿਤਾਬ ਸਹਾਰਾ ਬਣਦੀ ਹੈ। ਫਰਾਂਸ ਦੇ ਲਿਖਾਰੀ ਮਾਰਸ਼ਲ ਪਰਾਊਸਤ ਦਾ ਕਹਿਣਾ ਹੈ ਕਿ ਕਿਤਾਬ, ਥੈਰੇਪੀ ਭਾਵ ਇਲਾਜ ਹੈ, ਜਦਕਿ ਪ੍ਰਸਿੱਧ ਚਿੰਤਕ ਸੈਮਮੂਅਲ ਕਰੋਥਰ ਨੇ, ਬਿਬਲੀਓਥੈਰਪੀ ਭਾਵ ਕਿਤਾਬ ਇਲਾਜ ਦੀ ਸੋਚ ਦਿੱਤੀ ਹੈ।
ਕਿਤਾਬ ਮਨੁੱਖ ਨੂੰ ਨਿਰਾਸ਼ਾ ਦੇ ਆਲਮ ‘ਚੋਂ ਬਾਹਰ ਕੱਢਦੀ ਹੈ ਤੇ ਜਿਉਣ ਦਾ ਮਕਸਦ ਦਿੰਦੀ ਹੈ। ਕਿਤਾਬ ਦੀ ਮਹੱਤਤਾ ਬਾਰੇ ਪ੍ਰਸਿੱਧ ਵਿਦਵਾਨ ਜੰਗ ਬਹਾਦਰ ਗੋਇਲ ਦੀ ਕਿਤਾਬ ‘ਸਾਹਿਤ ਸੰਜੀਵਨੀ’ ਪੜ੍ਹਨ ਦਾ ਸੁਭਾਗ ਹਾਸਿਲ ਹੋਇਆ, ਜਿਸ ਨੇ ਮਨ ਅੰਦਰ ਭਰਪੂਰ ਉਤਸ਼ਾਹ ਜਗਾਇਆ। ਉਹ ਲਿਖਦੇ ਹਨ, ”ਹਰ ਆਦਮੀ ਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਵਾ-ਵਰੋਲੇ, ਝੱਖੜ, ਤੂਫਾਨ ਆਉਂਦੇ ਰਹਿੰਦੇ ਹਨ, ਜੋ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਡਾਵਾਂ-ਡੋਲ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ ਜਾਂ ਤਾਂ ਕੋਈ ਸੁਗੜ ਸਿਆਣਾ ਰਾਹ-ਦਿਸੇਰਾ ਬਣ ਸਕਦਾ ਹੈ ਤੇ ਜਾਂ ਕੋਈ ਪੁਸਤਕ ਸਹਾਈ ਸਿੱਧ ਹੋ ਸਕਦੀ ਹੈ। ਪੁਸਤਕ ਤੱਕ ਪਹੁੰਚਣਾ ਆਸਾਨ ਹੈ, ਕਦੇ ਕਦੇ ਤਾਂ ਇਹ ਇੱਕ ਹੱਥ ਦੇ ਫਾਸਲੇ ‘ਤੇ ਹੀ ਪਈ ਮਿਲ ਜਾਂਦੀ ਹੈ, ਜਿਸਦਾ ਕੋਈ ਵਾਕ, ਕੋਈ ਸਤਰ, ਕੋਈ ਦ੍ਰਿਸ਼ਟਾਂਤ, ਕਿਸੇ ਜੀਵਨ-ਰੱਖਿਅਕ ਦਵਾਈ ਵਾਂਗ ਫੌਰੀ ਅਸਰ ਕਰਦਾ ਹੈ ਅਤੇ ਪਸਤ ਹੋਇਆ ਆਦਮੀ ਮੁੜ ਸਾਵਾਂ, ਤੰਦਰੁਸਤ ਅਤੇ ਉਰਜਾਵਾਨ ਮਹਿਸੂਸ ਕਰਨ ਲੱਗਦਾ ਹੈ।”
ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਕਿਤਾਬ ਮਨੁੱਖ ਨੂੰ ਢਹਿੰਦੀ ਕਲਾ ਦੇ ਮਾਹੌਲ ‘ਚੋਂ ਬਾਹਰ ਕੱਢਦੀ ਹੈ ਅਤੇ ਹੌਸਲਾ ਦੇ ਕੇ ਚੜ੍ਹਦੀ ਕਲਾ ਦੇ ਰਾਹ ‘ਤੇ ਤੋਰਦੀ ਹੈ। ਪਰ ਅੱਜ ਪੂੰਜੀਵਾਦੀ ਸੋਚਾਂ ਵਿੱਚ ਗ੍ਰਸਿਆ ਹੋਇਆ ਮਨੁੱਖ ਕਿਤਾਬ ਨਾਲੋਂ ਟੁੱਟ ਰਿਹਾ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ :
ਅੱਜ ਪਦਾਰਥਵਾਦ ਨੇ, ਕੀਤੀ ਸੋਚ ਖ਼ਰਾਬ।
ਐਯਾਸ਼ੀ ਵਿੱਚ ਆਦਮੀ, ਬੈਠਾ ਛੱਡ ਕਿਤਾਬ।
ਦੂਜੇ ਪਾਸੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਇਹ ਹੈ ਕਿ ਅੱਜ ਦੁਨੀਆ ਭਰ ਵਿੱਚ ਅਜਿਹੇ ਸਰਵੇਖਣ ਹੋ ਰਹੇ ਹਨ, ਜਿੰਨਾਂ ਰਾਹੀਂ ਇਹ ਸੱਚ ਸਾਹਮਣੇ ਆ ਰਿਹਾ ਹੈ ਕਿ ਕਿਤਾਬਾਂ ਮਨੁੱਖ ਨੂੰ ਨਾ ਸਿਰਫ ਰੋਗ-ਮੁਕਤ ਕਰਦੀਆਂ ਹਨ, ਬਲਕਿ ਗਿਆਨਵਾਨ ਵੀ ਬਣਾਉਂਦੀਆਂ ਹਨ। ਦੁਨੀਆ ਦੀ ਪ੍ਰਕਾਸ਼ਨ ਸੰਸਥਾ ‘ਗਲੈਕਸੀ ਕੁਇਕ ਰੀਡਜ਼’ ਨੇ ਲਿਵਰਪੂਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਰਵੇ ਕਰਵਾਇਆ, ਜਿਸ ਅਨੁਸਾਰ 57 ਫੀਸਦੀ ਪਾਠਕਾਂ ਨੇ ਇਹ ਮੰਨਿਆ ਕਿ ਸਾਹਿਤ ਅਧਿਐਨ ਦੁਆਰਾ ਉਹਨਾਂ ਦੀ ਜ਼ਿੰਦਗੀ ਵਿੱਚ ਉਸਾਰੂ ਬਦਲਾਓ ਆਇਆ ਹੈ। 68 ਫੀਸਦੀ ਲੋਕਾਂ ਨੇ ਇਹ ਮੰਨਿਆ ਕਿ ਕਿਤਾਬਾਂ ਰਾਹੀਂ ਆਪਣੇ ‘ਸੀਮਤ ਸੰਸਾਰ’ ‘ਚੋਂ ਬਾਹਰ ਨਿਕਲ ਕੇ, ਉਹ ਕਿੰਨੇ ਹੀ ਦੇਸ਼ਾਂ ਦੇਸ਼ਾਂਤਰਾਂ ਵਿਚ ਘੁੰਮ ਆਏ ਅਤੇ ਉਹਨਾਂ ਨੂੰ ਇਹ ਅਨੁਭਵ ਹੋਇਆ ਕਿ ਮਨੁੱਖ ਹਰ ਥਾਂ ‘ਤੇ ਇੱਕੋ ਜਿਹਾ ਦੁੱਖ ਸੁੱਖ ਭੋਗ ਰਿਹਾ ਹੈ। 73 ਫੀਸਦੀ ਲੋਕਾਂ ਨੇ ਮੰਨਿਆ ਕਿ ਪੜ੍ਹਨ ਦੇ ਨਾਲ ਉਹਨਾਂ ਦੀ ਸੋਚ ਅਤੇ ਸਿਹਤ ਵਿੱਚ ਵਡਮੁੱਲਾ ਸੁਧਾਰ ਹੋਇਆ ਹੈ, ਜਦਕਿ 65 ਫੀਸਦੀ ਲੋਕਾਂ ਦਾ ਇਹ ਕਹਿਣਾ ਸੀ ਕਿ ਜਦੋਂ ਉਹਨਾਂ ਦੀ ਮਨੋਦਿਸ਼ਾ ਢਹਿੰਦੀ ਕਲਾ ਵਿੱਚ ਸੀ, ਤਾਂ ਪੁਸਤਕ ਨੇ ਉਹਨਾਂ ਦੀ ਸੋਚ ਸਕਾਰਾਤਮ ਅਤੇ ਚੜ੍ਹਦੀ ਕਲਾ ਵਿੱਚ ਬਦਲ ਦਿੱਤੀ। ਅਜਿਹੇ ਸਰਵੇਖਣਾ ਤੋਂ ਸੱਚ ਸਾਬਤ ਹੁੰਦਾ ਹੈ ਕਿ ਕਿਤਾਬਾਂ ਮਨੁੱਖੀ ਮਨ ਦੀਆਂ ਖਿੜਕੀਆਂ ਹਨ, ਜਿੰਨਾ ਰਾਹੀਂ ਤਾਜ਼ਾ ਗਿਆਨ ਮਨੁੱਖ ਅੰਦਰ ਜਾਂਦਾ ਹੈ ਅਤੇ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ;
ਬਿਨਾਂ ਕਿਤਾਬੋਂ ਘੱਟ ਹੀ, ਹਾਸਲ ਹੋਏ ਗਿਆਨ।
ਘੁੱਪ ਹਨੇਰਾ ਹੋਏ ਜਿਓਂ, ਘਰ, ਬਿਨ ਰੌਸ਼ਨਦਾਨ।
ਕਿਤਾਬ ਦੀ ਮਹਾਨਤਾ ਤੋਂ ਜਾਣੂੰ ਹੋਣ ਦੇ ਬਾਵਜੂਦ ਪੰਜਾਬੀਆਂ ਅੰਦਰ ਕਿਤਾਬ ਸਭਿਆਚਾਰ ਅਜੇ ਤੱਕ ਮਜ਼ਬੂਤ ਨਹੀਂ ਹੋ ਸਕਿਆ, ਜਿਸ ਦਾ ਸਬੂਤ ਸਾਡੇ ਵੱਲੋਂ ਜੀਵਨ ਦੀਆਂ ਲੋੜਾਂ ਵਿੱਚ ਕਿਤਾਬ ਨੂੰ ਮੁੱਖ ਨਾ ਰੱਖਣਾ ਹੈ। ਇਸ ਦੀ ਮਿਸਾਲ ਇਥੋਂ ਮਿਲਦੀ ਹੈ ਕਿ ਅਸੀਂ ਖਰੀਦੋ ਫਰੋਖਤ ਵੇਲੇ, ਕਿਤਾਬ ਦੀ ਥਾਂ ਤੇ ਹੋਰਨਾਂ ਵਸਤੂਆਂ ਨੂੰ ਪਹਿਲ ਦਿੰਦੇ ਹਾਂ। ਢਾਈ ਦਹਾਕੇ ਪਹਿਲਾਂ ਵਾਪਰੀ ਇਕ ਘਟਨਾ ਅੱਜ ਪੂਰੀ ਤਰ੍ਹਾਂ ਚੇਤੇ ਹੈ, ਜਦੋਂ ਕੈਨੇਡਾ ਜਾਂਦਿਆਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਲੋੜੋਂ ਵੱਧ ਭਾਰ ਲਿਜਾ ਰਹੇ ਮੁਸਾਫਿਰਾਂ ਨੂੰ ਇਕ-ਇਕ ਕਰਕੇ ਰੋਕਿਆ ਜਾ ਰਿਹਾ ਸੀ। ਕਸਟਮ ਅਧਿਕਾਰੀਆਂ ਅਤੇ ਏਅਰ ਲਾਈਨਜ਼ ਸਟਾਫ਼ ਮੈਂਬਰਾਨ ਦੇ ਨਿਰਦੇਸ਼ ਅਨੁਸਾਰ ਸਮਾਨ ਨਿਸ਼ਚਿਤ ਵਜ਼ਨ ਤੋਂ ਵਧੇਰੇ ਹੋਣ ਦੀ ਸੂਰਤ ‘ਚ, ਹਜ਼ਾਰਾਂ ਰੁਪਏ ਦੇਣ ਦੀਆਂ ਸ਼ਰਤਾਂ ਸਨ। ਬੱਸ ਫੇਰ ਕੀ ਸੀ, ਜਿਵੇਂ ਏਅਰਪੋਰਟ ‘ਤੇ ‘ਮੋਤੀਆ ਬਾਜ਼ਾਰ’ ਹੀ ਲੱਗ ਗਿਆ ਹੋਵੇ। ਬਹੁਤ ਸਾਰੇ ਮੁਸਾਫਿਰ ਆਪਣੇ ਅਟੈਚੀ ਖੋਲ ਰਹੇ ਸਨ ਤੇ ਵਾਧੂ ਸਮਾਨ ਕੱਢ ਰਹੇ ਸਨ। ਹੈਰਾਨੀ ਇਸ ਗੱਲ ਦੀ ਸੀ ਕਿ ਹਰ ਕਿਸੇ ਦੇ ਬੈਗ ਕੱਪੜਿਆਂ ਨਾਲ ਤੁੰਨੇ ਹੋਏ ਸਨ। ਆਦਮੀਆਂ ਦੇ ਕੋਟ-ਪੈਂਟਾਂ ਸਣੇ, ਇਸਤਰੀਆਂ ਦੇ ਸੂਟਾਂ ਦੀ ਗਿਣਤੀ ਦਰਜਨਾਂ ਤੋਂ ਵੱਧ ਜਾਪ ਰਹੀ ਸੀ। ਵੱਡਾ ਦੁੱਖ ਇਸ ਗੱਲ ਦਾ ਸੀ ਕਿ ਇਕ-ਅੱਧੇ ਨੂੰ ਛੱਡ ਕੇ, ਕਿਸੇ ਦੇ ਸਮਾਨ ‘ਚ ‘ਕਿਤਾਬ’ ਨਾਂਅ ਦੀ ਸ਼ੈਅ ਸ਼ਾਮਿਲ ਨਹੀਂ ਸੀ। ਜੇਕਰ ਕਿਸੇ ਭਲੇ-ਪੁਰਖ ਨੇ ਜ਼ੋਰ ਪਾ ਕੇ, ਕੁਝ ਪੁਸਤਕਾਂ ਖ਼ਰੀਦੀਆਂ ਵੀ ਸਨ, ਤਾਂ ਸਮਾਨ ਵਧਣ ਦੀ ਸੂਰਤ ਵਿਚ, ਅਟੈਚੀਆਂ ‘ਚੋਂ ਬਾਹਰ ਕੱਢਣ ਦੇ ਲਈ ਕਿਤਾਬਾਂ ਦੀ ਹੀ ਚੋਣ ਹੇ ਰਹੀ ਸੀ। ਕਿਤਾਬਾਂ ਤੋਂ ਸੱਖਣੇ ਕੱਪੜਿਆਂ ਲੱਦੇ ਅਟੈਚੀ, ਗਿਆਨ ਵਿਹੂਣੇ ਲੋਕਾਂ ਦੀ ਮੂੰਹ ਬੋਲਦੀ ਤਸਵੀਰ ਜਾਪ ਰਹੇ ਸਨ।
ਕਿਤਾਬ ਮਨੁੱਖ ਦੀ ਸਭ ਤੋਂ ਮਹਾਨ ਸਰਮਾਇਆ ਹੈ ਅਤੇ ਗਿਆਨ ਨਾ- ਗੁਆਚਣ ਯੋਗ ਅਨਮੋਲ ਗਹਿਣਾ ਹੈ, ਪਰ ਪੰਜਾਬੀ ਕਿਤਾਬ ਅਤੇ ਗਿਆਨ ਤੋਂ ਵਿਹੂਣੇ ਹੁੰਦੇ ਜਾ ਰਹੇ ਹਨ। ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੀ ਗੱਲ ਵਿਸ਼ੇਸ਼ ਤੌਰ ‘ਤੇ ਕੀਤੀ ਜਾਵੇ, ਤਾਂ ਹਰ ਵਰ੍ਹੇ ਵੱਖ- ਵੱਖ ਦੇਸ਼ਾਂ ਤੋਂ ਪੰਜਾਬੀ ਵਤਨ ਆ ਕੇ, ਕੁਝ ਹਫ਼ਤਿਆਂ ਵਿੱਚ ਹੀ ਲੱਖਾਂ ਰੁਪਏ ਖਰਚਦੇ ਹਨ। ਪੰਜਾਬੀਆਂ ਦਾ ਝੁਰਮਟ ਲੀੜੇ- ਲੱਤਿਆਂ ਦੀ ਮੰਡੀ ‘ਚ ਤਾਂ ਠਾਠਾਂ ਮਾਰਦਾ ਨਜ਼ਰ ਆਵੇਗਾ, ਪਰ ਕਿਤਾਬਾਂ ਦੀਆਂ ਦੁਕਾਨਾਂ ‘ਤੇ ਕੋਈ ਵਿਰਲਾ ਹੀ ਪੰਜਾਬੀ ਬੱਚਿਆਂ ਨੂੰ ਲੈ ਕੇ ਪੁੱਜੇਗਾ। ਇਹੀ ਕਾਰਨ ਹੈ ਕਿ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਦੇ ਬੱਚੇ ਪੰਜਾਬ ਦੀ ਵਿਰਾਸਤ, ਭਾਸ਼ਾ ਤੇ ਇਤਿਹਾਸ ਦੇ ਗਿਆਨ ਤੋਂ ਸੱਖਣੇ ਰਹਿ ਜਾਂਦੇ ਹਨ।
ਸਮੱਸਿਆ ਦੇ ਹੱਲ ਲਈ ਕਾਰਨਾਂ ਦੀ ਪੜਚੋਲ ਜ਼ਰੂਰੀ ਹੁੰਦੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬੀ ਚਾਹੇ ਵਿਦੇਸ਼ਾਂ ‘ਚੋਂ ਆਉਣ ਜਾਂ ਪੰਜਾਬ ‘ਚ ਹੀ ਰਹਿੰਦੇ ਹੋਣ, ਉਨ੍ਹਾਂ ਦੇ ਘਰਾਂ ਅੰਦਰ ‘ਬੀਅਰ ਬਾਰ’ ਤਾਂ ‘ਆਮ’ ਮਿਲ ਜਾਵੇਗੀ, ਪਰ ‘ਲਾਇਬਰੇਰੀ’ ਕਿਸੇ ‘ਖਾਸ’ ਘਰ ਵਿਚ ਹੀ ਨਜ਼ਰ ਆਵੇਗੀ। ‘ਪਿਆਓ- ਪੀਓ ਐਸ਼ ਕਰੋ ਮਿੱਤਰੋ’ ਵਾਲਾ ਸੁਭਾਅ ਸਾਨੂੰ ਗੰਭੀਰਤਾ ਤੋਂ ਕੋਹਾਂ ਦੂਰ ਲਿਜਾ ਰਿਹਾ ਹੈ। ਹੋਰ ਫਿਕਰਮੰਦੀ ਦੀ ਗੱਲ ਬਾਜ਼ਾਰ ਦੀ ਇਸ਼ਤਿਹਾਰਬਾਜ਼ੀ ਦੀ ਵੀ ਹੈ। ਜਿੰਨਾ ਪ੍ਰਚਾਰ ਬਾਜ਼ਾਰ ‘ਚ ਸ਼ਰਾਬ ਦਾ ਹੋ ਰਿਹਾ ਹੈ, ਉਨਾਂ ਕਿਤਾਬਾਂ ਦਾ ਨਹੀਂ। ਪੰਜਾਬੀਆਂ ਦੀ ਮਾਨਸਿਕ ਦਿਵਾਲੀਏਪਣ ਦੀ ਨਿਸ਼ਾਨੀ ਹੈ ਕਿ ਉਹਨਾਂ ”ਘਰ ਦੀ ਸ਼ਰਾਬ ਹੋਵੇ” ਗਾਉਣ ਵਾਲੇ ਗਾਇਕ ਨੂੰ ਤਾਂ ਪੰਜਾਬ ਦਾ ਮਾਣ ਕਹਿ ਕੇ ਸਨਮਾਨਿਆ, ਪਰ ”ਹੱਥ ‘ਚ ਕਿਤਾਬ ਹੋਵੇ” ਗਾਉਣ ਵਾਲਿਆਂ ਨੂੰ ਕਦੇ ਸਨਮਾਨ ਤੇ ਬਣਦਾ ਸਥਾਨ ਨਹੀਂ ਦਿੱਤਾ। ਇਸੇ ਕਾਰਨ ਤਾਂ ਇਉਂ ਜਾਪਦਾ ਹੈ ;
ਬੌਧਿਕ ਗਿਆਨ ਵਧਾਉਣ ਨੂੰ, ਮਿਲਦੀ ਨਹੀਂ ਕਿਤਾਬ।
ਨਸ਼ਿਆਂ ਤਾਈਂ ਫੈਲਾਉਣ ਨੂੰ, ਘਰ ਘਰ ਮਿਲੇ ਸ਼ਰਾਬ।
‘ਪੁਸਤਕਾਂ ਸੱਭਿਆਚਾਰ’ ਨੂੰ ਪ੍ਰਫੁਲਿਤ ਕਰਨ ਲਈ ਭਾਸ਼ਾਈ ਅਦਾਰਿਆਂ ਨੂੰ ਸਰਗਰਮੀ ਵਿਖਾਉਣੀ ਹੋਵੇਗੀ। ਇਸ ਸੰਦਰਭ ਵਿੱਚ ਪੰਜਾਬ ਅੰਦਰ ਅਦਾਰਾ ਭਾਸ਼ਾ ਵਿਭਾਗ, ਪੰਜਾਬ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਮਿਸਾਲ ਵਜੋਂ ਪੰਜਾਬ ਦੇ ਹਰ ਜ਼ਿਲ੍ਹੇ ਅੰਦਰ ਭਾਸ਼ਾ ਮਹਿਕਮੇ ਦਾ ਦਫ਼ਤਰ ਹੈ ਤੇ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀ ਜ਼ਿੰਮੇਵਾਰੀ ਹੋਵੇ ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਹੋਰ ਜਨਤਕ ਥਾਂਵਾਂ ‘ਤੇ ਬੋਰਡ ਲਾ ਕੇ, ਚੰਗੀਆਂ ਪੁਸਤਕਾਂ ਖਰੀਦਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਪੰਜਾਬੀਆਂ ਦੀਆਂ ਲੋੜਾਂ ਮੁੱਖ ਰਖਦਿਆਂ ਜੇਕਰ ਇਹ ਅਦਾਰੇ ਸੇਵਾਵਾਂ ਦਾ ਪ੍ਰਬੰਧ ਕਰਨ, ਤਾਂ ਯਕੀਨਨ ਤੌਰ ‘ਤੇ ਪਾਠਕਾਂ ਦੀ ਗਿਣਤੀ ‘ਚ ਚੋਖਾ ਵਾਧਾ ਹੋਵੇਗਾ। ਵਿਦੇਸ਼ਾਂ ਵਿੱਚ ਵੀ ਵੱਧ ਤੋਂ ਵੱਧ ਕਿਤਾਬ ਘਰ ਸਥਾਪਿਤ ਕਰਨੇ ਚਾਹੀਦੇ ਹਨ ਜਿਵੇਂ ਕਿ ਨਵਨੀਤ ਕੌਰ ਨੇ ਪਿੱਛੇ ਜਿਹੇ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ ‘ਨਵ ਸਵੇਰ ਕਿਤਾਬ ਘਰ’ ਸਥਾਪਿਤ ਕਰਕੇ ਅਜਿਹਾ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸੇ ਤਰ੍ਹਾਂ ਸਰੀ ਵਿੱਚ ਖਾਲਸਾ ਲਾਇਬ੍ਰੇਰੀ ਅਤੇ ਟੋਰਾਂਟੋ, ਐਲਬਰਟਾ ਆਦਿ ਵਿੱਚ ਹੋਰ ਉਪਰਾਲੇ ਹੋਏ ਹਨ। ਅੱਜ ਪੰਜਾਬੀਆਂ ਨੂੰ ਹੋਰ ਬਾਜ਼ਾਰਾਂ ਨਾਲੋਂ ‘ਮੋਬਾਇਲ ਲਾਇਬਰੇਰੀ’ ਦੀ ਵੱਧ ਜ਼ਰੂਰਤ ਹੈ, ਤਾਂ ਕਿ ਅਗਲੀ ਪੀੜ੍ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮੂਲ ਭਾਵਨਾ ਤੋਂ ਜਾਣੂੰ ਹੋ ਸਕੇ। ਕਿਤਾਬਾਂ ਖਰੀਦਣ ਲਈ ਉਤਸ਼ਾਹ ਵਧਾਉਣ ਵਾਸਤੇ ਚੰਗੇ ‘ਪੈਕੇਜ’ ਬਣਾਏ ਜਾਣ, ਜਿਸ ਅਧੀਨ ਕੀਮਤੀ ਸਾਹਿਤਕ ਰਚਨਾਵਾਂ ਖਰੀਦਣ ‘ਤੇ ਕੁਝ ਗਿਆਨ-ਵਧਾਊ ਪੁਸਤਕਾਂ ਵੀ ਦਿੱਤੀਆਂ ਜਾਣ। ਪੁਸਤਕਾਂ ਵੱਧ ਤੋਂ ਵੱਧ ਵੰਡੀਆਂ ਜਾਣ, ਤਾਂ ਕਿ ਪਾਠਕ ਵਰਗ ਵਿਚ ਵਾਧਾ ਹੋ ਸਕੇ। ਪੰਜਾਬ ਅੰਦਰ ਜਿਹੜਾ ਜ਼ਿਲ੍ਹਾ, ਨਗਰ ਜਾਂ ਪਿੰਡ ਅਜਿਹਾ ਕਰਨ ਵਿਚ ਵਧੇਰੇ ਸਫ਼ਲ ਹੋਵੇ, ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ, ਤਾਂ ਕਿ ਹੋਰਨਾਂ ਅੰਦਰ ਵੀ ਅਜਿਹਾ ਚਾਅ ਪੈਦਾ ਕੀਤਾ ਜਾ ਸਕੇ। ਅਜਿਹਾ ਕਾਰਜ ਹੀ ਯੂਨੀਵਰਸਿਟੀਆਂ ਤੇ ਕਾਲਜ ਵੀ ਕਰ ਸਕਦੇ ਹਨ। ਕਿਤਾਬ ਵਰਗਾ ਤੋਹਫ਼ਾ ਹੋਰ ਕੋਈ ਨਹੀਂ ਹੋ ਸਕਦਾ। ਅਸੀਂ ਨਵੇਂ ਵਰ੍ਹੇ, ਜਨਮ ਦਿਨ, ਵਿਆਹ-ਸ਼ਾਦੀ, ਵਿਸ਼ੇਸ਼ ਦਿਹਾੜੇ ਅਤੇ ਸਨਮਾਨ ਆਦਿ ਮੌਕੇ ਖਾਣ – ਪੀਣ ਜਾਂ ਪਹਿਨਣ ਲਈ ਤਾਂ ਬਹੁਤ ਕੁਝ ਭੇਂਟ ਕਰਦੇ ਹਾਂ, ਪਰ ਪੜ੍ਹਨਯੋਗ ਭੇਟਾ ਵਿੱਚ ਹੱਥ ਤੰਗ ਰੱਖਦੇ ਹਾਂ, ਜਦ ਕਿ ਸਭ ਤੋਂ ਵੱਧ ਯਾਦਗਾਰੀ ਸੌਗਾਤ ਪੁਸਤਕ ਹੀ ਕਹੀ ਜਾ ਸਕਦੀ ਹੈ। ਆਪਣੇ ਜੀਵਨ ਸਫ਼ਰ ‘ਚ ਉਹ ਘੜੀ ਮੇਰੇ ਲਈ ਅਭੁੱਲ ਰਹੀ ਹੈ, ਜਦੋਂ ਵਿਆਹ ਮੌਕੇ ਅਨੇਕਾਂ ਪਿਆਰਿਆਂ ਦੇ ਵੱਖ-ਵੱਖ ਤੋਹਫ਼ਿਆਂ ਨਾਲੋਂ, ਬਲਜੀਤ ਦੀ ਭੇਂਟ ਕੀਤੀ ‘ਸ਼ਿਵ ਕੁਮਾਰ ਬਟਾਲਵੀਂ ਦੇ ਸੰਪੂਰਨ ਕਾਵਿ ਰਚਨਾ’ ਵਧੇਰੇ ਕੀਮਤੀ ਹੋ ਨਿਬੜੀ। ਕੈਨੇਡਾ ਰਵਾਨਾ ਹੋਣ ਵੇਲੇ ਬੈਗ ‘ਚ ਟਿਕਾਏ ਹੋਰ ਸਾਮਾਨ ਤੋਂ ਪਹਿਲਾਂ ਜਗ੍ਹਾ, ਉਸ ਕਿਤਾਬ ਦੀ ਹੀ ਸੀ। ਮਗਰੋਂ ਪੰਜਾਬ ਤੋਂ ਕੈਨੇਡਾ ਪਰਤਦਿਆਂ ਹਰ ਗੇੜ੍ਹੇ ਦਰਜਨਾਂ ਕਿਤਾਬਾਂ ਨਾਲ ਲਿਆਉਣ ਅਤੇ ਸੰਗੀਆਂ ਸਾਥੀਆਂ ਤੋਂ ਮੰਗਵਾਉਣ ਦੇ ਸੁਭਾਅ ਕਾਰਨ , ਪੰਜਾਬ ਵਾਂਗ ਕੈਨੇਡਾ ਵਿਚਲੇ ਘਰ ਅੰਦਰ ਹਜ਼ਾਰ ਤੋਂ ਵੱਧ ਕਿਤਾਬਾਂ ਦੀ ਲਾਇਬਰੇਰੀ ਸ਼ਿੰਗਾਰ ਬਣ ਚੁੱਕੀ ਹੈ। ਪੰਜਾਬੀ ਜੇ ਖ਼ਰੀਦੋ-ਫ਼ਰੋਖ਼ਤ ਕਰਦਿਆਂ, ਕਿਤਾਬਾਂ ਅਤੇ ਹੋਰ ਲੋੜੀਂਦੇ ਸਮਾਨ ਵਿਚਕਾਰ ਸੰਤੁਲਣ ਹੀ ਕਾਇਮ ਕਰ ਲੈਣ, ਤਾਂ ਵੀ ਗਿਆਨ ਦੀ ਲਹਿਰ ਪੈਦਾ ਹੋ ਸਕਦੀ ਹੈ। ਇਸ ਦਾ ਅਸਰ ਕਬੂਲਦਿਆਂ ਲੋਕਾਂ ਨੂੰ ਪੁਸਤਕਾਂ ਪੜ੍ਹਨ ਲਈ ਹਲੂਣਾ ਮਿਲੇਗਾ। ਜਿਸ ਦਿਨ ਪੰਜਾਬੀਆਂ ਅੰਦਰ ‘ਕਿਤਾਬ ਸੱਭਿਆਚਾਰ’ ਪੈਦਾ ਹੋ ਗਿਆ, ਉਸ ਦਿਨ ਗਿਆਨ ਦੇ ਸੂਰਜ ਦੇ ਮਘਣ ਨਾਲ, ਮਨ ਦਾ ਵਿਹੜਾ ਸਚਮੁੱਚ ਪ੍ਰਕਾਸ਼ਮਾਨ ਹੋ ਜਾਏਗਾ ਅਤੇ ਉਹ ਦਿਹਾੜਾ ਮਾਂ ਬੋਲੀ ਪੰਜਾਬੀ ਦਾ ਸੁਨਹਿਰੀ ਸਮਾਂ ਹੋਵੇਗਾ। ਆਓ! ਪੰਜਾਬੀਓ, ਨਵੇ ਵਰ੍ਹੇ ‘ਤੇ ਨਵਾਂ ਸੰਕਲਪ ਲੈ ਕੇ ਸ਼ਰਾਬ ਦਾ ਛੇਵਾਂ ਦਰਿਆ ਬੰਦ ਕਰਕੇ, ਕਿਤਾਬ ਦੇ ਗਿਆਨ ਰੂਪੀ ਦਰਿਆ ਦੇ ਵਹਿਣ ਦੇਸ਼-ਵਿਦੇਸ਼ਾਂ ‘ਚ ਵਹਾ ਦਈਏ। ਕਿਤਾਬ ਇਨਕਲਾਬ ਲਿਆਉਣ ਲਈ ਵਾਰ-ਵਾਰ ਆਪਣੇ ਆਪ ਨੂੰ ਇਸ ਸਵਾਲ ਕਰੀਏ ;
‘ਘਰ-ਘਰ ਅੰਦਰ ‘ਬਾਰ’ ਕਿਉਂ, ਕਿਸਮੋਂ-ਕਿਸਮ ਸ਼ਰਾਬ।
ਆਪਾਂ ਕੌਮ ਹਾਂ ਸ਼ਬਦ ਦੀ, ਕਿੱਥੇ ਗਈ ਕਿਤਾਬ ?’
ਇਹ ਸੌ ਫੀਸਦੀ ਸਹੀ ਹੈ ਕਿ ਅਸੀਂ ਸ਼ਬਦ ਦੀ ਕੌਮ ਹਾਂ। ਅਸੀਂ ਵਡਭਾਗੇ ਹਾਂ ਕਿ ਸਾਨੂੰ ਗੁਰੂ ਸਾਹਿਬਾਨ ਨੇ ਸ਼ਬਦ ਨਾਲ ਜੋੜਿਆ ਹੈ। ਗੁਰੂ ਗ੍ਰੰਥ ਸਾਹਿਬ, ਮਨੁੱਖ ਦੇ ਜੀਵਨ ਦਾ ਰੂਹਾਨੀ ਮਕਸਦ ਬਿਆਨਦੇ ਹੋਇਆਂ, ਸਾਨੂੰ ਸੱਚ ਹੱਕ ਅਤੇ ਇਨਸਾਫ ਦਾ ਸਬਕ ਸਿਖਾਉਂਦੇ ਹਨ। ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਆਸਾ ਮਹਲਾ ਪਹਿਲਾ ਚਉਪਦੇ॥ ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ (ਗੁਰੂ ਗ੍ਰੰਥ ਸਾਹਿਬ, ਅੰਗ 356) ਭਾਵ ਵਿਦਿਆ ਪ੍ਰਾਪਤ ਕਰ ਕੇ ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ, ਤਾਂ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ। ਪੜ੍ਹਾਈ ਕਰਨੀ ਤਾਂ ਹੀ ਸਫ਼ਲ ਹੈ, ਜੇਕਰ ਪੜ੍ਹਾਈ ਕਰਨ ਨਾਲ ਜੀਵਨ ਅੰਦਰ ਪਰਉਪਕਾਰ ਪੈਦਾ ਹੋਵੇ। ਇਉਂ ਹੀ ਗੁਰੂ ਅੰਗਦ ਸਾਹਿਬ ਦਾ ਫੁਰਮਾਨ ਹੈ, ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥ (ਸਲੋਕ ਮਚ ਦੂਜਾ, ਗੁਰੂ ਗ੍ਰੰਥ ਸਾਹਿਬ ਅੰਗ : 146) ਭਾਵ ਸੱਤ ਪਹਰ ਭਲਾ ਆਚਰਨ ਬਣਾੳਣ ਲਈ, ਪੜ੍ਹਿਆਂ -ਲਿਖਿਆਂ ਭਾਵ ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵਿਦਿਆ ਦੀ ਮਹਾਨਤਾ ਨੂੰ ਵਿਚਾਰਿਆ ਹੈ। ਇੱਥੇ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ, ਪੜ੍ਹਾਈ ਦਾ ਉਹ ਰੂਪ ਜਿਹੜਾ ਲਭ, ਲੋਭ ਅਤੇ ਹੰਕਾਰ ਨੂੰ ਜਨਮ ਦਿੰਦਾ ਹੈ, ਉਸ ਦਾ ਗੁਰਬਾਣੀ ਨੇ ਖੰਡਨ ਕੀਤਾ ਹੈ। ”ਪੜਿਆ ਮੂਰਖੁ ਆਖੀਐ, ਜਿਸੁ ਲਬੁ ਲੋਭੁ ਅਹੰਕਾਰਾ॥” (ਗੁਰੂ ਗ੍ਰੰਥ ਸਾਹਿਬ, ਅੰਗ 140) ਇਸ ਤਰ੍ਹਾਂ ਹੀ ”ਲਿਖਿ ਲਿਖਿ ਪੜਿਆ॥ ਤੇਤਾ ਕੜਿਆ॥” (ਅੰਗ 467) ਜਾਂ ”ਪੜਿਆ ਹੋਵੈ ਗੁਨਹਾਗਾਰੁ, ਤਾ ਓਮੀ ਸਾਧੁ ਨ ਮਾਰੀਐ॥” (ਗੁਰੂ ਗ੍ਰੰਥ ਸਾਹਿਬ, ਅੰਗ 469) ”ਪੜਿ ਪੜਿ ਲੂਝਹਿ ਬਾਦੁ ਵਖਾਣਹਿ, ਮਿਲਿ ਮਾਇਆ ਸੁਰਤਿ ਗਵਾਈ॥” (ਗੁਰੂ ਗ੍ਰੰਥ ਸਾਹਿਬ ਅੰਗ :1131)
‘ਆਸਾ ਕੀ ਵਾਰ’ ਵਿਚਲੇ ਸਲੋਕ, ਸਲੋਕੁ ਮਚ ਪਹਿਲਾ ॥
”ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥”
(ਗੁਰੂ ਗ੍ਰੰਥ ਸਾਹਿਬ, ਅੰਗ 467)
ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ, ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ, ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ-ਪੜ੍ਹ ਕੇ ਸਾਲ ਦੇ ਸਾਰੇ ਮਹੀਨੇ ਬਿਤਾ ਦਿੱਤੇ ਜਾਣ; ਜੇ ਪੁਸਤਕਾਂ ਪੜ੍ਹ-ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ-ਪੜ੍ਹ ਕੇ ਚਾਹੇ ਕੋਈ ਮਨੁੱਖ ਜੀਵਨ ਦੇ ਸਾਰੇ ਸੁਆਸ ਹੀ ਪੜ੍ਹਾਈ ‘ਤੇ ਲਗਾ ਦੇਵੇ। ਇੱਥੇ ਗੁਰੂ ਸਾਹਿਬ ਚੇਤਾਵਨੀ ਦੇ ਰਹੇ ਹਨ ”ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ॥” ਭਾਵ ਹੇ ਮਨੁੱਖ! ਤੂੰ ਪੜ੍ਹਾਈ ਤਾਂ ਕੀਤੀ, ਪਰ ਪੜ੍ਹਾਈ ਦੇ ਅਸਲ ਮਕਸਦ ਤੋਂ ਅਣਜਾਣ ਹੋਣ ਕਾਰਨ ਤੂੰ ਆਪਣੇ ਜੀਵਨ ‘ਚ ਹਉਮੈ-ਵਿਕਾਰਾਂ ਨੂੰ ਹੀ ਪੱਠੇ ਪਾਏ ਤੇ ਝੱਖ ਹੀ ਮਾਰੀ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਪੜ੍ਹਾਈ ਦਾ ਖੰਡਨ ਨਹੀਂ ਕਰ ਰਹੇ, ਬਲਕਿ ਪੜ੍ਹਾਈ ਦੇ ਸੱਚੇ ਸੁੱਚੇ ਇਲਾਹੀ ਮਕਸਦ ਤੋਂ ਬੇਮੁਖ ਵਿਅਕਤੀ ਨੂੰ ਸੇਧ ਰਹੇ ਹਨ। ਮੁਕਦੀ ਗੱਲ, ਨਵੇੰ ਵਰੇ ਦੀਆਂ ਬਰੂਹਾਂ ‘ਤੇ ਖੜ ਕੇ ਜੇਕਰ ਗੁਰਬਾਣੀ ਦਾ ਇਹ ਸ਼ਬਦ ਅਸੀਂ ਆਤਮਸਾਤ ਕਰ ਲਈਏ, ਤਾਂ ਜੀਵਨ ਬਦਲ ਜਾਏਗਾ :
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
( ਗੁਰੂ ਗ੍ਰੰਥ ਸਾਹਿਬ, ਅੰਗ : 356)
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਸਫੋਰਡ, ਕੈਨੇਡਾ
Check Also
‘ਕੂਕ ਫ਼ਕੀਰਾ ਕੂਕ ਤੂੰ’ ਵਿਚ ਸੁਣਾਈ ਦਿੰਦੀ ਏ ਮਲੂਕ ਕਾਹਲੋਂ ਦੀ ਹੂਕ
ਡਾ. ਸੁਖਦੇਵ ਸਿੰਘ ਝੰਡ ਮਲੂਕ ਸਿੰਘ ਕਾਹਲੋਂ ਇੱਕ ਸੰਵੇਦਨਸ਼ੀਲ ਵਿਅੱਕਤੀ ਹੈ ਅਤੇ ਲਿਖਣ ਸਮੇਂ ਉਹ …