Breaking News
Home / ਭਾਰਤ / ਨਰਿੰਦਰ ਮੋਦੀ ਨੇ 5 ਸਾਲ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਿਹਾ ਸੀ

ਨਰਿੰਦਰ ਮੋਦੀ ਨੇ 5 ਸਾਲ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਿਹਾ ਸੀ

ਕਿਸਾਨਾਂ ਦੀ ਆਮਦਨ ਦੁੱਗਣੀ ਹੋਣਾ ਤਾਂ ਦੂਰ ਦੀ ਗੱਲ ਦੋ ਸਾਲ ‘ਚ ਰਿਪੋਰਟ ਹੀ ਅਧੂਰੀ
ਨਵੀਂ ਦਿੱਲੀ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਜਦੋਂ ਆਪਣਾ ਆਖਰੀ ਬਜਟ ਪੇਸ਼ ਕਰੇਗੀ ਤਾਂ ਉਸ ਦੇ ਫੋਕਸ ‘ਚ ਇਕ ਵਾਰ ਫਿਰ ਤੋਂ ਭਾਰਤ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਕਿਸਾਨ ਹੀ ਹੋਣਗੇ ਪ੍ਰੰਤੂ ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਮਹੱਤਵਪੂਰਨ ਐਲਾਨ ਯਾਨੀ ਕਿ ਕਿਸਾਨਾਂ ਦੀ ਆਮਦਨ ਪੰਜ ਸਾਲਾਂ ‘ਚ ਦੁੱਗਣੀ ਕਰਨ ਦੀ ਯੋਜਨਾ ਦਾ ਕਿਤੇ ਅਤਾ-ਪਤਾ ਨਹੀਂ ਲੱਗ ਰਿਹਾ। ਪ੍ਰਧਾਨ ਮੰਤਰੀ ਨੇ ਫਰਵਰੀ 2016 ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਪ੍ਰਣਾਲੀ ਵਿਕਸਤ ਕਰਨ ਦੀ ਗੱਲ ਕਹੀ ਸੀ। ਉਸ ਦੇ ਤੁਰੰਤ ਬਾਅਦ ਡਬਲਿੰਗ ਫਾਰਮਰਜ਼ ਇਨਕਮ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਨੈਸ਼ਨਲ ਰੇਨਫੇਡ ਏਰੀਆ ਅਥਾਰਟੀ ਐਨ ਆਰ ਏਏ ਦੇ ਸੀਈਓ ਅਸ਼ੋਕ ਦਲਵਈ ਦੀ ਪ੍ਰਧਾਨਗੀ ‘ਚ ਬਣੀ ਇਸ ਕਮੇਟੀ ‘ਚ 100 ਤੋਂ ਜ਼ਿਆਦਾ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ। ਪ੍ਰੰਤੂ ਹਾਲ ਇਹ ਹੈ ਕਿ ਗਠਨ ਦੇ ਦੋ ਸਾਲ ਬੀਤ ਜਾਣ ਮਗਰੋਂ ਵੀ ਕਮੇਟੀ ਅੱਧੀ ਰਿਪੋਰਟ ਹੀ ਤਿਆਰ ਕਰ ਸਕੀ ਹੈ। ਕਮੇਟੀ ਦੇ ਕੰਮ ‘ਤੇ ਨਜ਼ਰ ਮਾਰੀਏ ਤਾਂ ਕਮੇਟੀ ਨੇ ਕੁਲ 14 ਅਧਿਆਇਆਂ ‘ਚ ਆਪਣੀ ਰਿਪੋਰਟ ਬਣਾਉਣ ਦਾ ਖਾਕਾ ਤਿਆਰ ਕੀਤਾ ਹੈ। ਇਹ ਖਬਰ ਲਿਖੇ ਜਾਣ ਤੱਕ ਕਮੇਟੀ ਨੇ ਰਿਪੋਰਟ ਦੇ ਅੱਠ ਅਧਿਆਏ ਤਿਆਰ ਕਰ ਲਏ ਹਨ। ਆਮਦਨ ਦੁੱਗਣੀ ਕਰਨ ਲਈ ਕੀਤੀ ਜਾਣ ਵਾਲੀਆਂ ਸਿਫ਼ਾਰਸ਼ਾਂ ਵਾਲਾ ਅਧਿਆਏ ਵੀ ਉਨ੍ਹਾਂ ਅਧਿਆਇਆਂ ‘ਚ ਸ਼ਾਮਲ ਹੈ ਜੋ ਹੁਣ ਤੱਕ ਤਿਆਰ ਨਹੀਂ ਕੀਤੇ ਗਏ।
ਹਰ ਕਿਸਾਨ ‘ਤੇ ਹੈ 47000 ਦਾ ਕਰਜ਼
ਦੇਸ਼ ‘ਚ ਕਿਸਾਨ ਪਰਿਵਾਰਾਂ ਦੀ ਗਿਣਤੀ ਦੇਖੀਏ ਤਾਂ ਇਹ 9 ਕਰੋੜ ਤੋਂ ਜ਼ਿਆਦਾ ਹੈ। ਸਰਕਾਰ ਨੇ ਰਾਜ ਸਭਾ ਨੂੰ ਦਿੱਤੀ ਜਾਣਕਾਰੀ ‘ਚ ਦੱਸਿਆ ਕਿ ਇਨ੍ਹਾਂ ‘ਚ 52 ਫੀਸਦੀ ਕਿਸਾਨ ਕਰਜ਼ ਹੇਠ ਦਬੇ ਹੋਏ ਹਨ। ਦੇਸ਼ ਦੇ ਕਿਸਾਨ ਪਰਿਵਾਰਾਂ ‘ਤੇ ਔਸਤਨ ਪ੍ਰਤੀ ਪਰਿਵਾਰ 47000 ਰੁਪਏ ਦਾ ਕਰਜ਼ ਹੈ। ਸਭ ਤੋਂ ਜ਼ਿਆਦਾ ਕਰਜ਼ ‘ਚ ਦੱਖਣੀ ਭਾਰਤੀ ਰਾਜਾਂ ਦੇ ਕਿਸਾਨ ਸ਼ਾਮਲ ਹਨ। ਆਂਧਰਾ ਪ੍ਰਦੇਸ਼ 93 ਫੀਸਦੀ, ਤੇਲੰਗਾਨਾ 89 ਫੀਸਦੀ, ਤਾਮਿਲਨਾਡੂ 82 ਫੀਸਦੀ, ਕਰਨਾਟਕ ਅਤੇ ਕਰੇਲ ਦੇ 77 ਫੀਸਦੀ ਕਿਸਾਨ ਪਰਿਵਾਰ ਕਰਜ਼ ਦੇ ਜਾਲ ‘ਚ ਫਸੇ ਹੋਏ ਹਨ। ਰਾਜਸਥਾਨ ‘ਚ 61.8 ਫੀਸਦੀ, ਮਹਾਰਾਸ਼ਟਰ ‘ਚ 57 ਫੀਸਦੀ ਅਤੇ ਮੱਧ ਪ੍ਰਦੇਸ਼ ‘ਚ 45.7 ਫੀਸਦੀ ਕਿਸਾਨ ਕਰਜ਼ ਹੇਠ ਦਬੇ ਹੋਏ ਹਨ ਜਦਕਿ ਪੰਜਾਬ ‘ਚ 53.2 ਫੀਸਦੀ ਕਿਸਾਨ ਕਰਜ਼ੇ ਦੀ ਮਾਰ ਹੇਠ ਹਨ।
ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ : ਰਾਸ਼ਟਰਪਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੋਮਵਾਰ ਨੂੰ ਬਜਟ ਸੈਸ਼ਨ ਦੀ ਸ਼ੁਰੂਆਤ ਮੌਕੇ ਕਿਹਾ ਕਿ ਸਰਕਾਰ ਮਹਿੰਗਾਈ ਅਤੇ ਵਿੱਤੀ ਘਾਟੇ ਨੂੰ ਕਾਬੂ ਕਰਨ ਦੇ ਸਮਰੱਥ ਹੈ ਅਤੇ ਇਹ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ‘ਤੇ ਕੰਮ ਕਰੇਗੀ। ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਵਿਚ ਆਪਣੇ ਪਹਿਲੇ ਭਾਸ਼ਣ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਅਰਥ ਵਿਵਸਥਾ ਵਿਚ ਮੰਦੀ ਦੀ ਬਾਵਜੂਦ ਦੇਸ਼ ਆਰਥਿਕ ਵਿਕਾਸ ਪ੍ਰਾਪਤ ਕਰਨ ਦੇ ਸਮਰੱਥ ਹੈ। ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕੋਵਿੰਦ ਨੇ ਕਿਹਾ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 410 ਅਰਬ ਡਾਲਰ ਤੋਂ ਪਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਪ੍ਰਤੀ ਵਚਨਬੱਧ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਪੂਰਾ ਮੁੱਲ ਮਿਲਣ ਨੂੰ ਯਕੀਨੀ ਬਣਾਉਣ ਲਈ ਖੇਤੀ ਮੰਡੀਆਂ ਨੂੰ ਆਨਲਾਈਨ ਨਾਲ ਜੋੜਿਆ ਜਾ ਰਿਹਾ ਹੈ। ਹੁਣ ਤਕ ਈ-ਨਾਮ ਪੋਰਟਲ ਰਾਹੀਂ ਲਗਪਗ 36000 ਕਰੋੜ ਰੁਪਏ ਮੁੱਲ ਦੀਆਂ ਖੇਤੀ ਵਸਤਾਂ ਦਾ ਵਪਾਰ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਸਰਕਾਰ ਦੀਆਂ ਪਿੰਡਾਂ ਵਿਚ ਮਕਾਨ ਉਸਾਰਨ, ਸਿਹਤ ਸੰਭਾਲ, ਸਿੱਖਿਆ, ਖੇਡਾਂ ਅਤੇ ਹੁਨਰ ਵਿਕਾਸ ਵਿਚ ਵੱਖ-ਵੱਖ ਯੋਜਨਾਵਾਂ ਦਾ ਜ਼ਿਕਰ ਕੀਤਾ।
ਦੇਸ਼ ਦੀ ਆਰਥਿਕ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਮਹਿੰਗਾਈ, ਚਾਲੂ ਵਿੱਤੀ ਘਾਟਾ ਅਤੇ ਵਿੱਤੀ ਘਾਟਾ ਔਸਤਨ ਘਟਿਆ ਹੈ। ਰਾਸ਼ਟਰਪਤੀ ਨੇ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਵਿਦੇਸ਼ੀ ਨਿਵੇਸ਼ ਇਸ ਸਮੇਂ ਦੌਰਾਨ 36 ਅਰਬ ਡਾਲਰ ਤੋਂ ਵਧ ਕੇ 60 ਅਰਬ ਡਾਲਰ ਹੋ ਗਿਆ ਹੈ।

Check Also

ਚਾਰ ਧਾਮ ਯਾਤਰਾ ਲਈ ਹੁਣ ਚਾਰਟਰਡ ਹੈਲੀਕਾਪਟਰ ਕਰਵਾਇਆ ਜਾ ਸਕੇਗਾ ਬੁੱਕ

ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …