Breaking News
Home / ਪੰਜਾਬ / ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਖੀਰਨੀਆਂ ‘ਆਪ’ ਵਿੱਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਖੀਰਨੀਆਂ ‘ਆਪ’ ਵਿੱਚ ਸ਼ਾਮਲ

ਭਗਵੰਤ ਮਾਨ ਨੇ ਖੀਰਨੀਆਂ ਦਾ ਕੀਤਾ ਸਵਾਗਤ
ਚੰਡੀਗੜ੍ਹ : ਸਮਰਾਲਾ ਤੋਂ ਸਾਬਕਾ ਵਿਧਾਇਕ ਅਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਜਗਜੀਵਨ ਸਿੰਘ ਖੀਰਨੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੇ ਸੈਂਕੜੇ ਸਮਰਥਕਾਂ ਨਾਲ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ।
ਇਸੇ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।
ਉਨ੍ਹਾਂ ਦਾ ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ।
ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਵਿਅਕਤੀ ‘ਆਪ’ ਨਾਲ ਜੁੜ ਰਹੇ ਹਨ।
ਉਨ੍ਹਾਂ ਕਿਹਾ ਕਿ ਜਗਜੀਵਨ ਸਿੰਘ ਖੀਰਨੀਆਂ ਧਰਤੀ ਨਾਲ ਜੁੜੇ ਹੋਏ ਆਗੂ ਹਨ, ਜਿਨ੍ਹਾਂ ਦਾ ਪਰਿਵਾਰ ਸਮਰਾਲਾ ਹਲਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹੈ। ਜਗਜੀਵਨ ਸਿੰਘ ਦੇ ਪਿਤਾ ਮਰਹੂਮ ਜਥੇਦਾਰ ਕਿਰਪਾਲ ਸਿੰਘ ਖੀਰਨੀਆਂ ਨੇ ਪੰਜਾਬ ਵਿੱਚ ਨਿਸ਼ਕਾਮ ਪੰਥਕ ਆਗੂ ਵਜੋਂ ਨਾਮਣਾ ਖੱਟਿਆ ਹੈ। ਇਸੇ ਤਰ੍ਹਾਂ ਭਗਵੰਤ ਮਾਨ ਨੇ ਲੁਧਿਆਣਾ ਦੱਖਣੀ ਦੇ ਨਾਮਵਰ ਆਗੂ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਣਜੀਤ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਰਣਜੀਤ ਸਿੰਘ ਧਾਰਮਿਕ ਖੇਤਰ ਵਿੱਚ ਵੀ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਖੀਰਨੀਆਂ ਨੇ ਕਿਹਾ ਕਿ ਉਹ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਸੰਪਰਕ ਕਰਨਗੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕੰਮ ਕਰਨਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਖ਼ਜ਼ਾਨਚੀ ਨੀਨਾ ਮਿੱਤਲ ਵੀ ਹਾਜ਼ਰ ਸਨ।
ਵਾਅਦੇ ਪੂਰੇ ਕਰਨ ‘ਚ ਨਾਕਾਮ ਰਹੀ ਕੈਪਟਨ ਸਰਕਾਰ : ਭਗਵੰਤ ਮਾਨ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਤੇ ‘ਆਪ’ ਦੇ ਦਿੱਲੀ ਤੋਂ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣਾ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਕਰੋਨਾ ਮਹਾਮਾਰੀ ਕਾਰਨ ਲੋਕ ਮਰ ਰਹੇ ਹਨ ਪਰ ਪੰਜਾਬ ਦੇ ਵਿਧਾਇਕ ਲੋਕਾਂ ਦੀ ਥਾਂ ਕੁਰਸੀਆਂ ਬਚਾਉਣ ਲਈ ਦਿੱਲੀ ਬੈਠੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ 17 ਜ਼ਿਲ੍ਹਿਆ ‘ਚ ਆਈਸੀਯੂ ਬੈੱਡ ਨਹੀਂ ਹਨ, ਜਿਸ ਕਰਕੇ ਲੋਕਾਂ ਨੂੰ ਨਿੱਜੀ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਮਾਨ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਸਿਹਤ ਸਹੂਲਤਾਂ ‘ਚ ਸੁਧਾਰ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਹਾਈਕਮਾਨ ਦੇ ਨਾਲ ਪ੍ਰਧਾਨ ਮੰਤਰੀ ਕੋਲ ਜਾਣਾ ਚਾਹੀਦਾ ਸੀ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …