ਕਿਸੇ ਵੀ ਵਿਅਕਤੀ ਦੇ ਸੂਬੇ ਵਿਚ ਆਉਣ-ਜਾਣ ‘ਤੇ ਰੋਕ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ 1 ਜੁਲਾਈ, 2020 ਤੋਂ 30 ਜੁਲਾਈ, 2020 ਤੱਕ ‘ਅਨਲਾਕ 2’ ਨੂੰ ਖੋਲ੍ਹਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਇਲਾਕਿਆਂ ਵਿਚ ਸੁਚੱਜੇ ਤਰੀਕੇ ਨਾਲ ਹੋਰ ਗਤੀਵਿਧੀਆਂ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਸਥਾਰਤ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਸਰਕਾਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਲੋੜ ਪੈਣ ‘ਤੇ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿਚ ਅਜਿਹੀਆਂ ਪਾਬੰਦੀਆਂ ਲਗਾਉਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ, ਗੁਆਂਢੀ ਦੇਸ਼ਾਂ ਨਾਲ ਸੰਧੀਆਂ ਦੇ ਤਹਿਤ ਸਰਹੱਦੀ ਵਪਾਰ ਵਿਚ ਸ਼ਾਮਲ ਵਿਅਕਤੀਆਂ ਅਤੇ ਚੀਜ਼ਾਂ ਦੀ ਅੰਤਰਰਾਜੀ ਅਤੇ ਸੂਬੇ ਅੰਦਰਲੀ ਆਵਾਜਾਈ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਲਈ ਕਿਸੇ ਵੱਖਰੀ ਆਗਿਆ, ਪ੍ਰਵਾਨਗੀ ਤੇ ਈ-ਪਰਮਿਟ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਸਕੂਲ, ਕਾਲਜ, ਵਿੱਦਿਅਕ ਅਤੇ ਕੋਚਿੰਗ ਸੰਸਥਾਵਾਂ 31 ਜੁਲਾਈ, 2020 ਤੱਕ ਬੰਦ ਰਹਿਣਗੀਆਂ। ਆਨਲਾਈਨ ਤੇ ਡਿਸਟੈਂਸ ਲਰਨਿੰਗ ਦੀ ਆਗਿਆ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਕੇਂਦਰ ਅਤੇ ਰਾਜ ਸਰਕਾਰਾਂ ਦੇ ਸਿਖਲਾਈ ਅਦਾਰਿਆਂ ਨੂੰ 15 ਜੁਲਾਈ ਤੋਂ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ, ਜਿਸ ਲਈ ਭਾਰਤ ਸਰਕਾਰ ਦੇ ਅਮਲੇ ਅਤੇ ਸਿਖਲਾਈ ਵਿਭਾਗ (ਡੀ.ਓ.ਪੀ.ਟੀ.) ਦੁਆਰਾ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐਸ.ਓ.ਪੀ.) ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਚ ਜਿਨ੍ਹਾਂ ਦੀ ਆਗਿਆ ਨਹੀਂ ਹੈ ਉਨ੍ਹਾਂ ਵਿਚ ਮੈਟਰੋ ਰੇਲ, ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਸਮਾਨ ਥਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਵਿਭਾਗ ਤੋਂ ਬਿਨਾਂ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਵੀ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਸਮਾਜਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਅਕਾਦਮਿਕ, ਸੱਭਿਆਚਾਰਕ ਤੇ ਧਾਰਮਿਕ ਕਾਰਜਾਂ ਅਤੇ ਹੋਰ ਵੱਡੇ ਇਕੱਠਾਂ ‘ਤੇ ਵੀ ਪਾਬੰਦੀ ਰਹੇਗੀ। ਹੋਰ ਸਾਰੀਆਂ ਗਤੀਵਿਧੀਆਂ ਦੀ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿਚ ਆਜ਼ਾਦੀ ਹੋਵੇਗੀ। ਬੁਲਾਰੇ ਨੇ ਦੱਸਿਆ ਕਿ ਤਾਲਾਬੰਦੀ 31 ਜੁਲਾਈ ਤੱਕ ਕੰਟੇਨਮੈਂਟ ਜ਼ੋਨਾਂ ਵਿਚ ਲਾਗੂ ਰਹੇਗੀ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮ. ਐਚ. ਐਫ. ਡਬਲਯੂ.) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜਿਹੇ ਜ਼ੋਨਾਂ ਨੂੰ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਰੇ ਗੈਰ ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੀ ਆਵਾਜਾਈ ਦੀ ਰਾਜ ਭਰ ਵਿਚ ਰਾਤ 10.00 ਵਜੇ ਤੋਂ ਸਵੇਰੇ 5.00 ਵਜੇ ਤੱਕ ਰੋਕ ਰਹੇਗੀ। ਉਨ੍ਹਾਂ ਦੱਸਿਆ ਕਿ ਪੂਜਾ ਸਥਾਨ ਤੇ ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਪੂਜਾ ਦੇ ਸਮੇਂ ਵੱਧ ਤੋਂ ਵੱਧ ਵਿਅਕਤੀਆਂ ਦੀ ਗਿਣਤੀ 20 ਤੋਂ ਵੱਧ ਨਹੀਂ ਹੋਣੀ ਚਾਹੀਦੀ।
ਵਿਦਿਆਰਥਣ ਨੇ ਕੈਪਟਨ ਨੂੰ ਅਗਲੇ ਸਾਲ ਤੱਕ ਸਕੂਲ ਬੰਦ ਰੱਖਣ ਦੀ ਕੀਤੀ ਅਪੀਲ
ਮੈਂ ਵੀ ਛੋਟੇ ਹੁੰਦਿਆਂ ਅਜਿਹਾ ਹੀ ਸੋਚਦਾ ਸੀ, ਪਰ ਪੜ੍ਹਾਈ ਕਰਕੇ ਹੀ ਕੁਝ ਬਣਿਆ ਜਾ ਸਕਦਾ : ਕੈਪਟਨ ਅਮਰਿੰਦਰ
ਅੰਮ੍ਰਿਤਸਰ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸ ਬੁੱਕ ਲਾਈਵ ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਵਾਸੀਆਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਸਿਹਤ ਮਾਹਿਰਾਂ ਵੱਲੋਂ ਪੰਜਾਬ ਵਿਚ ਮਹਾਮਾਰੀ ਦੇ ਸਿਖਰ ਦਾ ਸਮਾਂ ਅਜੇ ਆਉਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ, ਇਸ ਲਈ ਸੂਬੇ ਵਿਚ ਢਿੱਲ ਨਹੀਂ ਹੋ ਸਕਦੀ। ਅੰਮ੍ਰਿਤਸਰ ਦੀ ਸਕੂਲ ਵਿਚ ਪੜ੍ਹਦੀ ਇਕ ਵਿਦਿਆਰਥਣ ਸ਼ਾਲੂ ਅਰੋੜਾ ਵੱਲੋਂ ਸਕੂਲਾਂ ਨੂੰ ਅਗਲੇ ਸਾਲ ਤੱਕ ਬੰਦ ਕਰਨ ਦੇ ਨਾਲ-ਨਾਲ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਨਲਾਈਨ ਕਲਾਸਾਂ ਬੰਦ ਕਰਵਾਉਣ ਦੀ ਅਪੀਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਹੱਸਦੇ ਹੋਏ ਕਿਹਾ ਕਿ ਜਦੋਂ ਉਹ ਛੋਟੇ ਸਨ ਤਾਂ ਉਹ ਵੀ ਸੋਚਦੇ ਸਨ ਕਿ ਸਕੂਲ ਬੰਦ ਹੋ ਜਾਣੇ ਚਾਹੀਦੇ ਹਨ ਪਰ ਪੜ੍ਹਾਈ ਕਰ ਕੇ ਹੀ ਕੁਝ ਬਣਿਆ ਜਾ ਸਕਦਾ ਹੈ। ਇਸ ਲਈ ਪੜ੍ਹਾਈ ਜ਼ਰੁਰੀ ਹੈ। ਉਨ੍ਹਾਂ ਕਿਹਾ ਕਿ ਛੁੱਟੀਆਂ ਪਹਿਲਾਂ ਹੀ ਤਾਲਾਬੰਦੀ ਸਮੇਂ ਵਿਚ ਐਡਜਸਟ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਹੁਣ ਹੋਰ ਛੁੱਟੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਅੱਜ ਦੇ ਬੇਹੱਦ ਸਖ਼ਤ ਮੁਕਾਬਲੇ ਦੇ ਯੁੱਗ ਵਿਚ ਨਿਰੰਤਰ ਸਿੱਖਿਆ ਦੀ ਲੋੜ ਹੈ ਤੇ ਉਹ ਚਾਹੁੰਦੇ ਹਨ ਕਿ ਹਰ ਪੰਜਾਬੀ ਬੱਚਾ ਵਧੀਆ ਸਿੱਖਿਆ ਹਾਸਲ ਕਰੇ। ਇਸ ਲਈ ਮੌਜੂਦਾ ਸੰਕਟ ਹੱਲ ਹੋਣ ਮਗਰੋਂ ਸਕੂਲ ਮੁੜ ਖੋਲ੍ਹੇ ਜਾਣਗੇ।
ਸ਼ਹਿਰ ਵਾਸੀ ਵਿਕਰਮ ਕੁਮਾਰ ਵੱਲੋਂ ਜਿਮ ਖੋਲ੍ਹਣ ਦੀ ਅਪੀਲ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਕੇਂਦਰ ਸਰਕਾਰ ਦੇ ਹੱਥ ਵਿਚ ਹੈ ਕਿਉਂਕਿ ਕੌਮੀ ਆਫ਼ਤ ਐਕਟ ਲੱਗਿਆ ਹੋਇਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਜਦੋਂ ਤੱਕ ਜਿਮ ਨਹੀਂ ਖੁੱਲ੍ਹਦੇ, ਉਹ ਖੁੱਲ੍ਹੇ ਵਿਚ ਕਸਰਤ ਕਰਨ, ਇਹੋ ਉਨ੍ਹਾਂ ਲਈ ਸੁਰੱਖਿਅਤ ਹੈ।