ਚੰਡੀਗੜ੍ਹ : ਬਜਟ ਇਜਲਾਸ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮਸਲਾ ਵੀ ਗੂੰਜਿਆ। ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਬਹਿਸ ਦੌਰਾਨ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪੰਜ ਸਾਲ ਕਾਰਜਕਾਲ ਪੂਰਾ ਹੋ ਚੁੱਕਾ ਹੈ ਅਤੇ ਸ਼੍ਰੋਮਣੀ ਕਮੇਟੀ ਵਿਚ ਮਨਮਾਨੀਆਂ ਹੋ ਰਹੀਆਂ ਹਨ। ਗਿੱਲ ਨੇ ਹਾਊਸ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਾਉਣ ਲਈ ਮਤਾ ਪਾਸ ਕੀਤਾ ਜਾਵੇ। ਉਨ੍ਹਾਂ ਸ਼੍ਰੋਮਣੀ ਕਮੇਟੀ ‘ਚ ਸਿਖਰਲੇ ਪੱਧਰ ‘ਤੇ ਹੋਈ ਭਰਤੀ ਦਾ ਮਾਮਲਾ ਵੀ ਉਠਾਇਆ। ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਆਪਸ ਵਿਚ ਰਲੇ ਹੋਏ ਹਨ ਜਿਸ ਕਰਕੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਤਾਂ ਕਮਿਸ਼ਨਰ ਲਗਾ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਹਾਲੇ ਤੱਕ ਕਮਿਸ਼ਨਰ ਨੂੰ ਕੋਈ ਜਗ੍ਹਾ ਅਤੇ ਸਟਾਫ ਨਹੀਂ ਦਿੱਤਾ। ‘ਆਪ’ ਵਿਧਾਇਕ ਕੁਲਤਾਰ ਸੰਧਵਾਂ ਨੇ ਆਖਿਆ ਕਿ ਇਸ ਮਾਮਲੇ ‘ਤੇ ਨੂਰਾ ਕੁਸ਼ਤੀ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕਮਿਸ਼ਨਰ (ਗੁਰਦੁਆਰਾ ਚੋਣਾਂ) ਨੂੰ ਦਫਤਰ ਤੇ ਸਟਾਫ ਨਹੀਂ ਦਿੱਤਾ ਗਿਆ।
ਬਜਟ 8 ਮਾਰਚ ਨੂੰ ਹੋਵੇਗਾ ਪੇਸ਼
ਪੰਜਾਬ ਵਿਧਾਨ ਸਭਾ ਵਿਚ ਹੁਣ ਬਜਟ 5 ਮਾਰਚ ਦੀ ਬਜਾਏ 8 ਮਾਰਚ ਨੂੰ ਪੇਸ਼ ਹੋਵੇਗਾ। ਇਸ ਸਬੰਧੀ ਜਾਣਕਾਰੀ ਵਿਧਾਨ ਸਭਾ ਵਿਚ ਦਿੱਤੀ ਗਈ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ ਹੁੰਦਾ ਰਿਹਾ। ਅਕਾਲੀ ਦਲ ਤੇ ਕਾਂਗਰਸ ਦੇ ਵਿਧਾਇਕਾਂ ਨੇ ਸਦਨ ‘ਚ ਭਾਜਪਾ ਵਿਧਾਇਕ ਅਰੁਣ ਨਾਰੰਗ ਨੂੰ ਬੋਲਣ ਨਹੀਂ ਦਿੱਤਾ। ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅਰੁਣ ਨਾਰੰਗ ਦੇ ਬੋਲਣ ‘ਤੇ ਕਿਹਾ ਕਿ ਪਹਿਲਾਂ ਉਹ ਕਿਸਾਨੀ ਮੁੱਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ।
‘ਆਪ’ ਅਤੇ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਵਧੀਆਂ ਤੇਲ ਕੀਮਤਾਂ ਖਿਲਾਫ ਵਿਧਾਨ ਸਭਾ ‘ਚ ਹੰਗਾਮਾ
ਅਕਾਲੀ ਵਿਧਾਇਕ ਬੈਲ ਗੱਡਿਆਂ ‘ਤੇ ਬੈਠ ਕੇ ਪਹੁੰਚੇ ਵਿਧਾਨ ਸਭਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ ਵੀਰਵਾਰ ਨੂੰ ਚੌਥਾ ਦਿਨ ਵੀ ਹੰਗਾਮਿਆਂ ਭਰਪੂਰ ਰਿਹਾ। ਦੇਸ਼ ਵਿਚ ਵਧੀਆਂ ਪੈਟਰਲ ਤੇ ਡੀਜ਼ਲ ਦੀਆਂ ਕੀਮਤਾਂ ਅਤੇ ਪੰਜਾਬ ਸਰਕਾਰ ਵਲੋਂ ਪੈਟਰੋਲ ਡੀਜ਼ਲ ‘ਤੇ ਸਭ ਤੋਂ ਵੱਧ ਟੈਕਸ ਵਸੂਲਣ ਦੇ ਮਾਮਲੇ ‘ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੈਪਟਨ ਸਰਕਾਰ ਨੂੰ ਘੇਰਿਆ। ਇਸ ਤੋਂ ਪਹਿਲਾਂ ਅਕਾਲੀ ਵਿਧਾਇਕ ਬਿਕਰਮ ਮਜੀਠੀਆ, ਸ਼ਰਨਜੀਤ ਢਿੱਲੋਂ ਸਣੇ ਹੋਰ ਵਿਧਾਇਕ ਬੈਲ ਗੱਡਿਆਂ ‘ਤੇ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ। ਅਕਾਲੀ ਵਿਧਾਇਕਾਂ ਨੇ ਮੰਗ ਕੀਤੀ ਕਿ ਸੂਬਾ ਅਤੇ ਕੇਂਦਰ ਦੋਨੋ ਸਰਕਾਰਾਂ ਪੈਟਰੋਲ ਡੀਜ਼ਲ ‘ਤੇ ਟੈਕਸ ਘਟਾ ਕੇ ਆਮ ਲੋਕਾਂ ਨੂੰ ਕੁਝ ਰਾਹਤ ਦੇਣ। ਵਿਧਾਇਕਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮਹਿੰਗਾਈ ਵਧ ਰਹੀ ਹੈ ਜਨਤਾ ਨੂੰ ਮੁੜ ਕੇ ਸਾਈਕਲ ਦੀ ਸਵਾਰੀ ਕਰਨੀ ਪਵੇਗੀ। ਇਸੇ ਦੌਰਾਨ ‘ਆਪ’ ਦੇ ਵਿਧਾਇਕਾਂ ਨੇ ਵੀ ਮਹਿੰਗਾਈ ਨੂੰ ਲੈ ਕੇ ਸਦਨ ਵਿਚੋਂ ਵਾਕ ਆਊਟ ਕੀਤਾ।