Breaking News
Home / ਪੰਜਾਬ / ਸਰਕਾਰਾਂ ਜਨਤਾ ਦੀ ਤਾਕਤ ਅੱਗੇ ਨਹੀਂ ਟਿਕ ਸਕਦੀਆਂ : ਨੌਦੀਪ ਕੌਰ

ਸਰਕਾਰਾਂ ਜਨਤਾ ਦੀ ਤਾਕਤ ਅੱਗੇ ਨਹੀਂ ਟਿਕ ਸਕਦੀਆਂ : ਨੌਦੀਪ ਕੌਰ

ਨੌਦੀਪ ਨੇ ਦੇਸ਼ ਅਤੇ ਵਿਦੇਸ਼ਾਂ ਵਿਚੋਂ ਮਿਲੇ ਸਹਿਯੋਗ ਲਈ ਕੀਤਾ ਧੰਨਵਾਦ
ਨਵੀਂ ਦਿੱਲੀ : ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚੋਂ ਜ਼ਮਾਨਤ ਮਿਲਣ ਮਗਰੋਂ ਕਰਨਾਲ ਜੇਲ੍ਹ ਤੋਂ ਬਾਹਰ ਆਈ ਮਜ਼ਦੂਰ ਕਾਰਕੁਨ ਨੌਦੀਪ ਕੌਰ ਨੇ ਕਿਹਾ ਕਿ ਲੋਕਾਂ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ ਤੇ ਸਰਕਾਰਾਂ, ਮੰਤਰੀ ਜਾਂ ਪੈਸਾ ਜਨਤਾ ਦੇ ਰੋਹ ਅੱਗੇ ਨਹੀਂ ਟਿਕ ਸਕਦੇ। ਨੌਦੀਪ ਕੌਰ ਨੇ ਕਿਹਾ ਕਿ ਉਹ ਜਨਤਾ ਵੱਲੋਂ ਆਵਾਜ਼ ਬੁਲੰਦ ਕਰਨ ਕਰਕੇ ਹੀ ਬਾਹਰ ਆ ਸਕੀ ਹੈ ਤੇ ਹੁਣ ਉਹ ਮਜ਼ਦੂਰਾਂ ਤੇ ਦੱਬੇ-ਕੁਚਲੇ ਲੋਕਾਂ ਲਈ ਆਖ਼ਰੀ ਦਮ ਤਕ ਕੰਮ ਕਰੇਗੀ। ਉਸਨੇ ਗੁਰਦੁਆਰਾ ਰਕਾਬਗੰਜ ਸਾਹਿਬ (ਨਵੀਂ ਦਿੱਲੀ) ਵਿਖੇ ਮੱਥਾ ਟੇਕਿਆ, ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸਦਾ ਸਨਮਾਨ ਕੀਤਾ ਗਿਆ। ਉਸਨੇ ਆਪਣੀ ਨਜ਼ਰਬੰਦੀ ਦੌਰਾਨ ਦੇਸ਼-ਵਿਦੇਸ਼ ਤੋਂ ਮਿਲੇ ਭਰਪੂਰ ਸਮਰਥਨ ਨੂੰ ਇਸ ਰਿਹਾਈ ਦਾ ਮੁੱਖ ਕਾਰਨ ਕਰਾਰ ਦਿੱਤਾ। ਉਸ ਨੇ ਕਿਹਾ ਕਿ ਮਜ਼ਦੂਰਾਂ, ਮਹਿਲਾਵਾਂ, ਕਿਸਾਨਾਂ ਤੇ ਦਲਿਤਾਂ ‘ਤੇ ਅੱਤਿਆਚਾਰ ਹੁੰਦੇ ਹਨ। ਇਨ੍ਹਾਂ ਵਰਗਾਂ ਤੋਂ ਕੰਮ ਲਿਆ ਜਾਂਦਾ ਹੈ ਪਰ ਸਹੂਲਤਾਂ ਦੇਣ ਸਮੇਂ ਇਨ੍ਹਾਂ ਨੂੰ ਅਣਗੌਲਿਆ ਜਾਂਦਾ ਹੈ। ਮੀਡੀਆ ਨਾਲ ਗੱਲ ਕਰਦਿਆਂ ਨੌਦੀਪ ਨੇ ਦੋਸ਼ ਲਾਇਆ ਕਿ ਸ਼ਿਵ ਕੁਮਾਰ ਤੇ ਉਸ ਨੂੰ ਸੋਨੀਪਤ ਪੁਲਿਸ ਨੇ ਬਹੁਤ ਕੁੱਟਿਆ। ਨੌਦੀਪ ਮੁਤਾਬਕ ਜੇਲ੍ਹਾਂ ਵਿੱਚ ਕਈ ਔਰਤਾਂ ਦੀ ਹਾਲਤ ਬਦਤਰ ਹੈ ਤੇ ਉਸ ਉੱਪਰ ਵੀ ਪੁਲਿਸ ਨੇ ਬਹੁਤ ਤਸ਼ੱਦਦ ਢਾਹੇ। ਉਸ ਨੇ ਕਿਹਾ ਕਿ ਪੁਲਿਸ ਵੱਲੋਂ ਜਾਰੀ ਵੀਡੀਓ ਨਾਲ ਕਥਿਤ ਛੇੜ-ਛਾੜ ਕੀਤੀ ਗਈ, ਜਿਸ ਬਾਰੇ ਉਹ ਬਾਅਦ ਵਿੱਚ ਸਾਰੀ ਜਾਣਕਾਰੀ ਦੇਵੇਗੀ। ਉਸ ਖ਼ਿਲਾਫ਼ ਦਰਜ ਪਹਿਲੇ ਮਾਮਲੇ ਦਾ ਪਤਾ ਵੀ ਬਾਅਦ ਵਿੱਚ ਹੀ ਲੱਗਾ ਸੀ। ਉਸ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਬਚਪਨ ਤੋਂ ਹੀ ਸੰਘਰਸ਼ਾਂ ਦਾ ਹਿੱਸਾ ਬਣਦੀ ਆਈ ਹੈ ਤੇ ਹਾਸ਼ੀਆਗਤ ਲੋਕਾਂ ਦੀ ਹਾਲਤ ਉਸ ਨੇ ਮਹਿਸੂਸ ਕੀਤੀ ਹੈ। ਉਸ ਨੇ ਦੱਸਿਆ ਕਿ 14 ਦਿਨ ਬਾਅਦ ਉਸ ਦਾ ਮੈਡੀਕਲ ਹੋਇਆ ਪਰ ਉਦੋਂ ਤੱਕ ਤਸ਼ੱਦਦ ਕਾਰਨ ਲੱਗੀਆਂ ਕਈ ਸੱਟਾਂ ਠੀਕ ਹੋ ਚੁੱਕੀਆਂ ਸਨ। ਮੈਡੀਕਲ ਨਾ ਕਰਵਾਉਣ ਬਾਰੇ ਪੁਲਿਸ ਦੀ ਥਿਊਰੀ ਨੂੰ ਉਸ ਨੇ ਗ਼ਲਤ ਕਰਾਰ ਦਿੱਤਾ। ਉਸ ਨੇ ਕਿਹਾ ਕਿ ਕੁੰਡਲੀ ਦੀ ਮਜ਼ਦੂਰ ਸੰਸਥਾ 3 ਸਾਲ ਪਹਿਲਾਂ ਬਣੀ ਸੀ ਤੇ ਉਹ ਕੁਝ ਮਹੀਨੇ ਪਹਿਲਾਂ ਹੀ ਉਸ ਨਾਲ ਜੁੜੀ ਸੀ। ਉਹ ਸਿੰਘੂ, ਗਾਜ਼ੀਪੁਰ ਤੇ ਹੋਰ ਹੱਦਾਂ ‘ਤੇ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰੇਗੀ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …