-13.5 C
Toronto
Monday, March 2, 2026
spot_img
Homeਪੰਜਾਬਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਘੜਨ ਲੱਗੀ ਮੋਦੀ ਸਰਕਾਰ

ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਘੜਨ ਲੱਗੀ ਮੋਦੀ ਸਰਕਾਰ

ਸਰਕਾਰ ਨੇ ‘ਅਪਰੇਸ਼ਨ ਕਲੀਨ’ ਦੇ ਨਾਮ ‘ਤੇ ਕਿਸਾਨ ਮੋਰਚਿਆਂ ਦਾ ਸਫਾਇਆ ਕਰਨ ਦੀ ਬਣਾਈ ਯੋਜਨਾ
ਕਿਸਾਨ ‘ਅਪਰੇਸ਼ਨ ਸ਼ਕਤੀ’ ਰਾਹੀਂ ਡਟ ਕੇ ਕਰਨਗੇ ਵਿਰੋਧ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਿਸਾਨ ਜਥੇਬੰਦੀਆਂ ਨੇ ‘ਅਪਰੇਸ਼ਨ ਕਲੀਨ’ ਦਾ ਮੁਕਾਬਲਾ ‘ਅਪਰੇਸ਼ਨ ਸ਼ਕਤੀ’ ਨਾਲ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ‘ਵਿਰੋਧ ਹਫ਼ਤਾ’ ਮਨਾ ਕੇ ਸਾਰੇ ਮੋਰਚਿਆਂ ‘ਤੇ ਕਰੋਨਾ ਨਾਲ ਲੜਨ ਦਾ ਸਖ਼ਤ ਪ੍ਰਬੰਧ ਕਰਨਗੇ। ਇਸ ਦੇ ਨਾਲ ਕਿਸਾਨਾਂ ਨੂੰ ਅਗਲੇ ਹਫ਼ਤੇ ਤੋਂ ਆਪਣੇ ਮੋਰਚਿਆਂ ‘ਤੇ ਵਾਪਸ ਸੱਦਣ ਦੀ ਯੋਜਨਾ ਬਣਾਈ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਦੇ ਫੈਸਲਿਆਂ ਦਾ ਸਿੰਘੂ ਬਾਰਡਰ ‘ਤੇ ਐਲਾਨ ਕੀਤਾ ਗਿਆ। ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਸਰਕਾਰ ਕਰੋਨਾ ਦੀ ਲਾਗ ਦੇ ਬਹਾਨੇ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀ ਸਾਜਿਸ਼ ਘੜ ਰਹੀ ਹੈ। ਉਨ੍ਹਾਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਖ਼ਤਮ ਹੁੰਦੇ ਸਾਰ ਹੀ ਹਰਿਆਣਾ ਅਤੇ ਕੇਂਦਰ ਸਰਕਾਰ ਨੇ ‘ਅਪਰੇਸ਼ਨ ਕਲੀਨ’ ਦੇ ਨਾਮ ‘ਤੇ ਕਿਸਾਨ ਮੋਰਚਿਆਂ ਦਾ ਸਫਾਇਆ ਕਰਨ ਦੀ ਯੋਜਨਾ ਬਣਾਈ ਹੈ। ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੀ ਕੋਈ ਕਾਰਵਾਈ ਹੁੰਦੀ ਹੈ ਤਾਂ ਕਿਸਾਨ ‘ਅਪਰੇਸ਼ਨ ਸ਼ਕਤੀ’ ਰਾਹੀਂ ਇਸ ਦਾ ਡਟ ਕੇ ਵਿਰੋਧ ਕਰਨਗੇ। ਯਾਦਵ ਨੇ ਕਿਹਾ ਕਿ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਕਿਸਾਨਾਂ ਨੇ ਦੋਹਰੀ ਰਣਨੀਤੀ ਬਣਾਈ ਹੈ। ਸਾਰੇ ਕਿਸਾਨਾਂ ਨੂੰ ਵਾਢੀ ਦਾ ਕੰਮ ਮੁਕੰਮਲ ਹੁੰਦੇ ਸਾਰ ਮੋਰਚਿਆਂ ਵੱਲ ਪਰਤਣ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਪਹਿਲਾਂ ਹੀ ਆਪਣੇ ਮੈਂਬਰਾਂ ਨੂੰ ਟਿਕਰੀ ਬਾਰਡਰ ‘ਤੇ ਪਹੁੰਚਣ ਲਈ ਕਿਹਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਹੋਰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ 24 ਅਪਰੈਲ ਤੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ‘ਫਿਰ ਦਿੱਲੀ ਚਲੋ’ ਦਾ ਸੱਦਾ ਦੇ ਕੇ ਆਪਣੇ ਮੋਰਚਿਆਂ ਤਕ ਪਹੁੰਚਣ ਦਾ ਪ੍ਰੋਗਰਾਮ ਬਣਾਉਣ। ਜ਼ਿਕਰਯੋਗ ਹੈ ਕਿ 24 ਅਪਰੈਲ ਨੂੰ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਅੰਦੋਲਨ ਨੂੰ 150 ਦਿਨ ਪੂਰੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਮੋਰਚਿਆਂ ‘ਤੇ ਕਰੋਨਾ ਦਾ ਮੁਕਾਬਲਾ ਕਰਨ ਲਈ ਸਖ਼ਤ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਵੰਬਰ ਵਿੱਚ ਮੋਰਚੇ ਲੱਗਣ ਸਮੇਂ ਵੀ ਦਿੱਲੀ ‘ਚ ਕਰੋਨਾ ਫੈਲਿਆ ਹੋਇਆ ਸੀ ਪਰ ਪਿਛਲੇ 5 ਮਹੀਨਿਆਂ ਵਿੱਚ ਕਿਸਾਨਾਂ ਦੇ ਮੋਰਚੇ ਵਿੱਚ ਕਰੋਨਾ ਦੇ ਫੈਲਣ ਦੀ ਕਦੇ ਕੋਈ ਸਮੱਸਿਆ ਨਹੀਂ ਆਈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕਿਸਾਨੀ ਅੰਦੋਲਨ ਵੱਲ ਕਰੋਨਾ ਲਈ ਉਂਗਲ ਉਠਾਉਣ ਦਾ ਕੋਈ ਆਧਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਖ਼ੁਦ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਨ ਦਾ ਦਾਅਵਾ ਕਰ ਰਹੇ ਹਨ ਅਤੇ ਸਰਕਾਰ ਨੂੰ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿ ਉਹ ਮਹਾਮਾਰੀ ਤੋਂ ਬਚਣ ਲਈ ਕਿਸਾਨਾਂ ਨੂੰ ਸਲਾਹ ਦੇਵੇ।
ਕਰੋਨਾ ਤੋਂ ਬਚਾਅ ਦੇ ਪ੍ਰਬੰਧ ਕੀਤੇ ਜਾਣਗੇ : ਡਾ. ਦਰਸ਼ਨਪਾਲ
ਡਾ. ਦਰਸ਼ਨਪਾਲ ਨੇ ਕਿਹਾ ਕਿ ਸਾਰੇ ਮੋਰਚਿਆਂ ‘ਤੇ ਟਰਾਲੀਆਂ ਜਾਂ ਟੈਂਟਾਂ ਨੂੰ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਰੱਖਣ ਬਾਰੇ ਸੂਚਿਤ ਕੀਤਾ ਜਾਵੇਗਾ। ਕਿਸਾਨਾਂ ਨੂੰ ਮਾਸਕ ਦੇਣ ਤੋਂ ਇਲਾਵਾ ਟੀਕਾਕਰਨ ਕੈਂਪ ਵੀ ਲਗਾਏ ਜਾਣਗੇ। ਰੋਜ਼ਾਨਾ ਮੀਟਿੰਗਾਂ ਵਿਚ ਭੀੜ ਹੋਣ ਕਰਕੇ ਲਾਗ ਫੈਲਣ ਤੋਂ ਰੋਕਣ ਲਈ ਪ੍ਰਬੰਧ ਕੀਤੇ ਜਾਣਗੇ, ਮੈਡੀਕਲ ਕੈਂਪਾਂ ਵਿਚ ਥਰਮਾਮੀਟਰਾਂ, ਮਾਸਕਾਂ ਤੇ ਆਕਸੀਮੀਟਰਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੱਛਣ ਦਿਖਾਈ ਦੇਣ ਵਾਲੇ ਵਿਅਕਤੀਆਂ ਦੇ ਇਲਾਜ ਦਾ ਤੁਰੰਤ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਦੀ ਰੋਕਥਾਮ ਅਤੇ ਇਲਾਜ ਵਿਚ ਸਥਾਨਕ ਪ੍ਰਸ਼ਾਸਨ ਦਾ ਕਿਸਾਨਾਂ ਵੱਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ।
‘ਮੋਦੀ ਸਰਕਾਰ ਮੰਡੀ ਪ੍ਰਣਾਲੀ ਨੂੰ ਕਰਨ ਲੱਗੀ ਕਮਜ਼ੋਰ’
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਵੱਲੋਂ ਆਰੋਪ ਲਾਇਆ ਗਿਆ ਕਿ ਜਦੋਂ ਤੋਂ ਕਣਕ ਦੀ ਖਰੀਦ ਸ਼ੁਰੂ ਹੋਈ ਹੈ ਕੇਂਦਰ ਸਰਕਾਰ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰਨ ਲਈ ਨਿਰੰਤਰ ਕੋਸ਼ਿਸ਼ ਕਰ ਰਹੀ ਹੈ। ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਬਾਰਦਾਨੇ ਦੀ ਮਾਰਕੀਟ ਵਿੱਚ ਸਮੇਂ ਸਿਰ ਪਹੁੰਚ ਨਹੀਂ ਹੋ ਰਹੀ, ਜਿਸ ਕਾਰਨ ਕਿਸਾਨ ਨੂੰ ਕਈ ਦਿਨਾਂ ਤੱਕ ਮੰਡੀ ਵਿੱਚ ਬੈਠਣਾ ਪੈ ਰਿਹਾ ਹੈ ਤੇ ਪਰਾਈਵੇਟ ਵਪਾਰੀਆਂ ਨੂੰ ਫਸਲ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਖੁਦ ਮੰਡੀ ਪ੍ਰਣਾਲੀ ਨੂੰ ਕਮਜ਼ੋਰ ਕਰ ਰਹੀ ਹੈ ਤੇ ਫਿਰ ਮੰਡੀਕਰਨ ਵਿਗੜਨ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਖਤਮ ਕਰਨ ਦੇ ਦਾਅਵੇ ਕਰਦੀ ਹੈ। ਜ਼ਬਰਦਸਤੀ ਸਿੱਧੀ ਅਦਾਇਗੀ ਕਰਨਾ ਅਤੇ ਜ਼ਮੀਨੀ ਰਿਕਾਰਡਾਂ ਦੀ ਮੰਗ ਕਰਨਾ ਵੀ ਇਸ ਦਿਸ਼ਾ ਵਿਚ ਇਕ ਕਦਮ ਹੈ, ਜਿਸ ਦਾ ਕਿਸਾਨ ਸਖ਼ਤ ਵਿਰੋਧ ਕਰਨਗੇ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਕਿਸਾਨ ਮੋਰਚਿਆਂ ‘ਤੇ ਧੰਨਾ ਭਗਤ ਦਾ ਜਨਮ ਦਿਹਾੜਾ ਮਨਾਇਆ ਗਿਆ। ਧੰਨਾ ਭਗਤ ਜੀ ਦੇ ਪਿੰਡ ਤੋਂ ਕਿਸਾਨ-ਅੰਦੋਲਨ ਦੇ ਸਮਰਥਕ ਮਿੱਟੀ ਲੈ ਕੇ ਪਹੁੰਚੇ ਤੇ ਉਨ੍ਹਾਂ ਦੀ ਯਾਦ ਵਿੱਚ ਵੱਖ-ਵੱਖ ਥਾਵਾਂ ‘ਤੇ ਪ੍ਰੋਗਰਾਮ ਕੀਤੇ ਗਏ। ਉਨ੍ਹਾਂ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਮਜ਼ਦੂਰਾਂ ਨੇ ਵਾਪਸ ਦਿੱਲੀ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਵੱਡੀ ਗਿਣਤੀ ਕਿਸਾਨ ਟਿਕਰੀ ਬਾਰਡਰ ‘ਤੇ ਪਹੁੰਚ ਗਏ ਹਨ। ਜਿਨ੍ਹਾਂ ਕਿਸਾਨਾਂ ਨੇ ਫਸਲ ਦੀ ਵਾਢੀ ਕਰ ਲਈ ਹੈ ਅਤੇ ਵੇਚ ਚੁੱਕੇ ਹਨ, ਉਹ ਸਿੰਘੂ ਮੋਰਚੇ ‘ਤੇ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨ ਆਗੂਆਂ ਨੇ ਪਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਾਨ ਨੂੰ ਖਤਰੇ ਵਿਚ ਨਾ ਪਾਉਣ ਅਤੇ ਜਦੋਂ ਤੱਕ ਕਿਸਾਨ ਧਰਨੇ ‘ਤੇ ਚੱਲ ਰਹੇ ਹਨ, ਪਰਵਾਸੀ ਮਜ਼ਦੂਰ ਵੀ ਇਥੇ ਸ਼ਾਮਲ ਹੋ ਸਕਦੇ ਹਨ। ਕਿਸਾਨ ਅਤੇ ਹੋਰ ਸਮਾਜ ਭਲਾਈ ਸੰਸਥਾਵਾਂ ਇੱਥੇ ਸਾਰੇ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ ਤੇ ਖਾਣ ਪੀਣ ਦਾ ਪ੍ਰਬੰਧ ਕਰ ਰਹੀਆਂ ਹਨ।

 

RELATED ARTICLES
POPULAR POSTS