3 ਲੱਖ ਤੋਂ ਵੱਧ ਕਰਮਚਾਰੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ’ਤੇ ਅੜੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁਲਾਜ਼ਮ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਕੀਤਾ ਗਿਆ ਐਲਾਨ ਹੁਣ ਪੰਜਾਬ ਸਰਕਾਰ ਲਈ ਇਕ ਚੁਣੌਤੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਓਪੀਐਸ ਅਤੇ ਐਨਪੀਐਸ ਸਕੀਮ ਪੰਜਾਬ ਦੇ ਮੁਲਾਜ਼ਮਾਂ ’ਤੇ ਲਾਗੂ ਹੋਵੇਗੀ ਜਾਂ ਨਹੀਂ ਇਸ ਉਤੇ ਹਾਲੇ ਸਸਪੈਂਸ ਬਣਿਆ ਹੋਇਆ ਹੈ। ਜਦਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਸਕੀਮ ਨੂੰ ਲਾਗੂ ਕਰਨ ਦੇ ਐਲਾਨ ਕਰਨ ਸਮੇਤ ਨੋਟੀਫਿਕੇਸ਼ਨ ਵੀ ਜਾਰੀ ਕਰ ਚੁੱਕੀ ਹੈ। ਪ੍ਰੰਤੂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਇਸ ਸਕੀਮ ਨੂੰ ਲਾਗੂ ਕਰਨ ਲਈ ਕੋਈ ਅਗਲਾ ਕਦਮ ਨਹੀਂ ਚੁੱਕਿਆ ਗਿਆ। ਉਧਰ ਪੰਜਾਬ ਦੇ ਕਰਮਚਾਰੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਵੀ ਸੂਬੇ ਦੀ ਮਾਨ ਸਰਕਾਰ ਵੱਲੋਂ ਕਈ ਹੋਰ ਐਲਾਨ ਵੀ ਕੀਤੇ ਗਏ ਹਨ ਪ੍ਰੰਤੂ ਕਿਹੜੀ ਯੋਜਨਾ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕੀਤਾ ਜਾਵੇਗਾ ਇਸ ’ਤੇ ਸਸਪੈਂਸ ਬਣਿਆ ਹੋਇਆ ਹੈ। ਪੰਜਾਬ ਸਰਕਾਰ ਨੇ ਗੁਜਰਾਤ ਅਤੇ ਹਿਮਾਚਲ ਚੋਣਾਂ ਲਈ ਪੰਜਾਬ ਸਰਕਾਰ ਦੇ ਹੈਲੀਕਾਪਟਰ ਸਮੇਤ ਹਰ ਸਾਧਨ ਦੀ ਵਰਤੋਂ ਕੀਤੀ। ਇਥੋਂ ਤੱਕ ਕਿ ਇਨ੍ਹਾਂ ਦੋਵੇਂ ਸੂਬਿਆਂ ’ਚ ਚੋਣ ਪ੍ਰਚਾਰ ਲਈ ਪੰਜਾਬ ਦੇ ਕਰੋੜਾਂ ਰੁਪਏ ਵੀ ਖਰਚ ਕੀਤੇ ਗਏ। ਜਿਸ ਦੇ ਚਲਦਿਆਂ ਪੰਜਾਬ ਕਾਂਗਰਸ, ਸ਼ੋ੍ਰਮਣੀ ਅਕਾਲੀ ਅਤੇ ਪੰਜਾਬ ਭਾਜਪਾ ਵੱਲੋਂ ਇਸ ਸਬੰਧੀ ਭਗਵੰਤ ਮਾਨ ਸਰਕਾਰ ’ਤੇ ਸਵਾਲ ਵੀ ਚੁੱਕੇ ਗਏ। ਪੰਜਾਬ ਕਾਂਗਰਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਖਜ਼ਾਨੇ ’ਚੋਂ ਕਈ ਹਜ਼ਾਰ ਕਰੋੜ ਰੁਪਏ ਗੁਜਰਾਤ ਚੋਣ ਪ੍ਰਚਾਰ ’ਤੇ ਖਰਚ ਕਰ ਦਿੱਤੇ ਜਦਕਿ ਪੰਜਾਬ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …