ਢਿੱਗਾਂ ਡਿੱਗਣ ਅਤੇ ਹੜ੍ਹਾਂ ਕਰਕੇ 280 ਤੋਂ ਵੱਧ ਸੜਕਾਂ ਹੋਈਆਂ ਬੰਦ
ਸ਼ਿਮਲਾ/ਬਿਊਰੋ ਨਿਊਜ਼ : ਪਿਛਲੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਹਿਮਾਚਲ ਪ੍ਰਦੇਸ਼ ਵਿਚ 280 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਊਨਾ ਵਿਚ ਨਦੀਆਂ ਨਾਲਿਆਂ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਗਿਆ ਜਦੋਂਕਿ ਲਾਹੌਲ ਤੇ ਸਪਿਤੀ ਪੁਲੀਸ ਨੇ ਸਥਾਨਕ ਲੋਕਾਂ ਤੇ ਯਾਤਰੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਜਾਹਲਮਾਨ ਨਾਲਾ ਪਾਰ ਨਾ ਕਰਨ ਲਈ ਕਿਹਾ ਹੈ ਕਿਉਂਕਿ ਇਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਉਧਰ ਕੁੱਲੂ, ਮੰਡੀ ਤੇ ਸ਼ਿਮਲਾ ਵਿਚ 31 ਜੁਲਾਈ ਮਗਰੋਂ ਆਏ ਹੜ੍ਹਾਂ ਵਿਚ ਲਾਪਤਾ 30 ਦੇ ਕਰੀਬ ਲੋਕਾਂ ਨੂੰ ਲੱਭਣ ਦਾ ਕੰਮ ਜਾਰੀ ਹੈ, ਪਰ ਅਜੇ ਤੱਕ ਕੋਈ ਵੱਡੀ ਸਫ਼ਲਤਾ ਨਹੀਂ ਮਿਲੀ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 28 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ 27 ਜੂਨ ਤੋਂ 9 ਅਗਸਤ ਦਰਮਿਆਨ ਸੂਬੇ ਨੂੰ 842 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ 288 ਸੜਕਾਂ ਵਿਚੋਂ 138 ਸ਼ੁੱਕਰਵਾਰ ਤੇ 150 ਸ਼ਨਿੱਚਰਵਾਰ ਨੂੰ ਬੰਦ ਹੋ ਗਈਆਂ ਸਨ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅੰਕੜਿਆਂ ਅਨੁਸਾਰ ਮੰਡੀ ਵਿੱਚ 96, ਸਮਿਲਾ ਵਿੱਚ 76, ਕੁੱਲੂ ਵਿੱਚ 37, ਸਿਰਮੌਰ ਵਿੱਚ 33, ਚੰਬਾ ’ਚ 26, ਲਾਹੌਲ ਅਤੇ ਸਪਿਤੀ ’ਚ ਸੱਤ, ਹਮੀਰਪੁਰ ਵਿੱਚ ਪੰਜ ਅਤੇ ਕਾਂਗੜਾ ਅਤੇ ਕਿਨੌਰ ਵਿੱਚ ਚਾਰ-ਚਾਰ ਸੜਕਾਂ ਬੰਦ ਕੀਤੀਆਂ ਗਈਆਂ ਹਨ। ਪੂਹ ਅਤੇ ਕੌਰਿਕ ਵਿਚਕਾਰ ਅਚਾਨਕ ਹੜ੍ਹ ਅਤੇ ਨੇਗੁਲਸਾਰੀਨ ਨੇੜੇ ਰਾਸ਼ਟਰੀ ਰਾਜਮਾਰਗ 5 ’ਤੇ ਜ਼ਮੀਨ ਖਿਸਕਣ ਕਾਰਨ ਕਿਨੌਰ ਜ਼ਿਲ੍ਹਾ ਰਾਜਧਾਨੀ ਸ਼ਿਮਲਾ ਤੋਂ ਕੱਟਿਆ ਗਿਆ ਹੈ।। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਵਿੱਚ 458 ਬਿਜਲੀ ਅਤੇ 48 ਜਲ ਸਪਲਾਈ ਸਕੀਮਾਂ ਵੀ ਅਸਰਅੰਦਾਜ਼ ਹੋਈਆਂ ਹਨ।
Check Also
ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ 21 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
‘ਆਪ’ ਵੱਲੋਂ 29 ਉਮੀਦਵਾਰਾਂ ਸਬੰਧੀ ਐਲਾਨ ਕਰਨਾ ਹਾਲੇ ਬਾਕੀ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ …