ਪ੍ਰਤਿਭਾ ਸਿੰਘ ਦੇ ਸਮਰਥਕਾਂ ਨੇ ਪਾਰਟੀ ਅਬਜ਼ਰਵਰ ਦੀ ਗੱਡੀ ਰੋਕ ਕੇ ਕੀਤੀ ਨਾਅਰੇਬਾਜ਼ੀ
ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ’ਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਕਾਂਗਰਸ ਪਾਰਟੀ ਅੰਦਰ ਘਮਸਾਣ ਸ਼ੁਰੂ ਹੋ ਗਿਆ ਹੈ। ਹਿਮਾਚਲ ਕਾਂਗਰਸ ਦੇ ਪ੍ਰਧਾਨ ਪ੍ਰਤਿਭਾ ਸਿੰਘ ਦੇ ਸਮਰਥਕਾਂ ਨੇ ਅੱਜ ਸ਼ੁੱਕਰਵਾਰ ਨੂੰ ਸ਼ਿਮਲਾ ’ਚ ਪਾਰਟੀ ਅਬਜ਼ਰਵਰ ਦੀ ਗੱਡੀ ਰੋਕ ਕੇ ਨਾਅਰੇਬਾਜ਼ੀ ਕੀਤੀ ਅਤੇ ਉਹ ਪ੍ਰਤਿਭਾ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕਰ ਰਹੇ ਸਨ। ਇਸੇ ਦੌਰਾਨ ਕਾਂਗਰਸ ਪਾਰਟੀ ਲਈ ਦੂਜੀ ਪ੍ਰੇਸ਼ਾਨੀ ਸੁਖਵਿੰਦਰ ਸਿੰਘ ਸੁੱਖੂ ਵੀ ਖੜ੍ਹੀ ਕਰ ਸਕਦੇ ਹਨ ਕਿਉਂਕਿ ਸੁੱਖੂ ਪਾਰਟੀ ਵਿਧਾਇਕਾਂ ਦੀ ਮੀਟਿੰਗ ਸ਼ਾਮਲ ਹੋਣ ਲਈ ਸ਼ਿਮਲਾ ਨਹੀਂ ਪਹੁੰਚੇ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ 18 ਵਿਧਾਇਕ ਵੀ ਉਨ੍ਹਾਂ ਦੇ ਨਾਲ ਹਨ ਜਦਕਿ ਸੁਖਵਿੰਦਰ ਸਿੰਘ ਸੁੱਖੂ ਮੁੱਖ ਮੰਤਰੀ ਬਣਨ ਦਾ ਦਾਅਵਾ ਵੀ ਚੁੱਕੇ ਹਨ। ਸੁੱਖੂ ਨੂੰ ਪ੍ਰਤਿਭਾ ਦਾ ਵਿਰੋਧੀ ਵਿਰੋਧੀ ਵੀ ਮੰਨਿਆ ਜਾ ਰਿਹਾ ਹੈ। ਉਧਰ ਉਦੋਂ ਸਭ ਨੂੰ ਹੈਰਾਨੀ ਹੋਈ ਜਦੋ ਹਿਮਾਚਲ ਕਾਂਗਰਸ ਦੇ ਇੰਚਾਰਜ ਰਾਜੀਵ ਸ਼ੁਕਲਾ, ਛੱਤੀਸਗੜ੍ਹ ਦੇ ਮੁੱਖ ਮੰਤਰੀ ਅਤੇ ਅਬਜਰਵਰ ਭੁਪੇਸ਼ ਬਘੇਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਰਾਜਪਾਲ ਕੋਲ ਸਰਕਾਰ ਬਣਾਉ ਦਾ ਦਾਅਵਾ ਪੇਸ਼ ਕਰਨ ਲਈ ਪਹੁੰਚੇ। ਇਸ ਦੌਰਾਨ ਹਿਮਾਚਲ ਕਾਂਗਰਸ ਦਾ ਕੋਈ ਵੀ ਆਗੂ ਜਾਂ ਵਿਧਾਇਕ ਉਨ੍ਹਾਂ ਨਾਲ ਮੌਜੂਦ ਨਹੀਂ ਸੀ। ਧਿਆਨ ਰਹੇ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਲੰਘੇ ਵੀਰਵਾਰ ਨੂੰ ਆ ਚੁੱਕੇ ਹਨ ਜਿਨ੍ਹਾਂ ਵਿਚ ਕਾਂਗਰਸ ਪਾਰਟੀ ਨੇ 40 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕਰ ਲਿਆ ਸੀ।